ਬੀ.ਟੈੱਕ ਇੰਜੀਨੀਅਰਿੰਗ ਕਰਨ ਦੇ ਬਾਵਜੂਦ ਫਾਸਟ-ਫੂਡ ਦੀ ਰੇਹੜੀ ਲਗਾ ਰਿਹੈ ਹਰਿੰਦਰ ਸਿੰਘ
Tuesday, Sep 01, 2020 - 06:07 PM (IST)
ਹੁਸ਼ਿਆਰਪੁਰ (ਅਮਰੀਕ ਕੁਮਾਰ): ਹਰ ਮਾਂ-ਬਾਪ ਦਾ ਸੁਪਨਾ ਹੁੰਦਾ ਹੈ ਕਿ ਉਨ੍ਹਾਂ ਦਾ ਪੁੱਤਰ ਕੋਈ ਵੱਡਾ ਆਦਮੀ ਬਣੇ, ਜਿਸ ਨਾਲ ਉਨ੍ਹਾਂ ਦਾ ਨਾਂ ਰੋਸ਼ਨ ਹੋਵੇ ਪਰ ਹੁਣ ਇਹ ਸੋਚ ਲੱਗਦਾ ਸੁਪਨਿਆਂ 'ਚ ਹੀ ਸਿਮਟ ਕੇ ਰਹਿ ਗਈ ਹੈ। ਮਾਮਲਾ ਹੁਸ਼ਿਆਪੁਰ ਦਾ ਹੈ, ਜਿੱਥੇ ਇਕ ਨੌਜਵਾਨ ਬੀ.ਟੈੱਕ ਇੰਜੀਨੀਅਰ ਦੀ ਸਿੱਖਿਆ ਹਾਸਲ ਕਰ ਹੁਣ ਫਾਸਟ ਫੂਡ ਦੀ ਰੇਹੜੀ ਲਗਾ ਕੇ ਆਪਣਾ ਸਮਾਂ ਬਤੀਤ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਪੰਜਾਬ 'ਚ ਅਜਿਹੇ ਬੇਹੱਦ ਨੌਜਵਾਨ ਹਨ ਜੋ ਅੱਜ ਵੀ ਵੱਡੀਆਂ ਡਿਗਰੀਆਂ ਹਾਸਲ ਕਰਕੇ ਰੇਹੜੀ ਲਗਾਉਣ ਨੂੰ ਮਜ਼ਬੂਰ ਹਨ। ਜਾਂ ਇਹ ਕਹਿ ਸਕਦੇ ਹਾਂ ਕਿ ਕੈਪਟਨ ਦਾ ਹਰ ਘਰ ਦਾ ਨੌਕਰੀ ਦਾ ਵਾਅਦਾ ਹੁਣ ਲਾਰਾ ਨਜ਼ਰ ਆ ਰਿਹਾ ਹੈ।
ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਹਲਕਾ ਸ਼ਾਮ ਚੁਰਾਸੀ ਦੇ ਨੌਜਵਾਨ ਹਰਿੰਦਰ ਸਿੰਘ, ਜਿਸ ਨੇ ਬੀ.ਟੈੱਕ ਇੰਜੀਨੀਅਰ ਇੱਛਾ ਜਤਾਈ ਸੀ ਕਿ ਉਹ ਆਪਣੇ ਵੱਡੇ ਭਵਿੱਖ ਦੇ ਲਈ ਇਕ ਵਧੀਆ ਨੌਕਰੀ ਹਾਸਲ ਕਰ ਆਪਣਾ ਸਮਾਂ ਬਤੀਤ ਕਰੇਗਾ। ਬਾਵਜੂਦ ਇਸ ਦੇ ਭਗਵਾਨ ਨੂੰ ਕੁੱਝ ਹੋਰ ਹੀ ਨਸੀਬ ਸੀ। ਹਰਿੰਦਰ ਮੁਤਾਬਕ ਉਸ ਨੇ ਬੀ.ਟੈੱਕ ਇੰਜੀਨੀਅਰ ਕੀਤੀ ਸੀ, ਜਿਸ ਦੇ ਬਾਅਦ ਬੇਹੱਦ ਅਦਾਰਿਆਂ 'ਚ ਨੌਕਰੀ ਅਪਲਾਈ ਕੀਤੀ ਪਰ ਕਿਤੇ ਨੌਕਰੀ ਹਾਸਲ ਨਾ ਹੋਈ। ਇਸ ਦੇ ਬਾਅਦ ਉਨ੍ਹਾਂ ਨੇ ਪੰਜਾਬ ਛੱਡ ਕੇ ਫਰੀਦਾਬਾਦ ਨੌਕਰੀ ਹਾਸਲ ਕੀਤੀ ਪਰ ਤਜ਼ਰਬਾ ਨਾ ਹੋਣ ਦੇ ਚੱਲਦੇ ਘੱਟ ਪੈਸਿਆਂ 'ਚ ਨੌਕਰੀ ਕਰਨੀ ਪਈ, ਜਿਸ ਨਾਲ ਗੁਜਾਰਾ ਹੋਣਾ ਸੰਭਵ ਨਹੀਂ ਸੀ ਅਤੇ ਮਜ਼ਬੂਰਨ ਨੌਕਰੀ ਛੱਡਣੀ ਪਈ। ਇਸ ਦੇ ਬਾਅਦ ਕੋਰੋਨਾ ਦੀ ਮਾਰ ਨੌਕਰੀ 'ਤੇ ਪਈ ਅਤੇ ਫਰੀਦਾਬਾਦ ਛੱਡਣਾ ਪਿਆ। ਇੱਥੇ ਕੰਮ ਨਾ ਮਿਲਣ ਦੇ ਕਾਰਨ ਆਖਰਕਾਰ ਫਾਸਟਫੂਡ ਦੀ ਰੇਹੜੀ ਲਗਾਉਣਾ ਹੀ ਵਾਜਬ ਲੱਗਾ ਅਤੇ ਕੰਮ ਕਰਨ ਲੱਗਾ , ਜਿਸ ਨਾਲ ਗੁਜਾਰਾ ਵਧੀਆ ਚੱਲ ਰਿਹਾ ਹੈ।
ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰਾਂ ਦੀ ਅਣਦੇਖੀ ਦੇ ਚੱਲਦੇ ਪ੍ਰਦੇਸ਼ ਦੇ ਨੌਜਵਾਨ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ ਇਸ ਵੱਲ ਧਿਆਨ ਦੇਣ ਤਾਂ ਨੌਜਵਾਨ ਵਿਦੇਸ਼ਾਂ ਦੀ ਬਜਾਏ ਇੱਥੇ ਆਪਣੇ ਦੇਸ਼ 'ਚ ਰਹਿ ਕੇ ਕੋਈ ਕੰਮ ਕਰਨ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਜਿੱਥੇ ਨੌਜਵਾਨ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਨੌਕਰੀ ਨਾ ਮਿਲਣ ਦੇ ਕਾਰਨ ਫਾਸਟਫੂਡ ਦੀ ਰੇਹੜੀ ਲਗਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਕਿ ਨੌਜਵਾਨਾਂ ਨੂੰ ਵਧੀਆ ਪੜ੍ਹਿਆ-ਲਿਖਿਆ ਹੋਣ ਦੇ ਬਾਵਜੂਦ ਕਿਸੇ ਨੂੰ ਅਖਬਾਰਾਂ ਵੇਚਣੀਆਂ ਪੈ ਰਹੀਆਂ ਹਨ ਤੇ ਕੋਈ ਸਬਜ਼ੀ ਵੇਚ ਰਿਹਾ ਹੈ।