ਕੈਪਟਨ ਸਰਕਾਰ ਦੀ ਕਿਰਕਿਰੀ ਕਰਾਉਣ ''ਤੇ ਤੁਲਿਆ ਸਿਹਤ ਮਹਿਕਮਾ

05/03/2020 12:52:12 AM

ਚੰਡੀਗੜ੍ਹ (ਬਿਊਰੋ)- ਕੋਰੋਨਾ ਵਾਇਰਸ ਨਾਲ ਲਗਾਤਾਰ ਘਿਰਦਾ ਜਾ ਰਿਹਾ ਪੰਜਾਬ ਦਾ ਸਿਹਤ ਮਹਿਕਮਾ ਕੈਪਟਨ ਸਰਕਾਰ ਦੀ ਕਿਰਕਿਰੀ ਕਰਵਾਉਣ 'ਤੇ ਤੁਲਿਆ ਹੋਇਆ ਹੈ। ਸੂਬੇ ਵਿਚ ਕੋਰੋਨਾ ਨਾਲ ਲੜਣ ਲਈ ਫਰੰਟ ਲਾਈਨ 'ਚ ਲੜ ਰਹੇ ਡਾਕਟਰ, ਪੈਰਾਮੈਡਿਕਲ ਸਟਾਫ ਅਤੇ ਪ੍ਰਸ਼ਾਸਨਿਕ ਅਮਲਾ ਦਿਨ-ਰਾਤ ਡਟਿਆ ਹੋਇਆ ਹੈ, ਪਰ ਇਸ ਵੇਲੇ ਜਿਸ ਸਿਹਤ ਮਹਿਕਮੇ ਨੂੰ ਸਭ ਤੋਂ ਅਲਰਟ ਰਹਿਣ ਦੀ ਲੋੜ ਹੈ, ਉਸ ਦੇ ਅਧਿਕਾਰੀ ਗੂੜੀ ਨੀਂਦਰੇ ਸੁੱਤੇ ਹੋਏ ਹਨ।

ਸਿਹਤ ਮਹਿਕਮੇ ਦੀ ਲੱਚਰ ਕਾਰਜਪ੍ਰਣਾਲੀ ਦਾ ਆਲਮ ਇਹ ਹੈ ਕਿ ਇਸ ਦੇ ਅਧਿਕਾਰੀ ਸ਼ਾਮ 6 ਵਜੇ ਟੀ.ਵੀ. 'ਤੇ ਬੁਲੇਟਿਨ ਅਤੇ ਇਕ ਪ੍ਰੈਸ ਨੋਟ ਜਾਰੀ ਕਰਕੇ ਦਿਨ ਵਿਚ ਸਾਹਮਣੇ ਆਏ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਜਾਰੀ ਕਰਕੇ ਲੰਮੀਆਂ ਤਾਣ ਕੇ ਸੌਂ ਜਾਂਦੇ ਹਨ, ਜਦੋਂ ਕਿ ਕੋਰੋਨਾ ਸ਼ੱਕੀਆਂ ਦੇ ਟੈਸਟ ਦੀ ਦੇਰ ਰਾਤ ਤੱਕ ਜਾਰੀ ਰਿਪੋਰਟ ਵਿਚ ਜੇਕਰ ਕੋਈ ਪਾਜ਼ੇਟਿਵ ਮਾਮਲਾ ਆਉਂਦਾ ਹੈ ਤਾਂ ਸਿਹਤ ਮਹਿਕਮਾ ਇਸ ਦਾ ਅਪਡੇਟ ਅਗਲੇ ਦਿਨ ਜਾਰੀ ਕਰ ਰਿਹਾ ਹੈ, ਜਿਸ ਨਾਲ ਸੂਬੇ 'ਚ ਨਵੇਂ ਕੋਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਰੋਜ਼ਾਨਾ ਭਰਮ ਦੀ ਸਥਿਤੀ ਪੈਦਾ ਹੋ ਰਹੀ ਹੈ। ਇਹੀ ਕਾਰਣ ਹੈ ਕਿ ਕੇਂਦਰ ਵਲੋਂ ਰੋਜ਼ਾਨਾ ਹਰ ਸੂਬੇ ਵਿਚ ਕੋਰੋਨਾ ਮਰੀਜ਼ਾਂ ਦੇ ਜਾਰੀ ਕੀਤੇ ਜਾ ਰਹੇ ਅੰਕੜਿਆਂ ਵਿਚ ਵੀ ਫਰਕ ਪੈਦਾ ਹੋ ਰਿਹਾ ਹੈ। ਇਸ ਕਾਰਨ ਮਹਿਕਮੇ ਦੇ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਵੀ ਜਵਾਬ ਦੇਣਾ ਮੁਸ਼ਕਲ ਹੋ ਰਿਹਾ ਹੈ।

ਪੰਜਾਬ ਲਈ ਚਿੰਤਾ ਦੇ ਪਹਿਲੂ
ਪੰਜਾਬ ਵਿਚ ਹਰਿਆਣਾ ਦੇ ਮੁਕਾਬਲੇ ਟੈਸਟਿੰਗ ਕਾਫੀ ਮੱਧਮ ਹੈ। ਹਰਿਆਣਾ ਵਿਚ 36212 ਟੈਸਟ ਹੋਏ, ਜਦੋਂ ਕਿ ਪੰਜਾਬ ਵਿਚ ਅਜੇ ਤੱਕ ਕੁਲ 24868 ਟੈਸਟ ਹੀ ਹੋਏ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ ਫਰੰਟ 'ਤੇ ਲੜ ਰਹੇ ਡਾਕਟਰ, ਨਰਸਾਂ, ਆਸ਼ਾ ਵਰਕਰਾਂ ਅਤੇ ਪੁਲਸ ਦੀ ਆਪਣੀ ਸੁਰੱਖਿਆ ਦੇ ਲਿਹਾਜ਼ ਨਾਲ ਜ਼ਮੀਨੀ ਪੱਧਰ 'ਤੇ ਕਾਫੀ ਕਮੀਆਂ ਹਨ। ਮੋਗਾ ਵਿਚ 4 ਆਸ਼ਾ ਵਰਕਰਾਂ ਦੇ ਪਾਜ਼ੇਟਿਵ ਪਾਏ ਜਾਣ ਮਗਰੋਂ ਖਾਸ ਤੌਰ 'ਤੇ ਆਸ਼ਾ ਵਰਕਰਜ਼ ਦੀ ਸਿਹਤ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਪੰਜਾਬ ਵਿਚ ਸਿਹਤ ਵਿਭਾਗ ਦਾ ਮੁੱਢਲਾ ਢਾਂਚਾ ਵੈਸੇ ਵੀ ਬਹੁਤਾ ਚੰਗਾ ਨਹੀਂ ਹੈ ਅਤੇ ਅਜੇ ਤੱਕ ਪੰਜਾਬ ਦੇ ਜ਼ਿਆਦਾਤਰ ਜ਼ਿਲਿਆਂ ਵਿਚ ਟੈਸਟ ਦੀ ਸਹੂਲਤ ਵੀ ਨਹੀਂ ਹੈ, ਲਿਹਾਜ਼ਾ ਸੂਬੇ ਲਈ ਇਹ ਸਭ ਪਹਿਲੂ ਚਿੰਤਾ ਦਾ ਕਾਰਨ ਹਨ।

ਡਾਕਟਰਾਂ ਦੀ ਸਖ਼ਤ ਮਿਹਨਤ 'ਤੇ ਪਾਣੀ ਨਾ ਫੇਰੋ
ਪੰਜਾਬ ਵਿਚ ਪਹਿਲਾਂ ਹੀ ਆਬਾਦੀ ਦੇ ਮੁਕਾਬਲੇ ਮਾਹਰ ਡਾਕਟਰਾਂ ਦੀ ਕਮੀ ਹੈ। ਸੂਬੇ ਵਿਚ ਤਕਰੀਬਨ 250 ਸਪੈਸ਼ਲਿਸਟ ਡਾਕਟਰ ਕੋਰੋਨਾ ਮਰੀਜ਼ਾਂ ਦੇ ਇਲਾਜ ਵਿਚ ਜੁਟੇ ਹੋਏ ਹਨ। ਪੇਂਡੂ ਖੇਤਰਾਂ ਦੇ ਹਸਪਤਾਲਾਂ ਵਿਚ ਤਾਇਨਾਤ 750 ਤੋਂ ਜ਼ਿਆਦਾ ਐਮ.ਬੀ.ਬੀ.ਐਸ. ਡਾਕਟਰ ਅਤੇ ਤਕਰੀਬਨ 450 ਆਯੁਰਵੇਦਿਕ ਡਾਕਟਰ ਵੀ ਕੋਰੋਨਾ ਵਾਰਡਾਂ ਵਿਚ ਆਪਣੀ ਜਾਨ ਜੋਖਮ ਵਿਚ ਪਾ ਕੇ ਦਿਨ-ਰਾਤ ਡਿਊਟੀ ਦੇ ਰਹੇ ਹਨ। ਰੈਡ ਜ਼ੋਨ ਵਿਚ ਸ਼ਾਮਲ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਜ਼ਿਲਿਆਂ ਵਿਚ ਤਾਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਲਗਾਤਾਰ ਵੱਧ ਰਹੀ ਗਿਣਤੀ ਦੇ ਚੱਲਦੇ ਡਾਕਟਰਾਂ ਨੂੰ ਕਈ ਘੰਟਿਆਂ ਤੱਕ ਭੁੱਖੇ ਪਿਆਸੇ ਡਿਊਟੀ ਦੇਣੀ ਪੈ ਰਹੀ ਹੈ। ਕਈ ਤਾਂ ਲੰਬੇ ਸਮੇਂ ਤੋਂ ਘਰ ਤੱਕ ਨਹੀਂ ਜਾ ਸਕੇ ਹਨ। ਅਜਿਹੇ ਵਿਚ ਇਨ੍ਹਾਂ ਫਰੰਟਲਾਈਨ ਕੋਰੋਨਾ ਵਾਰੀਅਰਸ ਦੀ ਮਿਹਨਤ 'ਤੇ ਉਨ੍ਹਾਂ ਦੇ ਮਹਿਕਮੇ ਦੀ ਲੱਚਰ ਵਿਵਸਥਾ ਪਾਣੀ ਨਾ ਫੇਰ ਦੇਵੇ।

ਅੰਕੜੇ ਬਿਆਨ ਕਰ ਰਹੇ ਭਾਰੀ ਲਾਪਰਵਾਹੀ
ਬੀਤੇ 3 ਦਿਨ ਵਿਚ ਮਹਿਕਮੇ ਵਲੋਂ ਜਾਰੀ ਬੁਲੇਟਿਨ ਅਤੇ ਕੋਰੋਨਾ ਮਰੀਜ਼ਾਂ ਦੀ ਅਸਲ ਗਿਣਤੀ ਵਿਚ ਆ ਰਿਹਾ ਫਰਕ ਲਾਪਰਵਾਹੀ ਦੀ ਪੂਰੀ ਕਹਾਣੀ ਬਿਆਨ ਕਰ ਰਿਹਾ ਹੈ।
29 ਅਪ੍ਰੈਲ- ਸਿਹਤ ਵਿਭਾਗ ਨੇ ਆਪਣੇ ਬੁਲੇਟਿਨ ਵਿਚ ਨਵੇਂ ਮਰੀਜ਼ਾਂ ਦੀ ਕੁਲ ਗਿਣਤੀ 33 ਦੱਸੀ, ਜਦੋਂ ਕਿ ਉਸ ਦਿਨ 35 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ।
30 ਅਪ੍ਰੈਲ- ਸ਼ਾਮ 6 ਵਜੇ ਬੁਲੇਟਿਨ ਵਿਚ ਨਵੇਂ ਕੇਸਾਂ ਦੀ ਗਿਣਤੀ 105 ਦੱਸੀ ਗਈ, ਜਦੋਂ ਕਿ ਇਸ ਦਿਨ ਕੁਲ ਨਵੇਂ 167 ਮਰੀਜ਼ ਸਾਹਮਣੇ ਆਏ।
1 ਮਈ- ਕੋਰੋਨਾ ਦੇ 105 ਨਵੇਂ ਮਾਮਲੇ ਦਰਸ਼ਾਏ ਗਏ, ਜਦੋਂ ਇਸ ਦਿਨ ਮਰੀਜ਼ਾਂ ਦੀ ਗਿਣਤੀ ਵਿਚ 136 ਦਾ ਵਾਧਾ ਹੋਇਆ।
2 ਮਈ- ਕੋਰੋਨਾ ਬੁਲੇਟਿਨ ਵਿਚ ਸਰਕਾਰੀ ਅੰਕੜੇ 772 ਕੋਰੋਨਾ ਮਾਮਲੇ ਸਨ। ਜਦੋਂ ਕਿ ਜ਼ਮੀਨੀ ਹਕੀਕਤ 871 ਸਾਹਮਣੇ ਆ ਚੁੱਕੇ ਸਨ।

ਇਥੇ ਹੋਈ ਭੁੱਲ
ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਪੰਜਾਬ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧਣ ਲੱਗੀ। ਜਲੰਧਰ, ਪਟਿਆਲਾ ਅਤੇ ਮੋਹਾਲੀ ਤਾਂ ਪਹਿਲਾਂ ਹੀ ਰੈੱਡ ਜ਼ੋਨ ਵਿਚ ਸਨ ਹੀ, ਪਰ ਜੋ ਖੇਤਰ ਕੁਝ ਦਿਨ ਪਹਿਲਾਂ ਤੱਕ ਗ੍ਰੀਨ ਜ਼ੋਨ ਵਿਚ ਸਨ, ਉਨ੍ਹਾਂ ਵਿਚ ਵੀ ਕੁਝ ਖੇਤਰ ਓਰੇਂਜ ਜ਼ੋਨ ਵਿਚ ਚਲੇ ਗਏ ਹਨ ਅਤੇ ਅੰਮ੍ਰਿਤਸਰ ਅਤੇ ਲੁਧਿਆਣਾ ਵੀ ਹਾਟਸਪਾਟ ਜ਼ਿਲੇ ਬਣ ਗਏ ਹਨ। ਅੱਜ ਸਭ ਤੋਂ ਜ਼ਿਆਦਾ ਅੰਮ੍ਰਿਤਸਰ, ਜਲੰਧਰ, ਪਟਿਆਲਾ ਅਤੇ ਮੋਹਾਲੀ ਹਾਟਸਪਾਟ ਬਣੇ ਹੋਏ ਹਨ। ਇਕ ਇਕ ਕਰਕੇ ਇਨ੍ਹਾਂ ਜ਼ਿਲਿਆਂ ਵਿਚ ਕਾਫੀ ਜ਼ਿਆਦਾ ਕੋਰੋਨਾ ਦੇ ਮਰੀਜ਼ ਵੱਧ ਗਏ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਜੋ ਨਿਕਲ ਕੇ ਆ ਰਿਹਾ ਹੈ ਉਹ ਹੈ ਕਿ ਜੋ ਲੋਕ ਬਾਹਰੋਂ ਆਏ ਹਨ, ਉਨ੍ਹਾਂ ਲੋਕਾਂ ਨੂੰ ਤੁਰੰਤ ਜ਼ਿਲਾ ਪ੍ਰਸ਼ਾਸਨ ਵਲੋਂ ਬਣਾਏ ਗਏ ਕੁਆਰੰਟੀਨ ਵਾਰਡਾਂ ਵਿਚ ਨਹੀਂ ਭੇਜਿਆ।

ਤਾਂ ਸਰਕਾਰ ਦੀਆਂ ਹੋਰ ਵਧਣਗੀਆਂ ਮੁਸ਼ਕਲਾਂ
ਜਦੋਂ ਤੋਂ ਮਹਾਰਾਸ਼ਟਰ ਦੇ ਹਜ਼ਾਰਾਂ ਸ਼ਰਧਾਲੂਆਂ ਦੀ ਵਾਪਸੀ ਹੋਈ ਹੈ, ਪੰਜਾਬ ਵਿਚ ਕੋਰੋਨਾ ਦੀ ਚੇਨ  ਲਗਾਤਾਰ ਵੱਧਦੀ ਜਾ ਰਹੀ ਹੈ। ਬੀਤੇ 2 ਦਿਨਾਂ ਵਿਚ ਰੋਜ਼ਾਨਾ ਕੋਰੋਨਾ ਦੇ 150 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਨਾਲ ਸਰਕਾਰ ਦੀ ਨੀਂਦ ਹਰਾਮ ਹੈ, ਪ੍ਰਸ਼ਾਸਨ ਵਿਚ ਦਹਿਸ਼ਤ ਦੀ ਸਥਿਤੀ ਹੈ, ਲੋਕਾਂ ਵਿਚ ਡਰ ਵੱਧ ਰਿਹਾ ਹੈ। ਸਰਕਾਰ ਨੇ ਕੋਰੋਨਾ ਦੀ ਵੱਧਦੀ ਚੇਨ ਨੂੰ ਤੋੜਣ ਲਈ ਆਪਣੇ ਪੂਰੇ ਸੰਸਾਧਨ ਝੋਕ ਦਿੱਤੇ ਹਨ, ਪਰ ਸਿਹਤ ਮਹਿਕਮੇ ਦੀ ਲੱਚਰ ਸੂਚਨਾ ਪ੍ਰਣਾਲੀ ਜਾਰੀ ਰਹੀ ਤਾਂ ਸਰਕਾਰ ਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ।

ਸਰਕਾਰ ਦੇ ਦਾਅਵੇ ਹੋ ਰਹੇ ਫੇਲ : ਜਿਆਣੀ
ਇਧਰ, ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਸਰਕਾਰ ਦੇ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰਦੇ ਹਓਏ ਕਿਹਾ ਕਿ ਕੋਰੋਨਾ ਨਾਲ ਲੜਣ ਦੇ ਪੰਜਾਬ ਸਰਕਾਰ ਦੇ ਦਾਅਵੇ ਫੇਲ ਹੁੰਦੇ ਨਜ਼ਰ ਆ ਰਹੇ ਹਨ। ਬਾਹਰ ਤੋਂ ਆ ਰਹੇ ਲੋਕਾਂ ਦੇ ਕੋਰੋਨਾ ਟੈਸਟ ਨਹੀਂ ਹੋ ਰਹੇ। ਹੋਮ ਕੁਆਰੰਟੀਨ ਕੀਤੇ ਬਾਹਰ ਤੋਂ ਆਏ ਲੋਕ ਖੁੱਲ੍ਹੇਆਮ ਕੁਆਰੰਟੀਨ ਤੋੜ ਰਹੇ ਹਨ। ਫਾਜ਼ਿਲਕਾ ਤੋਂ 112 ਲੋਕ ਕੁਆਰੰਟੀਨ ਤੋੜ ਭੱਜ ਗਏ। ਜਿਆਣੀ ਨੇ ਕਿਹਾ ਕਿ ਇਹ ਸਮਾਂ ਆਲੋਚਨਾ ਦਾ ਨਹੀਂ ਹੈ ਪਰ ਅੱਜ ਨਾ ਤਾਂ ਹਸਪਤਾਲਾਂ ਵਿਚ ਡਾਕਟਰ ਹੈ ਅਤੇ ਨਾ ਹੀ ਦਵਾਈਆਂ ਮਿਲ ਰਹੀਆਂ ਹਨ।


Sunny Mehra

Content Editor

Related News