‘ਆਪ’ ਦੀ ਦਿੱਲੀ ਸਰਕਾਰ ਨੇ ਕੋਰੋਨਾ ਫ਼ਤਿਹ ਕਿੱਟਾਂ ਦੇ ਮੁਕਾਬਲੇ ਬਹੁਤ ਮਹਿੰਗੇ ਮੁੱਲ ’ਤੇ ਆਕਸੀਮੀਟਰ ਖ਼ਰੀਦੇ : ਬਲਬੀਰ
Friday, Jun 11, 2021 - 09:29 PM (IST)
ਚੰਡੀਗੜ੍ਹ (ਰਮਨਜੀਤ)- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਕੋਰੋਨਾ ਫਤਿਹ ਕਿੱਟਾਂ ’ਤੇ ਸੌੜੀ ਸਿਆਸਤ ਖੇਡਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਆਲੋਚਨਾ ਕੀਤੀ ਕਿਉਂਕਿ ‘ਆਪ’ ਦੀ ਦਿੱਲੀ ਸਰਕਾਰ ਵਲੋਂ 5 ਮਈ, 2020 ਨੂੰ ਬਹੁਤ ਉੱਚ ਦਰਾਂ ’ਤੇ ਪਲਸ ਆਕਸੀਮੀਟਰਾਂ ਦੀ ਖਰੀਦ ਕੀਤੀ ਗਈ ਸੀ।
ਇਹ ਖ਼ਬਰ ਪੜ੍ਹੋ- ਕੇਂਦਰ ਸਰਕਾਰ ਵੱਲੋਂ MSP ਦੇ ਐਲਾਨ ਨਾਲ ਕਿਸਾਨਾਂ ਨਾਲ ਕੀਤਾ ਵੱਡਾ ਧੋਖਾ : ਵਡਾਲਾ
‘ਆਪ’ ਦੇ ਨੇਤਾਵਾਂ ’ਤੇ ਵਰ੍ਹਦਿਆਂ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ’ ਤੇ ਸਵਾਲ ਉਠਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੌਮੀ ਰਾਜਧਾਨੀ ਵਿਚ ਕੀ ਕੀਤਾ, ਜਿੱਥੇ ਹਜਾਰਾਂ ਲੋਕਾਂ ਦੀ ਇਲਾਜ ਖੁਣੋਂ ਸੜਕਾਂ ’ਤੇ ਜਾਨ ਚਲੀ ਗਈ।
ਇਹ ਖ਼ਬਰ ਪੜ੍ਹੋ-PSL 6 : ਰਾਸ਼ਿਦ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ, 4 ਓਵਰਾਂ 'ਚ ਹਾਸਲ ਕੀਤੀਆਂ 5 ਵਿਕਟਾਂ
‘ਆਪ’ ਪਾਰਟੀ ਵਲੋਂ ਖਰੀਦੇ ਗਏ ਪਲਸ ਆਕਸੀਮੀਟਰਾਂ ਦੇ ਰੇਟਾਂ ਦਾ ਪਰਦਾਫਾਸ਼ ਕਰਦਿਆਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ 5 ਮਈ, 2021 ਨੂੰ ਮੈਸਰਜ ਵੀ. ਐਂਡ ਐੱਮ. ਗਲੈਕਸੀ ਨੂੰ 1300 ਰੁਪਏ ਪ੍ਰਤੀ ਆਕਸੀਮੀਟਰ ਦੇ ਹਿਸਾਬ ਨਾਲ 20,000 ਆਕਸੀਮੀਟਰਾਂ ਦੀ ਸਪਲਾਈ, ਮੈਸਰਜ ਦਿਵੇਸ਼ ਚੌਧਰੀ ਨੂੰ 1290 ਰੁਪਏ ਦੇ ਹਿਸਾਬ ਨਾਲ 2000 ਆਕਸੀਮੀਟਰ, ਮੈਸਰਜ ਐਡੀਫ ਮੈਡੀਕਲ ਸਿਸਟਮਜ਼ ਨੂੰ 1250 ਰੁਪਏ ਦੇ ਹਿਸਾਬ ਨਾਲ 5000 ਆਕਸੀਮੀਟਰ, ਮੈਸਰਜ ਅਭਿਲਾਸ਼ਾ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ ਨੂੰ 1300 ਰੁਪਏ ਦੇ ਹਿਸਾਬ ਨਾਲ 13000 ਆਕਸੀਮਟਰ ਸਪਲਾਈ ਕਰਨ ਲਈ ਆਰਡਰ ਭੇਜਿਆ। ਦਿੱਲੀ ਸਰਕਾਰ ਵੱਖ-ਵੱਖ ਫਰਮਾਂ ਤੋਂ ਇੱਕੋ ਜਿਹੇ ਆਕਸੀਮੀਟਰ ਵੱਖ-ਵੱਖ ਉੱਚ ਦਰਾਂ ’ਤੇ ਕਿਵੇਂ ਖਰੀਦ ਸਕਦੀ ਹੈ, ਜਦੋਂਕਿ ਪੰਜਾਬ ਸਰਕਾਰ ਮਰੀਜਾਂ ਨੂੰ ਮੌਜੂਦਾ ਸਮੇਂ 883 ਰੁਪਏ ਦੀ ਬਹੁਤ ਘੱਟ ਕੀਮਤ ’ਤੇ ਕੋਰੋਨਾ ਫਤਿਹ ਕਿੱਟਾਂ ਮੁਹੱਈਆ ਕਰਵਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਦਿੱਲੀ ਦੇ ਕਥਿਤ ਵਿਸ਼ਵ ਪੱਧਰੀ ਸਿਹਤ ਬੁਨਿਆਦੀ ਢਾਂਚੇ ਦੇ ਮਾਡਲ ਨੂੰ ਹਵਾਈ ਕਿਲ੍ਹੇ ਦੱਸਦਿਆਂ ਸਿੱਧੂ ਨੇ ‘ਆਪ’ ਆਗੂਆਂ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸਾਨੂੰ ਦਿੱਲੀ ਦਾ ਸਿਹਤ ਮਾਡਲ ਅਪਣਾਉਣ ਦੀ ਸਲਾਹ ਨਾ ਦਿਓ, ਜਿਸ ਦਾ ਆਧਾਰ ਸਿਰਫ਼ ਸੋਸ਼ਲ ਮੀਡੀਆ ਹੈ। ਸੂਬੇ ਵਿਚ ਸਿਹਤ ਸਹੂਲਤਾਂ ਦੀ ਘਾਟ ਬਾਰੇ ਕਹਿਣ ’ਤੇ ‘ਆਪ’ ਆਗੂਆਂ ਨੂੰ ਕਰੜੇ ਹੱਥੀਂ ਲੈਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਨਾ ਸਿਰਫ਼ ਆਪਣੇ ਨਾਗਰਿਕਾਂ ਬਲਕਿ ਦਿੱਲੀ ਸਮੇਤ ਦੂਜੇ ਰਾਜਾਂ ਦੇ ਮਰੀਜ਼ਾਂ ਨੂੰ ਵੀ ਇਲਾਜ ਉਪਲੱਬਧ ਕਰਵਾਇਆ।
ਸਿੱਧੂ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ‘ਆਪ’ ਨੇਤਾ ਦਿੱਲੀ ਸਰਕਾਰ ਨੂੰ ਸ਼ੀਸ਼ਾ ਵਿਖਾਉਣ ਦੀ ਥਾਂ ਪੰਜਾਬ ਅਤੇ ਪੰਜਾਬੀਆਂ ਦਾ ਅਕਸ ਖ਼ਰਾਬ ਕਰਨ ਵਿਚ ਲੱਗੇ ਹਨ। ਬਾਬਾ ਰਾਮਦੇਵ ਦੀ ਕੰਪਨੀ ਤੋਂ ਗੈਰ-ਪ੍ਰਮਾਣਿਤ ਕੋਰੋਨਿਲ ਕਿੱਟਾਂ ਦੀ ਖਰੀਦ ਲਈ ਭਾਜਪਾ ਨੂੰ ਕਰੜੇ ਹੱਥੀਂ ਲੈਂਦੇ ਹੋਏ ਸਿਹਤ ਮੰਤਰੀ ਨੇ ਕਿਹਾ ਕਿ ਇਹ ਸ਼ਰਮਨਾਕ ਗੱਲ ਹੈ ਕਿ ਖੱਟੜ ਸਰਕਾਰ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਵਿਵਾਦਿਤ ਕਿੱਟਾਂ ਦੀ ਖਰੀਦ ਦਾ ਫੈਸਲਾ ਲਿਆ। ਉਨ੍ਹਾਂ ਦੱਸਿਆ ਕਿ ਖੱਟੜ ਸਰਕਾਰ ਨੇ ਆਕਸੀਮੀਟਰ ਵੀ ਮੈਸਰਜ਼ ਲੋਵਾਨੀ ਇੰਪੈਕਸ ਪ੍ਰਾਈਵੇਟ ਲਿਮਿਟਡ ਤੋਂ 825 ਰੁਪਏ ਦੀ ਉੱਚ ਕੀਮਤ ’ਤੇ ਖਰੀਦਿਆ ਹੈ। ਪਤੰਜ਼ਲੀ ਦੀ ਕੋਰੋਨਾ ਕਿੱਟ ਨੂੰ ਆਈ. ਐੱਮ. ਏ. ਨੇ ਪਹਿਲਾਂ ਹੀ ਕੋਵਿਡ ਦੇ ਇਲਾਜ ਲਈ ਅਰਥਹੀਣ ਅਤੇ ਗੈਰ-ਵਿਗਿਆਨਕ ਕਰਾਰ ਦਿੱਤਾ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।