ਪੰਜਾਬ-ਹਰਿਆਣਾ ਦੇ ਵਿਦਿਆਰਥੀਆਂ ''ਚ ਸਿੱਖਣ ਦੀ ਸਮਰੱਥਾ ਘੱਟ
Wednesday, Jan 15, 2020 - 03:43 PM (IST)
ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਦੇ 4 ਤੋਂ 8 ਸਾਲ ਦੀ ਉਮਰ ਦੇ ਵਿਦਿਆਰਥੀਆਂ 'ਚ ਸਿੱਖਣ ਦੀ ਸਮਰੱਥਾ ਬਹੁਤ ਘੱਟ ਹੈ। ਇਸ ਗੱਲ ਦਾ ਖੁਲਾਸਾ 'ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ' (ਏਸਰ) 'ਚ ਕੀਤਾ ਗਿਆ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਪਹਿਲੀ ਜਮਾਤ 'ਚ ਪੜ੍ਹਨ ਵਾਲੇ 40.9 ਫੀਸਦੀ ਵਿਦਿਆਰਥੀ ਸ਼ਬਦ ਪੜ੍ਹਨ ਦੇ ਸਮਰੱਥ ਨਹੀਂ ਹੁੰਦੇ, ਜਦੋਂ ਕਿ 25.5 ਫੀਸਦੀ ਵਿਦਿਆਰਥੀਆਂ ਨੂੰ ਅੱਖਰ ਨਹੀਂ ਪੜ੍ਹਨੇ ਆਉਂਦੇ।
ਸਿਰਫ 10.8 ਫੀਸਦੀ ਵਿਦਿਆਰਥੀ ਪਹਿਲੀ ਜਮਾਤ ਦਾ ਪਾਠ ਪੜ੍ਹ ਸਕਦੇ ਹਨ। ਇਸੇ ਤਰ੍ਹਾਂ ਹਰਿਆਣਾ 'ਚ ਪਹਿਲੀ ਜਮਾਤ ਦੇ 29.5 ਫੀਸਦੀ ਵਿਦਿਆਰਥੀ ਪਾਠ ਨਹੀਂ ਪੜ੍ਹ ਪਾਉਂਦੇ, ਜਦੋਂ ਕਿ ਜ਼ਿਲੇ ਦੇ ਵੱਖ-ਵੱਖ ਸਕੂਲਾਂ ਦੇ 24.5 ਫੀਸਦੀ ਵਿਦਿਆਰਥੀ ਅੱਖਰ ਪੜ੍ਹਨ ਦੇ ਸਮਰੱਥ ਨਹੀਂ ਹੁੰਦੇ। ਇਸ ਸਰਵੇ 'ਚ ਪੰਜਾਬ ਦੇ ਬਠਿੰਡਾ ਅਤੇ ਹਰਿਆਣਾ ਦੇ ਹਿਸਾਰ ਨੂੰ ਚੁਣਿਆ ਗਿਆ ਸੀ। ਇਨ੍ਹਾਂ ਦੋਹਾਂ ਸੂਬਿਆਂ 'ਚੋਂ ਕ੍ਰਮਵਾਰ 60 ਪਿੰਡਾਂ ਦੇ 1468 ਅਤੇ 59 ਪਿੰਡਾਂ ਦੇ 1203 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ ਸੀ।