ਬਚਪਨ ਤੋਂ ਰੱਖੀ ਰੰਜਿਸ਼ ਦਾ ਲਿਆ ਬਦਲਾ, ਦੋਹਰੇ ਕਤਲ ਕਾਂਡ ਨੇ ਹਿਲਾਇਆ ਪੰਜਾਬ-ਹਰਿਆਣਾ
Thursday, Jun 18, 2026 - 03:19 PM (IST)
ਡੇਰਾਬੱਸੀ (ਗੁਰਜੀਤ) : ਲਾਲੜੂ ਨੇੜਲੇ ਪਿੰਡ ਘੋਲੂਮਾਜਰਾ ਵਿਚ ਆਪਣੇ ਚਾਚੇ ਦਾ ਗੋਲੀਆਂ ਮਾਰ ਕੇ ਕਤਲ ਕਰਨ ਅਤੇ ਉਸ ਦੀ ਲਾਸ਼ ਟਾਟਾ ਸਫਾਰੀ ਵਿਚ ਪਾ ਕੇ ਫਰਾਰ ਹੋਏ ਮੁਲਜ਼ਮ ਸਾਹਿਲ ਨੂੰ ਹਰਿਆਣਾ ਦੀ ਸੋਨੀਪਤ ਐੱਸ.ਟੀ.ਐੱਫ. ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਆਪਣੇ ਇਕ ਦੋਸਤ ਦੀ ਵੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਦੋਵਾਂ ਦੀਆਂ ਲਾਸ਼ਾਂ ਪਾਣੀਪਤ ਦੀ ਸਿਵਾਰ ਨਹਿਰ ਕੰਢੇ ਸੁੱਟ ਕੇ ਫਰਾਰ ਹੋ ਗਿਆ ਸੀ। ਹਰਿਆਣਾ ਪੁਲਸ ਨੇ ਵੀਰਵਾਰ ਦੁਪਹਿਰ ਮੁਲਜ਼ਮ ਨੂੰ ਕਾਬੂ ਕਰਕੇ ਦੋਵਾਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਾਹਮਣੇ ਆਇਆ ਹੈ ਕਿ ਮੁਲਜ਼ਮ ਸਾਹਿਲ ਦਾ ਆਪਣੇ ਚਾਚੇ ਰਾਹੁਲ (45) ਨਾਲ ਲੰਬੇ ਸਮੇਂ ਤੋਂ ਜਾਇਦਾਦੀ ਵਿਵਾਦ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਸਾਹਿਲ ਦੇ ਪਿਤਾ ਨੇ ਕਰੀਬ 20 ਸਾਲ ਪਹਿਲਾਂ ਹੋਮ ਲੋਨ ਲਿਆ ਸੀ, ਜਿਸ ਦੀ ਅਦਾਇਗੀ ਨਾ ਹੋਣ 'ਤੇ ਰਾਹੁਲ ਨੇ ਲੋਨ ਚੁਕਾ ਕੇ ਉਨ੍ਹਾਂ ਨੂੰ ਘਰ ਤੋਂ ਬੇਦਖ਼ਲ ਕਰ ਦਿੱਤਾ ਸੀ। ਇਸ ਗੱਲ ਦੀ ਰੰਜਿਸ਼ ਸਾਹਿਲ ਦੇ ਮਨ ਵਿਚ ਬਚਪਨ ਤੋਂ ਹੀ ਸੀ।
ਇਹ ਵੀ ਪੜ੍ਹੋ : ਪੰਜਾਬ : ਬਿਜਲੀ 'ਚ ਮਿਲਣ ਵਾਲੀ ਵਿਸ਼ੇਸ਼ ਛੋਟ 'ਤੇ ਝਟਕਾ, ਮਾਰਚ ਮਹੀਨੇ ਤੋਂ ਲੱਖਾਂ ਰੁਪਏ ਦੇ ਬਕਾਇਆ ਨੋਟਿਸ ਜਾਰੀ
ਬੁੱਧਵਾਰ ਨੂੰ ਸਾਹਿਲ ਡੇਰਾਬੱਸੀ ਦੇ ਘੋਲੂਮਾਜਰਾ ਸਥਿਤ ਰਾਹੁਲ ਦੇ ਦਫ਼ਤਰ ਪਹੁੰਚਿਆ, ਜਿੱਥੇ ਦੋਵਾਂ ਵਿਚਾਲੇ ਤਕਰਾਰ ਹੋ ਗਈ। ਗੁੱਸੇ ਵਿਚ ਆਏ ਸਾਹਿਲ ਨੇ ਪਿਸਤੌਲ ਨਾਲ ਫਾਇਰਿੰਗ ਕਰ ਦਿੱਤੀ। ਦੋ ਗੋਲੀਆਂ ਰਾਹੁਲ ਨੂੰ ਲੱਗੀਆਂ ਜਦਕਿ ਇਕ ਛਰਰਾ ਦਫ਼ਤਰ ਵਿਚ ਮੌਜੂਦ ਸੀਤਾਰਾਮ ਨਾਮਕ ਵਿਅਕਤੀ ਨੂੰ ਵੀ ਲੱਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਰਾਹੁਲ ਦੀ ਲਾਸ਼ ਨੂੰ ਘੜੀਸ ਕੇ ਉਸ ਦੀ ਟਾਟਾ ਸਫਾਰੀ ਵਿਚ ਪਾ ਕੇ ਪਾਣੀਪਤ ਲੈ ਗਿਆ। ਪੁਲਸ ਮੁਤਾਬਕ ਜਾਂਦੇ ਸਮੇਂ ਉਹ ਦਫ਼ਤਰ ਵਿਚ ਲੱਗੇ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਆਪਣੇ ਨਾਲ ਲੈ ਗਿਆ।
ਇਹ ਵੀ ਪੜ੍ਹੋ : 19, 20, 21 ਜੂਨ ਲਈ ਜਾਰੀ ਹੋਇਆ ਅਲਰਟ, ਮੀਂਹ ਦੇ ਨਾਲ ਆਵੇਗਾ ਹਨ੍ਹੇਰੀ ਤੂਫਾਨ
ਪਾਣੀਪਤ ਪਹੁੰਚਣ ਮਗਰੋਂ ਸਾਹਿਲ ਨੇ ਆਪਣੇ ਦੋਸਤ ਅੰਕੁਸ਼ (25) ਨੂੰ ਫੋਨ ਕਰਕੇ ਬੁਲਾ ਲਿਆ। ਇਸ ਤੋਂ ਬਾਅਦ ਸਾਹਿਲ ਨੇ ਉਸ ਨੂੰ ਵੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਅੰਕੁਸ਼ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਾਹਿਲ ਨੇ ਉਸ ਦੇ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਲੋਨ ਲਿਆ। ਅੰਕੁਸ਼ ਇਸ ਗੱਲ ਦਾ ਵਿਰੋਧ ਕਰਦਾ ਸੀ, ਜਿਸ ਕਾਰਨ ਉਸ ਦੀ ਹੱਤਿਆ ਕੀਤੀ ਗਈ। ਮ੍ਰਿਤਕ ਰਾਹੁਲ ਡੇਰਾਬੱਸੀ ਵਿਚ ਕਾਰੋਬਾਰ ਕਰਦਾ ਸੀ, ਜਦਕਿ ਅੰਕੁਸ਼ ਇਕ ਸੀਮੈਂਟ ਏਜੰਸੀ ਵਿਚ ਅਕਾਊਂਟੈਂਟ ਵਜੋਂ ਕੰਮ ਕਰਦਾ ਸੀ। ਅੰਕੁਸ਼ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ। ਦੋਹਰੇ ਕਤਲ ਦੀ ਇਸ ਸਨਸਨੀਖੇਜ਼ ਵਾਰਦਾਤ ਨੇ ਪੰਜਾਬ ਅਤੇ ਹਰਿਆਣਾ ਦੋਵਾਂ ਸੂਬਿਆਂ ਵਿਚ ਹਲਚਲ ਮਚਾ ਦਿੱਤੀ ਹੈ। ਪੁਲਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲੇ ਦੇ ਹੋਰ ਪਹਿਲੂਆਂ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਪੈਨਸ਼ਨ ਨੂੰ ਲੈ ਕੇ ਵੱਡਾ ਫ਼ੈਸਲਾ, ਜਾਰੀ ਹੋਇਆ ਸਖ਼ਤ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
