ਪੰਜਾਬ ਗ੍ਰਾਮੀਣ ਬੈਂਕ ਦੇ ਮੁੱਖ ਦਫ਼ਤਰ 'ਚ 6 ਕਾਮੇ ਨਿਕਲੇ ਕੋਰੋਨਾ ਪਾਜ਼ੇਟਿਵ
Monday, Jul 06, 2020 - 11:24 PM (IST)

ਕਪੂਰਥਲਾ,(ਮਹਾਜਨ)-ਜ਼ਿਲੇ 'ਚ ਕੋਰੋਨਾ ਦੇ ਇਕ ਵਾਰ ਫਿਰ ਨਵੇਂ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਪਹਿਲਾ ਕਈ ਵਾਰ ਸੋਚਣ 'ਤੇ ਮਜ਼ਬੂਰ ਕਰ ਦਿੱਤਾ ਹੈ ਕਿਉਂਕਿ ਜੇਕਰ ਇਕ ਵਾਰ ਕੋਈ ਇਸਦੀ ਲਪੇਟ 'ਚ ਆ ਗਿਆ ਤਾਂ ਉਸ ਦੇ ਨਾਲ-ਨਾਲ ਉਸ ਦੇ ਸੰਪਰਕ 'ਚ ਆਉਣ ਵਾਲੇ ਵੀ ਇਸ ਦੀ ਲਪੇਟ 'ਚ ਆ ਜਾਣਗੇ ਜੋ ਕਿ ਕਾਫੀ ਚਿੰਤਾਜਨਕ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਲੰਧਰ ਰੋਡ 'ਤੇ ਸਥਿਤ ਪੰਜਾਬ ਗ੍ਰਾਮੀਣ ਬੈਂਕ 'ਚ ਕੰਮ ਕਰਦੇ ਬੈਂਕ ਅਧਿਕਾਰੀ ਦੇ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਸਿਹਤ ਵਿਭਾਗ ਵੱਲੋਂ ਉਕਤ ਬੈਂਕ 'ਚ ਕੰਮ ਕਰਨ ਵਾਲੇ ਤੇ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਵਾਲੇ ਕਰੀਬ 35 ਲੋਕਾਂ ਨੂੰ ਸੈਂਪਲ ਲਏ ਗਏ ਸਨ, ਜਿਨ੍ਹਾਂ 'ਚ 4 ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਜਦਕਿ ਹੋਰ ਦੀ ਰਿਪੋਰਟ ਆਉਣੀ ਬਾਕੀ ਹੈ। ਪਾਜ਼ੇਟਿਵ ਪਾਏ ਗਏ ਮਰੀਜ਼ਾਂ 'ਚ 30 ਸਾਲਾ ਪੁਰਸ਼, 55 ਸਾਲਾ ਪੁਰਸ਼, 57 ਸਾਲਾ ਪੁਰਸ਼ ਤੇ 38 ਸਾਲਾ ਪੁਰਸ਼ ਸ਼ਾਮਲ ਹਨ। ਇਨ੍ਹਾਂ 'ਚ ਦੋ ਮਰੀਜ਼ ਪੁੱਡਾ ਕਾਲੋਨੀ, ਇਕ ਹਾਊਸਫੈਡ ਕਾਲੋਨੀ ਤੇ ਇਕ ਪਾਜ਼ੇਟਿਵ ਮਰੀਜ਼ ਜਲੰਧਰ ਤੋਂ ਕਪੂਰਥਲਾ 'ਚ ਕੰਮ ਕਰਨ ਆਉਂਦਾ ਹੈ। ਫਿਲਹਾਲ ਪਾਜ਼ੇਟਿਵ ਪਾਏ ਗਏ ਉਕਤ ਚਾਰੇ ਮਰੀਜ਼ਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ ਤੇ ਇਨ੍ਹਾਂ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਸਮੇਤ ਇਨ੍ਹਾਂ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਪਹਿਚਾਣ ਕਰ ਕੇ ਸੈਂਪਲਿੰਗ ਦਾ ਦੌਰ ਵੀ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਪੰਜਾਬ ਗ੍ਰਾਮੀਣ ਬੈਂਕ ਦੇ ਕੰਮ ਕਰਨ ਵਾਲੇ 2 ਹੋਰ ਵਿਅਕਤੀ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ ਇਹ ਦੋਵੇਂ ਮਰੀਜ਼ ਅੰਮ੍ਰਿਤਸਰ 'ਚ ਰਹਿੰਦੇ ਹਨ ਤੇ ਕਪੂਰਥਲਾ ਸਥਿਤ ਉਕਤ ਬੈਂਕ 'ਚ ਕੰਮ ਕਰਨ ਆਉਂਦੇ ਹਨ। ਇਨ੍ਹਾਂ ਦੋਵਾਂ ਮਰੀਜ਼ਾਂ ਦੀ ਸੈਂਪਲਿੰਗ ਅੰਮ੍ਰਿਤਸਰ 'ਚ ਹੀ ਕੀਤੀ ਗਈ ਤੇ ਪਾਜ਼ੇਟਿਵ ਪਾਏ ਜਾਣ ਦੇ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ 'ਚ ਹੀ ਆਈਸੋਲੇਟ ਕੀਤਾ ਗਿਆ।