ਆਮ ਆਦਮੀ ਲਈ 638 ਕਰੋੜ ਦੀ ਵਿੱਤੀ ਰਾਹਤ ਨੂੰ ਵਰਤੋਂ ''ਚ ਲਿਆਵੇ ਪੰਜਾਬ ਸਰਕਾਰ : ਹਰਸਿਮਰਤ
Tuesday, May 12, 2020 - 09:11 PM (IST)
ਚੰਡੀਗੜ੍ਹ, (ਅਸ਼ਵਨੀ)— ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਹਰਸਿਮਰਤ ਬਾਦਲ ਨੇ ਅੱਜ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਆਮ ਆਦਮੀ ਦੀਆਂ ਤਕਲੀਫਾਂ ਨੂੰ ਦੂਰ ਕਰਨ ਲਈ ਕੇਂਦਰ ਵਲੋਂ ਭੇਜੀ 638 ਕਰੋੜ ਦੀ ਵਾਧੂ ਵਿੱਤੀ ਰਾਹਤ ਨੂੰ ਵਰਤੋਂ ਵਿਚ ਲਿਆਵੇ। ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਹਰਸਿਮਰਤ ਨੇ ਪੰਜਾਬ ਨੂੰ ਵਿੱਤੀ ਘਾਟੇ ਤਹਿਤ 638 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਕੇਂਦਰ ਸਰਕਾਰ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੱਲ੍ਹ ਜਾਰੀ ਕੀਤੀ ਗਈ ਇਸ ਰਾਸ਼ੀ ਦੀ ਵਰਤੋਂ ਪੰਜਾਬ ਸਰਕਾਰ ਨੂੰ ਸਿਹਤ ਢਾਂਚੇ ਨੂੰ ਸੁਧਾਰਨ ਅਤੇ ਆਮ ਆਦਮੀ ਨੂੰ ਰਾਹਤ ਪ੍ਰਦਾਨ ਕਰਨ ਲਈ ਕਰਨੀ ਚਾਹੀਦੀ ਹੈ। ਹਰਸਿਮਰਤ ਨੇ ਕਿਹਾ ਕਿ ਇਸ ਤਾਜ਼ਾ ਜਾਰੀ ਕੀਤੀ ਰਾਸ਼ੀ ਸਮੇਤ ਪੰਜਾਬ ਵੱਖ-ਵੱਖ ਕੇਂਦਰੀ ਸਕੀਮਾਂ ਤਹਿਤ 5653 ਕਰੋੜ ਰੁਪਏ ਦੀ ਰਾਸ਼ੀ ਹਾਸਲ ਕਰ ਚੁੱਕਾ ਹੈ, ਜਿਸ 'ਚ ਕੋਵਿਡ-19 ਦੀ ਰੋਕਥਾਮ ਲਈ ਵਿਸ਼ੇਸ਼ ਫੰਡ ਵੀ ਸ਼ਾਮਲ ਹਨ। ਇੰਨੇ ਫੰਡ ਹਾਸਲ ਕਰਨ ਮਗਰੋਂ ਹੁਣ ਸੂਬਾ ਸਰਕਾਰ ਨੂੰ ਫੰਡਾਂ ਦੀ ਕਮੀ ਦਾ ਬਹਾਨਾ ਨਹੀਂ ਬਣਾਉਣਾ ਚਾਹੀਦਾ। ਸਰਕਾਰ ਨੂੰ ਤੁਰੰਤ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਵਾਰ-ਵਾਰ ਫੰਡਾਂ ਦੀ ਕਮੀ ਦੀਆਂ ਗੱਲਾਂ ਕਰਕੇ ਲੋਕਾਂ ਦਾ ਧਿਆਨ ਲਾਂਭੇ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਕੁਦਰਤੀ ਆਫਤ ਰਾਹਤ ਫੰਡ ਤਹਿਤ ਕੇਂਦਰ ਸਰਕਾਰ ਕੋਲੋਂ 247 ਕਰੋੜ ਰੁਪਏ ਦੇ ਫੰਡ ਹਾਸਲ ਕਰ ਚੁੱਕੀ ਹੈ। ਕੇਂਦਰ ਆਫ਼ਤ ਰਾਹਤ ਫੰਡਾਂ ਦੀ ਵਰਤੋਂ ਕੋਵਿਡ-19 ਦੀ ਰੋਕਥਾਮ ਵਾਸਤੇ ਕਰਨ ਲਈ ਵੀ ਪ੍ਰਵਾਨਗੀ ਦੇ ਚੁੱਕਿਆ ਹੈ। ਇਸ ਤੋਂ ਇਲਾਵਾ ਕੌਮੀ ਸਿਹਤ ਮਿਸ਼ਨ ਤਹਿਤ ਹਾਸਲ ਕੀਤੇ 112 ਕਰੋੜ ਰੁਪਏ ਵੀ ਅਜੇ ਤਕ ਇਸਤੇਮਾਲ ਨਹੀਂ ਕੀਤੇ ਗਏ, ਜਦਕਿ ਸਰਕਾਰੀ ਹਸਪਤਾਲਾਂ 'ਚ ਪੀ.ਪੀ.ਈ. ਕਿੱਟਾਂ, ਵੈਂਟੀਲੇਟਰਾਂ ਅਤੇ ਟੈਸਟਿੰਗ ਕਿੱਟਾਂ ਦੀ ਭਾਰੀ ਕਮੀ ਹੈ। ਹਰਸਿਮਰਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਅਤੇ ਮਨਰੇਗਾ ਤਹਿਤ ਕ੍ਰਮਵਾਰ 1.70 ਲੱਖ ਕਰੋੜ ਰੁਪਏ ਅਤੇ 71 ਕਰੋੜ ਰੁਪਏ ਦੀ ਰਾਹਤ ਹਾਸਲ ਕਰ ਚੁੱਕਿਆ ਹੈ। ਕੇਂਦਰੀ ਖੁਰਾਕ ਰਾਹਤ, ਜਿਸ 'ਚ ਇਕ ਵਿਅਕਤੀ ਲਈ ਇਕ ਮਹੀਨੇ ਵਾਸਤੇ 5 ਕਿੱਲੋ ਕਣਕ ਅਤੇ ਇਕ ਪਰਿਵਾਰ ਲਈ ਇਕ ਕਿੱਲੋ ਦਾਲ ਸ਼ਾਮਲ ਹੈ, ਤਹਿਤ ਪੰਜਾਬ ਨੂੰ ਤਿੰਨ ਮਹੀਨਿਆਂ ਦਾ ਰਾਸ਼ਨ ਭੇਜਿਆ ਜਾ ਚੁੱਕਾ ਹੈ। ਇਸ ਸਕੀਮ ਤਹਿਤ ਸੂਬੇ ਦੀ ਲਗਭਗ ਅੱਧੀ ਆਬਾਦੀ ਭਾਵ 1.4 ਕਰੋੜ ਲੋਕਾਂ ਨੂੰ ਰਾਸ਼ਨ ਦਿੱਤਾ ਜਾਵੇਗਾ। ਇਸੇ ਤਰ੍ਹਾਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਕੀਮ ਤਹਿਤ ਸਿੱਧਾ 2 ਹਜ਼ਾਰ ਰੁਪਏ ਦਾ ਨਕਦ ਲਾਭ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜਨ ਧਨ ਯੋਜਨਾ ਅਤੇ ਉਜਵਲਾ ਸਕੀਮ ਤਹਿਤ ਵੀ ਸਿੱਧੇ ਨਕਦ ਲਾਭ ਦਿੱਤੇ ਗਏ ਹਨ।