ਪੰਜਾਬ ਸਰਕਾਰ ਵਲੋਂ 1,80,000 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਗ੍ਰਹਿ ਰਾਜਾਂ ਲਈ ਭੇਜਿਆ ਵਾਪਸ

Saturday, May 16, 2020 - 07:37 PM (IST)

ਚੰਡੀਗੜ੍ਹ, (ਅਸ਼ਵਨੀ)— ਕੈ. ਅਮਰਿੰਦਰ ਸਿੰਘ ਦੀ ਅਗਵਾਈ ਹੇਠ 150 ਵਿਸ਼ੇਸ਼ ਟਰੇਨਾਂ ਰਾਹੀਂ 1,80,000 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੱਤਰੀ ਰਾਜਾਂ 'ਚ ਵਾਪਸ ਜਾਣ ਦੀ ਸਹੂਲਤ ਮੁਹੱਈਆ ਕਰਵਾ ਕੇ ਪੰਜਾਬ ਸੂਬੇ ਨੇ ਆਪਣੇ ਗ੍ਰਹਿ ਰਾਜਾਂ ਨੂੰ ਵਾਪਸ ਜਾਣ ਦੀ ਇੱਛਾ ਰੱਖਣ ਵਾਲਿਆਂ ਨੂੰ ਬਿਨ੍ਹਾਂ ਕਿਸੇ ਮੁਸ਼ਕਲ ਦੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਣਾ ਯਕੀਨੀ ਬਣਾਇਆ ਹੈ। ਨੋਡਲ ਅਧਿਕਾਰੀ ਵਿਕਾਸ ਪ੍ਰਤਾਪ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੂਬਾ ਸਰਕਾਰ ਪ੍ਰਵਾਸੀ ਮਜ਼ਦੂਰਾਂ ਨੂੰ ਹਰ ਤਰ੍ਹਾਂ ਦੀ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ 24 ਘੰਟੇ ਕੰਮ ਕਰ ਰਹੀ ਹੈ ਤੇ ਇਹ ਕਾਰਜ ਡਿਪਟੀ ਕਮਿਸ਼ਨਰਾਂ ਅਤੇ ਫਿਰੋਜ਼ਪੁਰ ਅਤੇ ਅੰਬਾਲਾ ਡਵੀਜ਼ਨ ਦੇ ਰੇਲਵੇ ਅਧਿਕਾਰੀਆਂ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਇਸ ਵੱਡੇ ਕਾਰਜ 'ਤੇ ਸਰਕਾਰੀ ਖਜ਼ਾਨੇ 'ਚੋਂ ਹੁਣ ਤਕ 10 ਕਰੋੜ ਰੁਪਏ ਦਾ ਖਰਚ ਆਇਆ ਹੈ। ਪੰਜਾਬ ਸਰਕਾਰ ਨੇ ਅਗਲੇ 10 ਦਿਨਾਂ 'ਚ 200 ਤੋਂ ਵੱਧ ਟਰੇਨਾਂ ਭੇਜਣ ਦੀ ਯੋਜਨਾ ਬਣਾਈ ਹੈ ਤੇ ਆਉਣ ਵਾਲੇ ਸਮੇਂ 'ਚ ਇਹ ਸੰਖਿਆ ਸੰਭਾਵਤ ਹੱਦ ਤਕ ਹੋਰ ਵੀ ਵਧੇਗੀ। ਵਿਕਾਸ ਪ੍ਰਤਾਪ ਨੇ ਅੱਗੇ ਕਿਹਾ ਕਿ ਪੰਜਾਬ ਵਲੋਂ ਰੋਜ਼ਾਨਾ 20 ਤੋਂ ਜ਼ਿਆਦਾ ਟਰੇਨਾਂ ਭੇਜਣ ਦੀ ਸੰਭਾਵਨਾ ਹੈ ਜੋ ਪੰਜਾਬ ਨੂੰ ਇਸ ਵਿਸ਼ਾਲ ਕਾਰਜ 'ਚ ਮੋਹਰੀ ਸੂਬਾ ਬਣਾਉਦਾ ਹੈ।
ਕੈਪਟਨ ਨੇ ਇਸ ਸੰਕਟ ਦੇ ਸ਼ੁਰੂ ਤੋਂ ਹੀ ਸੂਬੇ 'ਚ ਕੰਮ ਕਰ ਰਹੇ ਸਾਰੇ ਪ੍ਰਵਾਸੀਆਂ, ਜੋ ਆਪਣੇ ਪਿੱਤਰੀ ਰਾਜਾਂ ਨੂੰ ਵਾਪਸ ਜਾਣਾ ਚਾਹੁੰਦੇ ਹਨ, ਨੂੰ ਹਰ ਤਰ੍ਹਾਂ ਦੀ ਸਹਾਇਤਾ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਸੀ। ਪ੍ਰਵਾਸੀਆਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪਹੁੰਚਾਉਣ ਲਈ ਕੁੱਲ 150 'ਚੋਂ, ਸਭ ਤੋਂ ਵੱਧ ਟਰੇਨਾਂ (57) ਲੁਧਿਆਣਾ ਤੋਂ ਅਤੇ 45 ਟਰੇਨਾਂ ਜਲੰਧਰ ਤੋਂ ਚੱਲੀਆਂ ਹਨ। ਹੋਰ ਥਾਵਾਂ ਜਿਥੋਂ ਟਰੇਨਾਂ ਪ੍ਰਵਾਸੀਆਂ ਨੂੰ ਲੈ ਕੇ ਰਵਾਨਾ ਹੋਈਆਂ ਹਨ, ਉਨ੍ਹਾਂ 'ਚ ਅੰਮ੍ਰਿਤਸਰ, ਪਟਿਆਲਾ, ਮੋਹਾਲੀ, ਬਠਿੰਡਾ, ਫਿਰੋਜ਼ਪੁਰ ਅਤੇ ਸਰਹਿੰਦ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਦੋਰਾਹਾ ਤੋਂ ਵੀ ਟਰੇਨਾਂ ਚਲਾਉਣ ਜਾ ਰਹੇ ਹਨ। ਸਭ ਤੋਂ ਵੱਧ ਟਰੇਨਾਂ ਯੂ.ਪੀ. ਤੇ ਉਸ ਤੋਂ ਬਾਅਦ ਬਿਹਾਰ ਅਤੇ ਝਾਰਖੰਡ ਨੂੰ ਜਾ ਰਹੀਆਂ ਹਨ। ਪੰਜਾਬ ਸਰਕਾਰ ਛੱਤੀਸਗੜ੍ਹ, ਮਨੀਪੁਰ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ ਅਤੇ ਆਂਧਰਾ ਪ੍ਰਦੇਸ਼ ਨੂੰ ਵੀ ਟਰੇਨਾਂ ਭੇਜ ਰਹੀ ਹੈ।
ਪ੍ਰਵਾਸੀਆਂ ਮਜ਼ਦੂਰਾਂ ਦੀਆਂ ਮੁਸ਼ਕਲਾਂ ਘੱਟ ਕਰਨ ਲਈ ਸੂਬੇ ਵਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਦੀ ਵਚਨਬੱਧਤਾ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਘਰ ਵਾਪਸ ਜਾਣ ਵਾਲੇ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਸਫ਼ਰ ਲਈ ਭੋਜਨ, ਪਾਣੀ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਇਨ੍ਹਾਂ ਸਾਰੇ ਰਾਜਾਂ ਲਈ ਨੋਡਲ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ ਜੋ ਪ੍ਰਵਾਸੀਆਂ ਦੀ ਉਨ੍ਹਾਂ ਦੇ ਗ੍ਰਹਿ ਰਾਜਾਂ ਨੂੰ ਸੁਰੱਖਿਅਤ ਵਾਪਸੀ ਦੀ ਸਹੂਲਤ ਲਈ ਦੂਜੇ ਰਾਜਾਂ 'ਚ ਆਪਣੇ ਹਮਰੁਤਬਾ ਨਾਲ ਸਰਗਰਮੀ ਨਾਲ ਸੰਪਰਕ 'ਚ ਹਨ ਅਤੇ ਪ੍ਰਵਾਸੀਆਂ ਦੀ ਲਾਜ਼ਮੀ ਡਾਕਟਰੀ ਜਾਂਚ ਲਈ ਡਿਪਟੀ ਕਮਿਸਨਰਜ਼ ਪੱਧਰ 'ਤੇ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਗੱਡੀਆਂ 'ਚ ਸਿਰਫ਼ ਉਨ੍ਹਾਂ ਵਿਅਕਤੀਆਂ ਨੂੰ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ ਜਿਨ੍ਹਾਂ 'ਚ ਵਾਇਰਸ ਦੇ ਕੋਈ ਲੱਛਣ ਨਹੀਂ ਪਾਏ ਜਾਂਦੇ।
 


KamalJeet Singh

Content Editor

Related News