ਸ਼ਰਧਾਲੂਆਂ ਨੂੰ ਡਰਾਇਵਰਾਂ ਤੋਂ ਕੋਰੋਨਾ ਹੋਣ ਦੇ ਦਾਅਵੇ ਨੂੰ ਪੰਜਾਬ ਸਰਕਾਰ ਨੇ ਕੀਤਾ ਰੱਦ
Monday, May 04, 2020 - 09:33 PM (IST)
ਚੰਡੀਗੜ੍ਹ, (ਰਮਨਜੀਤ)— ਪੰਜਾਬ ਸਰਕਾਰ ਨੇ ਅੱਜ ਮਹਾਰਾਸ਼ਟਰ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਅਸ਼ੋਕ ਚਵਾਨ ਦੇ ਉਸ ਬਿਆਨ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ, ਜਿਸ 'ਚ ਉਨ੍ਹਾਂ ਦਾਅਵਾ ਕੀਤਾ ਹੈ ਕਿ ਨਾਂਦੇੜ ਸਾਹਿਬ ਤੋਂ ਪਰਤਣ ਵਾਲੇ ਸ਼ਰਧਾਲੂਆਂ ਨੂੰ ਕੋਰੋਨਾ ਲਾਗ ਸ਼ਾਇਦ ਪੰਜਾਬ ਦੇ ਡਰਾਈਵਰਾਂ ਤੋਂ ਲੱਗੀ ਹੈ। ਇਕ ਪ੍ਰੈੱਸ ਬਿਆਨ 'ਚ ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਅਸ਼ੋਕ ਚਵਾਨ ਦੇ ਬਿਆਨ ਨੂੰ ਗੁੰਮਰਾਹਕੁੰਨ ਅਤੇ ਤੱਥਾਂ ਤੋਂ ਸੱਖਣਾ ਕਰਾਰ ਦਿੱਤਾ। ਰਜ਼ੀਆ ਸੁਲਤਾਨਾ ਨੇ ਮਹਾਰਾਸ਼ਟਰ ਦੇ ਲੋਕ ਨਿਰਮਾਣ ਮੰਤਰੀ ਦੇ ਬਿਆਨ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਸੰਵਿਧਾਨਕ ਅਹੁਦੇ 'ਤੇ ਬੈਠੇ ਵਿਅਕਤੀ ਨੂੰ ਗੈਰ-ਜ਼ਿੰਮੇਵਾਰਾਨਾ ਵਿਵਹਾਰ ਨਹੀਂ ਕਰਨਾ ਚਾਹੀਦਾ ਅਤੇ ਤੱਥਾਂ ਦੀ ਪੁਸ਼ਟੀ ਕੀਤੇ ਬਿਨਾਂ ਕੋਈ ਬਿਆਨ ਨਹੀਂ ਦੇਣਾ ਚਾਹੀਦਾ। ਸੁਲਤਾਨਾ ਨੇ ਖੁਲਾਸਾ ਕੀਤਾ ਕਿ ਅਸਲ 'ਚ 31 ਵਾਹਨਾਂ (20 ਬੱਸਾਂ ਅਤੇ 11 ਟੈਂਪੋ ਟ੍ਰੈਵਲਰ) ਦਾ ਪਹਿਲਾ ਜੱਥਾ, ਜੋ ਸ੍ਰੀ ਨਾਂਦੇੜ ਸਾਹਿਬ ਤੋਂ 860 ਸ਼ਰਧਾਲੂਆਂ ਨੂੰ ਪੰਜਾਬ ਲੈ ਕੇ ਆਇਆ ਸੀ, 'ਚ ਸ਼ਾਮਲ ਸਾਰੇ ਵਾਹਨ ਅਤੇ ਚਾਲਕ ਮਹਾਰਾਸ਼ਟਰ ਦੇ ਸਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦੇ ਪਹਿਲੇ ਤਿੰਨ ਗਰੁੱਪ ਨਿੱਜੀ ਬੱਸਾਂ ਰਾਹੀਂ ਆਏ ਸਨ, ਜਿਨ੍ਹਾਂ ਦਾ ਪ੍ਰਬੰਧ ਸ੍ਰੀ ਨਾਂਦੇੜ ਸਾਹਿਬ ਤੋਂ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਤਖਤ ਸ੍ਰੀ ਹਜ਼ੂਰ ਸਾਹਿਬ ਟਰੱਸਟ ਵੱਲੋਂ ਭੇਜੀਆਂ ਗਈਆਂ 7 ਬੱਸਾਂ ਦੇ ਪਹਿਲੇ ਜੱਥੇ ਨੇ 23 ਅਪ੍ਰੈਲ ਦੀ ਰਾਤ ਨੂੰ ਪੰਜਾਬ ਲਈ ਆਪਣਾ ਸਫ਼ਰ ਸ਼ੁਰੂ ਕੀਤਾ। 11 ਟੈਂਪੂ ਟ੍ਰੈਵਲਰਜ਼ ਦਾ ਦੂਜਾ ਜੱਥਾ 24 ਅਪ੍ਰੈਲ ਦੇਰ ਰਾਤ ਨੂੰ ਪੰਜਾਬ ਲਈ ਚੱਲਿਆ ਅਤੇ 26 ਅਪ੍ਰੈਲ ਦੀ ਦੇਰ ਰਾਤ ਪੰਜਾਬ ਪਹੁੰਚਿਆ। ਇਸੇ ਤਰ੍ਹਾਂ 13 ਬੱਸਾਂ ਦਾ ਤੀਸਰਾ ਜਥਾ ਸ਼ਰਧਾਲੂਆਂ ਨੂੰ ਲੈ ਕੇ 25 ਅਪ੍ਰੈਲ ਦੇਰ ਰਾਤ ਅਤੇ 26 ਅਪ੍ਰੈਲ ਦੀ ਸੱਜਰੀ ਸਵੇਰ ਸ੍ਰੀ ਹਜ਼ੂਰ ਸਾਹਿਬ ਤੋਂ ਪੰਜਾਬ ਲਈ ਚੱਲਿਆ। ਇਹ ਬੱਸਾਂ 27 ਅਪ੍ਰੈਲ ਨੂੰ ਦੇਰ ਰਾਤ ਅਤੇ 28 ਅਪ੍ਰੈਲ ਦੀ ਸੱਜਰੀ ਸਵੇਰ ਪੰਜਾਬ ਪਹੁੰਚੀਆਂ। ਸੁਲਤਾਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਬੱਸਾਂ 25 ਅਪ੍ਰੈਲ ਨੂੰ ਪੰਜਾਬ ਤੋਂ ਸ੍ਰੀ ਨਾਂਦੇੜ ਸਾਹਿਬ ਲਈ ਰਵਾਨਾ ਹੋਈਆਂ ਅਤੇ 27 ਅਪ੍ਰੈਲ ਦੀ ਸਵੇਰ ਉਥੇ ਪਹੁੰਚੀਆਂ। ਇਨ੍ਹਾਂ ਬੱਸਾਂ ਨੇ 27 ਅਪ੍ਰੈਲ ਦੀ ਰਾਤ ਨੂੰ ਵਾਪਸ ਪੰਜਾਬ ਲਈ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ 29 ਅਪ੍ਰੈਲ ਬਾਅਦ ਦੁਪਿਹਰ ਤੋਂ 30 ਅਪ੍ਰੈਲ ਦੀ ਸਵੇਰ ਤਕ ਬਠਿੰਡਾ ਪਹੁੰਚੀਆਂ।
ਇਹ ਤੱਥਾਂ 'ਤੇ ਆਧਾਰਤ ਗੱਲ ਹੈ ਕਿ ਪੰਜਾਬ ਦੀਆਂ ਬੱਸਾਂ ਵਲੋਂ ਸ਼ਰਧਾਲੂਆਂ ਨੂੰ ਲਿਆਉਣ ਤੋਂ ਪਹਿਲਾਂ ਹੀ ਕੁਝ ਪ੍ਰਾਈਵੇਟ ਵਾਹਨ ਸ੍ਰੀ ਨਾਂਦੇੜ ਸਾਹਿਬ ਤੋਂ ਪੰਜਾਬ ਲਈ ਰਵਾਨਾ ਹੋ ਗਏ ਸਨ ਅਤੇ ਇਨ੍ਹਾਂ ਨਿੱਜੀ ਵਾਹਨਾਂ 'ਚ ਸਵਾਰ ਯਾਤਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਨ੍ਹਾਂ 'ਚ ਇਕ ਸ੍ਰੀ ਨਾਂਦੇੜ ਸਾਹਿਬ ਨਾਲ ਸਬੰਧਤ ਡਰਾਈਵਰ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਸਰਕਾਰ ਦੇ ਲੋਕ ਨਿਰਮਾਣ ਮੰਤਰੀ ਅਸ਼ੋਕ ਚਵਾਨ ਨੇ ਕੁਝ ਮੀਡੀਆ ਪਲੇਟਫਾਰਮਜ਼ ਨੂੰ ਦਿੱਤੀ ਆਪਣੀ ਇੰਟਰਵਿਊ 'ਚ ਦਾਅਵਾ ਕੀਤਾ ਸੀ ਕਿ ਮਹਾਰਾਸ਼ਟਰ ਦੇ ਨਾਂਦੇੜ 'ਚ ਇਕ ਗੁਰਦੁਆਰੇ ਤੋਂ ਸ਼ਰਧਾਲੂਆਂ ਨੂੰ ਬੱਸਾਂ 'ਚ ਪੰਜਾਬ ਲੈ ਕੇ ਜਾਣ ਵਾਲੇ ਪੰਜਾਬ ਦੇ ਡਰਾਈਵਰਾਂ ਤੋਂ ਸ਼ਰਧਾਲੂਆਂ 'ਚ ਕੋਰੋਨਾ ਵਾਇਰਸ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।