ਨਾਜਾਇਜ਼ ਮਾਈਨਿੰਗ ਖ਼ਿਲਾਫ਼ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਹੁਣ ਇਸ ਅਧਿਕਾਰੀ ''ਤੇ ਡਿੱਗੀ ਗਾਜ

05/09/2022 8:43:53 PM

ਫਿਰੋਜ਼ਪੁਰ (ਸੰਨੀ ਚੋਪੜਾ) : ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਸਖ਼ਤੀ ਦੇ ਰੌਂਅ ਵਿੱਚ ਨਜ਼ਰ ਆ ਰਹੀ ਹੈ। ਤਾਜ਼ਾ ਖ਼ਬਰ ਫਿਰੋਜ਼ਪੁਰ ਤੋਂ ਹੈ ਜਿੱਥੇ ਜ਼ਿਲ੍ਹਾ ਫਿਰੋਜ਼ਪੁਰ ਦੇ ਮਾਈਨਿੰਗ ਮਹਿਕਮੇ ਦੇ ਐੱਸ.ਈ.(ਨਿਗਰਾਨ ਇੰਜੀਨੀਅਰ) ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਅੰਦਰ ਵੱਡੀ ਮਾਤਰਾ ਵਿੱਚ ਹੋਈ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇਹ ਕਾਰਵਾਈ ਕੀਤੀ ਗਈ ਹੈ।ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਫਿਰੋਜ਼ਪੁਰ  ਕਨਾਲ ਹਲਕਾ ਦੇ ਨਿਗਰਾਨ ਇੰਜੀਨੀਅਰ ਸ੍ਰੀ ਰਾਜੀਵ ਗੋਇਲ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਲ ਸਰੋਤ ਮਾਈਨਿੰਗ ਅਤੇ ਜਿਓਲੋਜੀ ਵਿਭਾਗ ਦੇ ਪ੍ਰਮੁੱਖ ਸਕੱਤਰ  ਕ੍ਰਿਸ਼ਨ ਕੁਮਾਰ ਵੱਲੋਂ ਇਕ ਪੱਤਰ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਨਸ਼ਿਆਂ ਦੇ ਕਹਿਰ ਨੂੰ ਠੱਲ੍ਹਣ ਲਈ ਪੰਜਾਬ ਸਰਕਾਰ ਹੋਈ ਸਖ਼ਤ, ਮੁੱਖ ਮੰਤਰੀ ਨੇ ਚੁੱਕਿਆ ਵੱਡਾ ਕਦਮ

ਪੰਜਾਬ ਸਰਕਾਰ ਨੇ ਸੂਬੇ 'ਚ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਖ਼ਤ ਰੁਖ਼ ਅਖਤਿਆਰ ਕੀਤਾ ਹੋਇਆ ਹੈ।ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਨੇ ਪਠਾਨਕੋਟ ਦੇ ਮਾਈਨਿੰਗ ਅਫ਼ਸਰ ਨੂੰ ਵੀ ਤਤਕਾਲ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਸੀ। ਮਾਈਨਿਗ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਜਲਦ ਨਵੀਂ ਪਾਲਿਸੀ ਲਿਆਉਣ ਦੀ ਗੱਲ ਵੀ ਕਹੀ ਜਾ ਰਹੀ ਹੈ।

ਇਹ ਵੀ ਪੜ੍ਹੋ: ਭਲਕੇ ਹੋਵੇਗੀ CM ਮਾਨ ਨਾਲ ਪ੍ਰਿੰਸੀਪਲ ਅਤੇ ਡੀ. ਈ. ਓਜ਼ ਦੀ ਬੈਠਕ, ਸਰਕਾਰ ਕਰਨ ਜਾ ਰਹੀ ਹੈ ਇਹ ਪ੍ਰਬੰਧ

ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੇ ਖ਼ਾਲੀ ਖ਼ਜ਼ਾਨੇ ਨੂੰ ਭਰਨ ਦੇ ਇਕ ਵੱਡੇ ਸਰੋਤ ਵਜੋਂ ਨਾਜਾਇਜ਼ ਮਾਈਨਿੰਗ 'ਤੇ ਕਾਬੂ ਪਾਉਣ ਦਾ ਦਾਅਵਾ ਵੀ ਕੀਤਾ ਗਿਆ ਸੀ।ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਵੀ ਸਿਆਸੀ ਵਿਰੋਧੀ ਧਿਰਾਂ ਵੱਲੋਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਮੇਂ-ਸਮੇਂ 'ਤੇ ਸਵਾਲ ਚੁੱਕੇ ਗਏ ਸਨ ਪਰ ਇਸ ਸਬੰਧੀ ਕੋਈ ਠੋਸ ਨੀਤੀ ਨਹੀਂ ਬਣ ਸਕੀ। ਬੇਸ਼ੱਕ ਚਰਨਜੀਤ ਚੰਨੀ  ਸਰਕਾਰ ਨੇ ਰੇਤ ਦੇ ਭਾਅ ਘਟਾਉਣ ਦੇ ਦਾਅਵੇ ਕੀਤੇ ਸਨ ਪਰ ਵਿਰੋਧੀਆਂ ਵੱਲੋਂ ਅਤੇ ਖ਼ਾਸ ਕਰ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ 'ਤੇ ਹੀ ਨਾਜਾਇਜ਼ ਮਾਈਨਿੰਗ 'ਚ ਸ਼ਾਮਲ ਹੋਣ ਦੇ ਇਲਜ਼ਾਮ ਲਗਾਏ ਜਾਂਦੇ ਰਹੇ ਹਨ।ਫ਼ਿਲਹਾਲ ਭਗਵੰਤ ਮਾਨ ਸਰਕਾਰ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਸਖ਼ਤ ਰੌਂਅ ਵਿੱਚ ਨਜ਼ਰ ਆ ਰਹੀ ਹੈ ਪਰ ਰੇਤ ਵੇਚਣ ਨੂੰ ਲੈ ਕੇ ਕੋਈ ਨੀਤੀ ਨਾ ਬਣਾਉਣ ਕਾਰਨ ਵਿਰੋਧੀ ਮਹਿੰਗੀ ਰੇਤ ਵਿਕਣ ਦੇ ਇਲਜ਼ਾਮ ਲਾ ਕੇ ਪੰਜਾਬ ਸਰਕਾਰ ਨੂੰ ਘੇਰ ਰਹੇ ਹਨ। 

ਇਹ ਵੀ ਪੜ੍ਹੋ:  ਚਰਚਾ ਦਾ ਵਿਸ਼ਾ ਬਣਿਆ ਜਲੰਧਰ ਦੇ ਥਾਣੇ 'ਚ ਹੋਇਆ ਵਿਆਹ, ਪੁਲਸ ਵਾਲੇ ਬਣੇ ਗਵਾਹ

ਨੋਟ:  ਪੰਜਾਬ ਸਰਕਾਰ ਦੀ ਇਸ ਕਾਰਵਾਈ ਸਬੰਧੀ ਤੁਸੀਂ ਕੀ ਕਹੋਗੇ? ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News