ਪੰਜਾਬ ਸਰਕਾਰ ਸ਼ਹੀਦ ਕਿਸਾਨਾਂ ਦੀ ਲਵੇ ਸਾਰ : ਬੀਬਾ ਬਾਦਲ

Wednesday, Nov 03, 2021 - 12:32 AM (IST)

ਮਾਨਸਾ/ਭੀਖੀ(ਜੱਸਲ,ਤਾਇਲ)- ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਦਿਨੀਂ ਜ਼ਿਲ੍ਹਾ ਮਾਨਸਾ ਦੇ ਪਿੰਡ ਖੀਵਾ ਦਿਆਲੂ ਵਾਲਾ ਦੀਆਂ ਦਿੱਲੀ ਦੇ ਟਿਕਰੀ ਬਾਰਡਰ ਟਿੱਪਰ ਵੱਲੋਂ ਦਰੜ ਦੇਣ ਕਾਰਨ ਸ਼ਹੀਦ ਹੋਈਆਂ ਕਿਸਾਨ ਬੀਬੀਆਂ ਅਮਰਜੀਤ ਕੌਰ, ਗੁਰਮੇਲ ਕੌਰ, ਸ਼ਿੰਦਰ ਕੌਰ ਦੇ ਘਰ ਜਾ ਕੇ ਦੁੱਖ ਪ੍ਰਗਟਾਇਆ। ਉਨ੍ਹਾਂ ਦੇ ਨਾਲ ਜ਼ਿਲ੍ਹਾ ਸ਼ਹਿਰੀ ਵਿੰਗ ਦੇ ਪ੍ਰਧਾਨ ਪ੍ਰੇਮ ਅਰੋੜਾ ਵੀ ਮੌਜੂਦ ਸਨ। ਹਰਸਿਮਰਤ ਕੌਰ ਬਾਦਲ ਨੇ ਸ਼ਹੀਦ ਕਿਸਾਨ ਬੀਬੀਆਂ ਦੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਵਿਖੇ ਸੰਘਰਸ਼ ਕਰ ਰਹੇ ਸੈਂਕੜੇ ਕਿਸਾਨ ਸ਼ਹੀਦੀ ਪਾ ਚੁੱਕੇ ਹਨ ਪਰ ਕੇਂਦਰ ਸਰਕਾਰ ਹਾਲੇ ਤਕ ਟਸ ਤੋਂ ਮਸ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਯੂ.ਪੀ. ਵਾਲੀ ਘਟਨਾ ਨੂੰ ਲੈ ਕੇ ਉਥੋਂ ਦੇ ਮੁੱਖ ਮੰਤਰੀ ਨੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਦੇ ਘਰ ਜਾ ਕੇ ਵੱਡੀ ਸਹਾਇਤਾ ਦਾ ਐਲਾਨ ਕੀਤਾ ਅਤੇ ਪਰਿਵਾਰ ਨਾਲ ਦੁੱਖ ਪ੍ਰਗਟਾਇਆ, ਉਸੇ ਤਰਜ਼ ’ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਇਨ੍ਹਾਂ ਕਿਸਾਨਾਂ ਦੀ ਸਾਰ ਲੈਣੀ ਚਾਹੀਦਾ ਹੈ ਪਰ ਸਰਕਾਰ ਮਾਮੂਲੀ ਐਲਾਨ ਕਰ ਕੇ ਹਾਲੇ ਤਕ ਇਨ੍ਹਾਂ ਪਰਿਵਾਰਾਂ ਕੋਲ ਦੁੱਖ ਵੰਡਾਉਣ ਲਈ ਵੀ ਨਹੀਂ ਪੁੱਜ ਸਕੀ। ਉਨ੍ਹਾਂ ਕਿਹਾ ਕਿ ਇਹ ਆਪਣੇ ਆਪ ਵਿਚ ਇਕ ਤਰਾਸਦੀ ਹੈ ਕਿ ਕਿਸਾਨ ਸੰਘਰਸ਼ ਕਰ ਰਹੇ ਹਨ ਅਤੇ ਸਮੇਂ ਦੀਆਂ ਸਰਕਾਰਾਂ ਉਨ੍ਹਾਂ ਦੀਆਂ ਸ਼ਹੀਦੀਆਂ ’ਤੇ ਮਾਮੂਲੀ ਐਲਾਨ ਕਰ ਕੇ ਉਨ੍ਹਾਂ ਦਾ ਹਮਦਰਦ ਹੋਣ ਦੇ ਡਰਾਮਾ ਕਰ ਰਹੀਆਂ ਹਨ। ਉਨ੍ਹਾਂ ਇਸ ਮਾਮਲੇ ਸਬੰਧੀ ਡੀ. ਸੀ. ਮਾਨਸਾ ਨਾਲ ਤਾਲਮੇਲ ਕਰ ਕੇ ਮੁੱਖ ਮੰਤਰੀ ਤਕ ਇਹ ਬੇਨਤੀ ਪਹੁੰਚਾਉਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰੇਮ ਅਰੋੜਾ ਨੇ ਵੀ ਕਿਸਾਨ ਪਰਿਵਾਰਾਂ ਨਾਲ ਦੁੱਖ ਪ੍ਰਗਟਾਇਆ ਤੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਨਾਲ ਡਟ ਕੇ ਖੜ੍ਹਾ ਹੈ ਤੇ ਹਮੇਸ਼ਾ ਖੜ੍ਹਾ ਰਹੇਗਾ। ਇਸ ਸਮੇ ਜ਼ਿਲ੍ਹਾ ਸ਼ਹਿਰੀ ਵਿੰਗ ਦੇ ਪ੍ਰਧਾਨ ਪ੍ਰੇਮ ਅਰੋੜਾ, ਗੁਰਮੇਲ ਸਿੰਘ ਠੇਕੇਦਾਰ ਜ਼ਿਲਾ ਪ੍ਰਧਾਨ ਵਿੰਗ, ਸਿਮਰਜੀਤ ਕੌਰ ਸਿੰਮੀ ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ, ਭੁਪਿੰਦਰ ਸਿੰਘ ਬੀਰਬਲ ਬਸਪਾ ਅਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।


Bharat Thapa

Content Editor

Related News