ਪੰਜਾਬ ਰਾਜਪਾਲ ਜ਼ਹਿਰੀਲੀ ਸ਼ਰਾਬ ਮਾਮਲੇ ''ਚ ਜ਼ਿੰਮੇਵਾਰ ਕਾਂਗਰਸ ਸਰਕਾਰ ਨੂੰ ਕਰਨ ਭੰਗ : ਜਸਵੀਰ ਗੜ੍ਹੀ

Tuesday, Aug 04, 2020 - 11:01 PM (IST)

ਬਲਾਚੌਰ,(ਬ੍ਰਹਮਪੁਰੀ, ਬੈਂਸ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਮਾਝੇ ਦੇ ਤਿੰਨ ਜ਼ਿਲ੍ਹਿਆਂ ਵਿਚ 112 ਤੋਂ ਵੱਧ ਨਸ਼ੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਲਈ ਕਥਿਤ ਤੌਰ 'ਤੇ ਜ਼ਿੰਮੇਵਾਰ ਕਾਂਗਰਸ ਸਰਕਾਰ ਨੂੰ ਭੰਗ ਕਰਨ ਦੀ ਮੰਗ ਪੰਜਾਬ ਰਾਜਪਾਲ ਵੀ. ਪੀ. ਬਦਨੌਰ ਤੋਂ ਕੀਤੀ। ਕਾਂਗਰਸ  ਸਰਕਾਰ 'ਤੇ ਵਰਦਿਆ ਉਨ੍ਹਾਂ ਕਿਹਾ ਕਿ ਹੁਣ ਤਾਂ ਕਾਂਗਰਸ ਦੇ ਦੋ ਸਾਬਕਾ ਸੂਬਾ ਪ੍ਰਧਾਨਾਂ ਨੇ ਵੀ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲਗਾ ਦਿੱਤਾ ਹੈ। ਇਸ ਲਈ ਇਖ਼ਲਾਕੀ ਤੌਰ 'ਤੇ ਹੁਣ ਕੈਪਟਨ ਅਮਰਿੰਦਰ ਸਿੰਘ ਕੋਲ ਪੰਜਾਬ ਦੀ ਅਗਵਾਈ ਕਰਨ ਦਾ ਹੁਣ ਹੱਕ ਨਹੀਂ ਬਣਦਾ ਅਤੇ ਸਮਾਂ ਆ ਚੁੱਕਾ ਹੈ ਕਿ ਪੰਜਾਬ ਰਾਜਪਾਲ ਸੂਬੇ ਦੀ ਕਾਂਗਰਸ ਸਰਕਾਰ ਨੂੰ ਭੰਗ ਕਰਨ ਦਾ ਫੈਂਸਲਾ ਲਵੇ। ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ਦੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਪੰਜਾਬ 'ਚ ਸ਼ਰਾਬ ਮਾਫੀਆ, ਰੇਤ ਮਾਫੀਆ ਤੇ  ਟਰਾਂਸਪੋਰਟ ਮਾਫੀਆ ਨੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਾ ਕੇ ਅੰਨ੍ਹੀ ਲੁੱਟ ਮਚਾਈ ਹੋਈ ਹੈ ਤੇ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਮਾਫੀਆ ਨੂੰ ਨੱਥ ਪਾਉਣ 'ਚ ਬੁਰੀ ਤਰ੍ਹਾਂ ਅਸਫਲ ਸਾਬਿਤ ਹੋਇਆ ਹੈ। ਜਿਸ ਕਾਰਨ ਅੱਜ ਪੰਜਾਬ ਵਿਚ ਹਰ ਰੋਜ਼ ਬੇਲਗਾਮ ਸ਼ਰਾਬ ਤਸਕਰਾਂ ਦੁਆਰਾ ਗੈਰ ਕਾਨੂੰਨੀ ਸ਼ਰਾਬ ਘਰ-ਘਰ ਸਪਲਾਈ ਕਰਕੇ ਗਰੀਬਾਂ ਦੇ ਘਰਾਂ 'ਚ ਮੌਤਾਂ ਦੇ ਸੱਥਰ ਬੁਛਾਏ ਜਾ ਰਹੇ ਹਨ ।

ਉਨ੍ਹਾਂ ਦੱਸਿਆ ਕਿ ਕੈਪਟਨ ਸਰਕਾਰ ਦੀ ਨਾਕਾਮੀ ਦੇ ਵਿਰੋਧ ਵਿੱਚ ਅੱਜ ਬਸਪਾ ਵਲੋਂ ਸਾਰੇ 117 ਵਿਧਾਨ ਸਭਾ ਚੋਣ ਹਲਕਿਆ ਵਿਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤੇ ਗਏ ਤੇ ਰੋਸ ਵਜੋਂ ਨਿਕੰਮੀ ਕੈਪਟਨ ਸਰਕਾਰ ਦੀਆ ਅਰਥੀਆਂ ਪੂਰੇ ਪੰਜਾਬ ਵਿਚ ਫੂਕੀਆਂ ਗਈਆਂ। ਸਥਾਨਕ ਪ੍ਰਸ਼ਾਸਨ ਰਾਹੀਂ ਪੰਜਾਬ ਸਰਕਾਰ ਨੂੰ ਭੰਗ ਕਰਨ ਲਈ ਮਾਣਯੋਗ ਰਾਜਪਾਲ ਪੰਜਾਬ ਨੂੰ ਮੈਮੋਰੰਡਮ ਭੇਜੇ ਗਏ । ਪੂਰੇ ਪੰਜਾਬ 'ਚ ਬਸਪਾ ਨੇ 117 ਵਿਧਾਨ ਸਭਾ ਪੱਧਰੀ ਪ੍ਰੋਗਰਾਮ ਦਿੱਤੇ ਗਏ ਸਨ, ਜਿਸ ਸਬੰਧੀ ਪੂਰੇ ਪੰਜਾਬ ਤੋਂ ਬਸਪਾ ਦੇ ਰੋਹ ਪੂਰਨ ਖਬਰਾਂ ਦੀਆਂ ਸੂਚਨਾ ਪ੍ਰਾਪਤ ਹੋਈਆਂ ਹਨ। ਜਿਲ੍ਹਾ ਰੋਪੜ, ਮੋਹਾਲੀ, ਨਵਾਂਸ਼ਹਿਰ, ਜਲੰਧਰ, ਹੁਸ਼ਿਆਰਪੁਰ, ਤਰਨਤਾਰਨ, ਅੰਮ੍ਰਿਤਸਰ, ਫਤਹਿਗੜ੍ਹ ਸਾਹਿਬ, ਸੰਗਰੂਰ, ਮੋਗਾ, ਫਰੀਦਕੋਟ, ਮੁਕਤਸਰ, ਕਪੂਰਥਲਾ, ਗੁਰਦਾਸਪੁਰ, ਮਾਨਸਾ, ਬਠਿੰਡਾ ਪਟਿਆਲਾ, ਆਦਿ ਜ਼ਿਲ੍ਹਿਆਂ 'ਚ ਬਸਪਾ ਵਰਕਰ 'ਤੇ ਲੀਡਰਸ਼ਿਪ ਜ਼ਹਿਰੀਲੀ ਸ਼ਰਾਬ ਅਤੇ ਕਾਂਗਰਸ ਸਰਕਾਰ ਦੀਆਂ ਨੀਤੀਆਂ ਖਿਲਾਫ ਜੋਸ਼ ਨਾਲ ਸੜਕਾਂ ਉਪਰ ਨਾਅਰੇਬਾਜ਼ੀ ਕਰਦੇ ਉੱਤਰੇ। ਬਸਪਾ ਸੂਬਾ ਪ੍ਰਧਾਨ ਨੇ ਬਲਾਚੌਰ ਵਿਧਾਨ ਸਭਾ ਵਿੱਚ ਮੋਰਚਾ ਲਾਇਆ ।  ਪਾਰਟੀ ਪ੍ਰਧਾਨ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਧੱਕੇਸ਼ਾਹੀ ਕਰਦਿਆਂ ਲੰਬੀ, ਖਰੜ ਵਿਧਾਨ ਸਭਾਵਾਂ ਹਲਕਿਆਂ 'ਚ ਪ੍ਰਸ਼ਾਸਨ ਨੇ ਪਾਰਟੀ ਵਰਕਰਾਂ ਨਾਲ਼ ਵਾਦ ਵਿਵਾਦ ਕੀਤਾ, ਜਿਸ ਦੀ ਉਹ ਸਖ਼ਤ ਨਿੰਦਾ ਕਰਦੇ ਹਨ। ਇਸ ਮੌਕੇ ਸੂਬਾ ਪ੍ਰਧਾਨ ਨੇ ਨਾਇਬ ਤਹਿਸੀਲਦਾਰ ਰਾਹੀਂ ਮੰਗ ਪੱਤਰ ਪੰਜਾਬ ਦੇ ਰਾਜਪਾਲ ਨੂੰ ਭੇਜਿਆ। ਜਿਸ 'ਚ ਕਾਂਗਰਸ ਸਰਕਾਰ ਨੂੰ ਬਰਖ਼ਾਸਤ ਕਰਨ ਆਦਿ ਮੰਗਾਂ ਸਨ।

 


Deepak Kumar

Content Editor

Related News