ਬੱਸੀਆਂ ਕੋਠੀ ਨੂੰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਏਗੀ ਪੰਜਾਬ ਸਰਕਾਰ : ਅਨਮੋਲ ਗਗਨ ਮਾਨ
Wednesday, Apr 19, 2023 - 10:41 PM (IST)
ਲੁਧਿਆਣਾ/ਚੰਡੀਗੜ੍ਹ (ਬਿਊਰੋ) : ਵਿਸ਼ਵ ਵਿਰਾਸਤ ਦਿਵਸ ਮੌਕੇ ਬੀਤੀ ਸ਼ਾਮ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਤੇ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਰਾਏਕੋਟ ਬੱਸੀਆਂ (ਲੁਧਿਆਣਾ) ਵਲੋਂ ਸਾਂਝੇ ਤੌਰ ’ਤੇ ਬੱਸੀਆਂ (ਰਾਏਕੋਟ) ਵਿਖੇ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ 200 ਸਾਲ ਪੁਰਾਣੀ ਇਸ ਵਡਮੁੱਲੀ ਵਿਰਾਸਤੀ ਇਮਾਰਤ ਤੇ ਇਸ ਦੇ ਕੈਂਪਸ ਨੂੰ ਸੂਬਾ ਸਰਕਾਰ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਾਏਗੀ।
ਇਹ ਵੀ ਪੜ੍ਹੋ : ਖੇਤੀਬਾੜੀ ਮੰਤਰੀ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਨੁਮਾਇੰਦਿਆਂ ਨਾਲ ਮੀਟਿੰਗ, ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
ਉਨ੍ਹਾਂ ਕਿਹਾ ਕਿ ਇਸ ਥਾਂ ’ਤੇ ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਵਲੋਂ ਆਖ਼ਰੀ ਰਾਤ ਬਿਤਾਉਣ ਕਾਰਨ ਇਸ ਥਾਂ ਦਾ ਪੰਜਾਬ ਲਈ ਇਤਿਹਾਸਕ ਮਹੱਤਵ ਬਹੁਤ ਜ਼ਿਆਦਾ ਹੈ। ਬੱਸੀਆਂ ਕੋਠੀ ਦੇ ਵਿਕਾਸ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੇ ਅਨੁਮਾਨ ਮੁਤਾਬਕ ਸਭ ਕਾਰਜ ਪੂਰੇ ਕੀਤੇ ਜਾਣਗੇ। ਪੰਜਾਬ ਵਿਚ ਸੈਰ-ਸਪਾਟਾ ਵਿਕਾਸ ਲਈ ਜਲ ਸੋਮਿਆਂ, ਧਾਰਮਿਕ ਯਾਤਰਾ, ਕਲਾ ਮਹੱਤਵ ਵਾਲੀਆਂ ਥਾਵਾਂ ਸਬੰਧੀ ਯੋਜਨਾ ਬਣਾਈ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਬੱਸੀਆਂ ਕੋਠੀ ਦੇ ਵਿਕਾਸ ਕਾਰਜਾਂ ਲਈ 20 ਲੱਖ ਰੁਪਏ ਦੇਣ ਸਬੰਧੀ ਕੀਤੇ ਐਲਾਨ ਲਈ ਧੰਨਵਾਦ ਕੀਤਾ।
ਇਹ ਵੀ ਪੜ੍ਹੋ : ਮਾਮਲਾ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਘਟਨਾ ਦਾ, ਸ਼ਰਧਾਲੂ ਕੁੜੀ ਨੇ ਮੁਆਫ਼ੀ ਮੰਗਦਿਆਂ ਕਹੀ ਇਹ ਗੱਲ
ਰਾਜ ਸਭਾ ਸੰਜੀਵ ਅਰੋੜਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਲੁਧਿਆਣਾ ਦਾ ਜੰਮਪਲ ਹੋਣ ਦੇ ਬਾਵਜੂਦ ਮੈਂ ਇਸ ਸਥਾਨ ਦੇ ਮਹੱਤਵ ਤੋਂ ਵਾਕਿਫ਼ ਨਹੀਂ ਸੀ ਪਰ ਅੱਜ ਤੋਂ ਬਾਅਦ ਮੈਂ ਪੂਰੇ ਹੱਕ ਨਾਲ ਦੇਸ਼ ਦੇ ਲੋਕਾਂ ਨੂੰ ਇਸ ਸਥਾਨ ਦੇ ਦਰਸ਼ਨਾਂ ਲਈ ਲੈ ਕੇ ਆਵਾਂਗਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਸਥਾਨ ਦੇ ਵਿਕਾਸ ਲਈ 20 ਲੱਖ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਤੇ ਕਿਹਾ ਕਿ ਇਸ ਥਾਂ ਦੇ ਵਿਕਾਸ ਲਈ ਭਵਿੱਖ ਵਿਚ ਹੋਰ ਸਾਧਨ ਵੀ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਵਿਸ਼ਵ ਵਿਰਾਸਤ ਦਿਹਾੜੇ ’ਤੇ ਮੇਰਾ ਪਰਿਵਾਰ ਸਮੇਤ ਬੱਸੀਆਂ ਕੋਠੀ ਆਉਣਾ ਸਾਡੇ ਲਈ ਸ਼ੁਭ ਦਿਨ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਦੀ ਵੱਡੀ ਕਾਰਵਾਈ, ਹੁਣ ਇਸ ਸਾਬਕਾ ਡਿਪਟੀ ਡਾਇਰੈਕਟਰ ਤੇ ਉਸ ਦੀ ਪਤਨੀ ਖ਼ਿਲਾਫ਼ ਕੀਤਾ ਕੇਸ ਦਰਜ
ਇਸ ਮੌਕੇ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਮੰਤਰੀ ਅਨਮੋਲ ਗਗਨ ਮਾਨ, ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ, ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਡਾ. ਸੁਰਜੀਤ ਪਾਤਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ, ਪੰਜਾਬ ਪੁਲਸ ਦੇ ਆਈ.ਜੀ. ਡਾ. ਕੌਸਤੁਭ ਸ਼ਰਮਾ, ਪੰਜਾਬ ਫਾਰਮਰਜ਼ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਢੀਂਡਸਾ, ਲੁਧਿਆਣਾ ਦੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ, ਕੰਵਰਦੀਪ ਸਿੰਘ ਸੋਨੂੰ ਨੀਲੀਬਾਰ, ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ ਦੇ ਟਰੱਸਟੀ ਪਿਰਥੀਪਾਲ ਸਿੰਘ, ਪਰਮਿੰਦਰ ਸਿੰਘ ਜੱਟਪੁਰੀ ਤੇ ਸਿੱਖ ਚਿੰਤਕ ਡਾ. ਅਨੁਰਾਗ ਸਿੰਘ ਨੇ ਬੱਸੀਆਂ ਕੋਠੀ ਬਾਰੇ ਹਰਪ੍ਰੀਤ ਸਿੰਘ ਸੰਧੂ ਵਲੋਂ ਤਿਆਰ ਕੀਤੀ ਦਸਤਾਵੇਜ਼ੀ ਫਿਲਮ ਵੀ ਲੋਕ ਅਰਪਣ ਕੀਤੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।