ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਤੇ ਮਾਪਿਆਂ ਲਈ ਚੰਗੀ ਖ਼ਬਰ, ਇਸ ਮਾਮਲੇ 'ਚ ਪਹਿਲੇ ਨੰਬਰ 'ਤੇ 'ਪੰਜਾਬ'
Thursday, Feb 04, 2021 - 04:31 PM (IST)
ਚੰਡੀਗੜ੍ਹ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਚੰਗੀ ਖ਼ਬਰ ਹੈ। ਦਰਅਸਲ ਹਾਲ ਹੀ 'ਚ ਹੋਏ ਆਰਥਿਕ ਸਰਵੇਖਣ-2021 'ਚ ਵਿਦਿਆਰਥੀਆਂ ਦੀ ਹਾਜ਼ਰੀ ਦੇ ਮਾਮਲੇ 'ਚ ਦੇਸ਼ ਭਰ ’ਚੋਂ ਪੰਜਾਬ ਅੱਵਲ ਰਿਹਾ ਹੈ। ਸਰਵੇਖਣ ’ਚ ਆਏ ਨਤੀਜਿਆਂ ਅਨੁਸਾਰ ਮੁੱਢਲੀ ਸਿੱਖਿਆ ਦੇ ਖੇਤਰ ’ਚ 3 ਤੋਂ 5 ਸਾਲ ਵਰਗ ’ਚ ਪੰਜਾਬ 'ਚ 61.6 ਫ਼ੀਸਦੀ ਵਿਦਿਆਰਥੀਆਂ ਦੀ ਹਾਜ਼ਰੀ ਰਿਕਾਰਡ ਕੀਤੀ ਗਈ, ਜੋ ਕਿ ਪੂਰੇ ਦੇਸ਼ 'ਚ ਸਭ ਤੋਂ ਵੱਧ ਸੀ।
ਇਹ ਵੀ ਪੜ੍ਹੋ : ਪੰਜਾਬ 'ਚ 'ਡਿਫਾਲਟਰ ਕਰਜ਼ਦਾਰਾਂ' ਲਈ ਸ਼ੁਰੂ ਹੋਈ ਇਹ ਖ਼ਾਸ ਸਕੀਮ, ਮਿਲੇਗੀ ਵੱਡੀ ਰਾਹਤ
ਇਸ ਮੌਕੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਨੀਤੀਗਤ ਬਦਲਾਅ ਦੇ ਚੱਲਦਿਆਂ ਸੂਬੇ 'ਚ ਸਿੱਖਿਆ ਦਾ ਨਵਾਂ ਦੌਰ ਸ਼ੁਰੂ ਹੋਇਆ ਹੈ। ਉਨ੍ਹਾਂ ਕਿਹਾ ਕਿ ਮੁੱਢਲੀ ਸਿੱਖਿਆ ਦੀ ਨੀਂਹ ਮਜ਼ਬੂਤ ਕਰਨ ਲਈ ਪੰਜਾਬ ਨੇ ਹੀ ਦੇਸ਼ ਭਰ 'ਚੋਂ ਸਭ ਤੋਂ ਪਹਿਲਾਂ ਪੂਰਨ ਤੌਰ ’ਤੇ ਪ੍ਰੀ-ਪ੍ਰਾਈਮਰੀ ਕਲਾਸਾਂ ਸਰਕਾਰੀ ਸਕੂਲਾਂ 'ਚ 14 ਨਵੰਬਰ, 2017 ਨੂੰ ਸ਼ੁਰੂ ਕੀਤੀਆਂ ਸਨ।
ਇਹ ਵੀ ਪੜ੍ਹੋ : ਟਿੱਕਰੀ ਬਾਰਡਰ ਤੋਂ 'ਉਗਰਾਹਾਂ' ਦਾ ਵੱਡਾ ਐਲਾਨ, ਸਰਕਾਰ ਨਾਲ ਗੱਲਬਾਤ ਲਈ ਸਾਹਮਣੇ ਰੱਖੀ ਇਹ ਮੰਗ
ਉਨ੍ਹਾਂ ਕਿਹਾ ਕਿ ਕਲਾਸਾਂ ਸ਼ੁਰੂ ਕਰਨ ਤੋਂ ਲੈ ਕੇ ਅੱਜ ਤੱਕ ਸਕੂਲ ਸਿੱਖਿਆ ਮਹਿਕਮੇ 'ਚ ਅਧਿਆਪਕਾਂ ਅਤੇ ਹੋਰਨਾਂ ਸਬੰਧਿਤ ਵਰਗਾਂ ਦੇ ਸਹਿਯੋਗ ਸਦਕਾ ਹੋ ਰਹੇ ਸਾਰਥਕ ਬਦਲਾਅ ਦੀ ਇਹ ਇੱਕ ਵੱਡੀ ਮਿਸਾਲ ਹੈ। ਸਿੰਗਲਾ ਨੇ ਕਿਹਾ ਕਿ ਪ੍ਰੀ-ਪ੍ਰਾਈਮਰੀ ਕਲਾਸਾਂ ਦਾ ਦਾਖ਼ਲਾ ਅਤੇ ਪੜ੍ਹਾਈ ਬਿਲਕੁਲ ਮੁਫ਼ਤ ਹੈ, ਜਿਸ ਨਾਲ ਵਿੱਤੀ ਤੌਰ ‘ਤੇ ਕਮਜ਼ੋਰ ਮਾਪਿਆਂ ਦੇ ਬੱਚਿਆਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰੀ-ਪ੍ਰਾਈਮਰੀ ਕਲਾਸਾਂ ਦੇ ਦਾਖ਼ਲਿਆਂ 'ਚ ਸਾਲ ਦਰ ਸਾਲ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਕਿਉਂਕਿ ਅਕਾਦਮਿਕ ਵਰ੍ਹੇ 2018-19 ’ਚ 2 ਲੱਖ 13 ਹਜ਼ਾਰ ਬੱਚਿਆਂ ਨੇ ਦਾਖ਼ਲਾ ਲਿਆ ਸੀ, ਜੋ 2019-20 ’ਚ ਵੱਧ ਕੇ 2 ਲੱਖ 25 ਹਜ਼ਾਰ ਹੋ ਗਿਆ।
ਉਨ੍ਹਾਂ ਕਿਹਾ ਕਿ ਚਾਲੂ ਅਕਾਦਮਿਕ ਵਰ੍ਹੇ 'ਚ ਸਰਕਾਰੀ ਸਕੂਲਾਂ 'ਚ 3 ਲੱਖ 30 ਹਜ਼ਾਰ ਬੱਚੇ ਪ੍ਰੀ-ਪ੍ਰਾਈਮਰੀ ਜਮਾਤਾਂ 'ਚ ਦਾਖ਼ਲਾ ਲੈ ਚੁੱਕੇ ਹਨ, ਜੋ ਕਿ ਆਪਣੇ ਆਪ 'ਚ ਇੱਕ ਰਿਕਾਰਡ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਦਾਖ਼ਲਾ ਵੱਧਣ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਮੰਗ ਵਧੀ ਹੈ, ਜਿਸ ਨੂੰ ਦੇਖਦਿਆਂ ਸਿੱਖਿਆ ਮਹਿਕਮੇ ਵੱਲੋਂ ਸ਼ੁਰੂ ਕੀਤੀਆਂ ਗਈਆਂ ਪ੍ਰੀ-ਪ੍ਰਾਈਮਰੀ ਜਮਾਤਾਂ 'ਚ ਪੜ੍ਹਾਉਣ ਲਈ 8393 ਪ੍ਰੀ-ਪ੍ਰਾਈਮਰੀ ਅਧਿਆਪਕਾਂ ਦੀਆਂ ਪੱਕੀਆਂ ਪੋਸਟਾਂ ਨੂੰ ਭਰਨ ਦੀ ਪੰਜਾਬ ਸਰਕਾਰ ਨੇ ਮਨਜ਼ੂਰੀ ਦਿੱਤੀ, ਜਿਸ ਦੀ ਭਰਤੀ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ 3-6 ਸਾਲ ਦੇ ਬੱਚਿਆਂ ਲਈ ਭਵਿੱਖ 'ਚ ਹੋਰ ਅਧਿਆਪਕ ਮਿਲਣ ਦੀ ਆਸ ਬੱਝੀ ਹੈ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਏ ਹਨ।
ਨੋਟ : ਵਿਦਿਆਰਥੀਆਂ ਦੀ ਹਾਜ਼ਰੀ ਮਾਮਲੇ 'ਚ ਪੂਰੇ ਦੇਸ਼ 'ਚੋਂ ਪੰਜਾਬ ਦੇ ਅੱਵਲ ਆਉਣ ਬਾਰੇ ਦਿਓ ਆਪਣੀ ਰਾਏ