ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਵਿਭਾਗ ਦੇ ਸਖਤ ਨਿਰਦੇਸ਼

Saturday, Jul 14, 2018 - 09:29 AM (IST)

ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਿੱਖਿਆ ਵਿਭਾਗ ਦੇ ਸਖਤ ਨਿਰਦੇਸ਼

ਮੋਹਾਲੀ (ਕੁਲਦੀਪ) : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਹੁਣ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਗਾਈਡਾਂ ਨਹੀਂ ਪੜ੍ਹਾਈਆਂ ਜਾ ਸਕਣਗੀਆਂ। ਸਿੱਖਿਆ ਵਿਭਾਗ ਪੰਜਾਬ ਨੇ ਸਖਤ ਨਿਰਦੇਸ਼ ਜਾਰੀ ਕਰਦੇ ਹੋਏ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ 'ਚ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਗਾਈਡਾਂ ਪੜ੍ਹਾਏ ਜਾਣ 'ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਹੈ। ਇਸ ਸਬੰਧੀ ਵਿਭਾਗ ਵਲੋਂ ਇਕ ਚਿੱਠੀ ਵੀ ਜਾਰੀ ਕੀਤੀ ਗਈ ਹੈ, ਜੋ ਕਿ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਭੇਜੀ ਗਈ ਹੈ। 
ਪ੍ਰਾਈਵੇਟ ਪਬਲਿਸ਼ਰ ਅਧਿਆਪਕਾਂ ਨੂੰ ਦਿੰਦੇ ਨੇ ਤੋਹਫੇ
ਡਾਇਰੈਕਟਰ ਸੂਬਾ ਸਿੱਖਿਆ ਖੋਜ ਅਤੇ ਟ੍ਰੇਨਿੰਗ ਪਰਿਸ਼ਦ ਪੰਜਾਬ ਦੇ ਦਫਤਰ ਵਲੋਂ ਜਾਰੀ ਕੀਤੀ ਗਈ ਇਕ ਚਿੱਠੀ 'ਚ ਕਿਹਾ ਗਿਆ ਹੈ ਕਿ ਵਿਭਾਗ ਦੇ ਧਿਆਨ 'ਚ ਆਇਆ ਹੈ ਕਿ ਬਹੁਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਪ੍ਰਾਈਵੇਟ ਪਬਲਿਸ਼ਰਾਂ ਦੀਆਂ ਗਾਈਡਾਂ ਲਾਈਆਂ ਜਾਂਦੀਆਂ ਹਨ। ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਇਹ ਗਾਈਡਾਂ ਲਾਉਣ ਦਾ ਮਕਸਦ ਇਹ ਮੰਨਿਆ ਜਾ ਰਿਹਾ ਹੈ ਕਿ ਪ੍ਰਾਈਵੇਟ ਪਬਲਿਸ਼ਰ ਆਪਣੀਆਂ ਗਾਈਡਾਂ ਲਵਾਉਣ ਲਈ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਤੋਹਫੇ ਆਦਿ ਵੀ ਦਿੰਦੇ ਹਨ। ਅਜਿਹੇ ਹਾਲਾਤ 'ਚ ਲਾਲਚ 'ਚ ਬੱਚਿਆਂ ਨੂੰ ਉਹ ਗਾਈਡਾਂ ਲੈਣ ਲਈ ਕਿਹਾ ਜਾਂਦਾ ਹੈ। 
ਘੱਟ ਪੜ੍ਹੇ-ਲਿਖੇ ਨੌਜਵਾਨ ਤਿਆਰ ਕਰਦੇ ਨੇ 'ਗਾਈਡਾਂ'
ਇਹ ਵੀ ਧਿਆਨ 'ਚ ਆਇਆ ਹੈ ਕਿ ਪ੍ਰਾਈਵੇਟ ਪਬਲਿਸ਼ਰਾਂ ਵਲੋਂ ਛਾਪੀਆਂ ਜਾ ਰਹੀਆਂ ਇਹ ਗਾਈਡਾਂ ਬਹੁਤ ਘੱਟ ਸਿੱਖਿਅਕ ਯੋਗਤਾ ਵਾਲੇ ਕੁੜੀਆਂ ਅਤੇ ਮੁੰਡਿਆਂ ਤੋਂ ਤਿਆਰ ਕਰਾਈਆਂ ਜਾਂਦੀਆਂ ਹਨ, ਜਿਸ ਕਾਰਨ ਬਹੁਤ ਸਾਰੀਆਂ ਗਾਈਡਾਂ 'ਚ ਗਲਤੀਆਂ ਵੀ ਹੁੰਦੀਆਂ ਹਨ। ਅਜਿਹੇ ਹਾਲਾਤ 'ਚ ਇਹ ਗਾਈਡਾਂ ਬੱਚਿਆਂ ਨੂੰ ਗੁੰਮਰਾਹ ਕਰਦੀਆਂ ਹਨ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਵੀ ਕਰਦੀਆਂ ਹਨ। ਵਿਭਾਗ ਵਲੋਂ ਸਾਰੇ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਆਪਣੇ ਸਕੂਲਾਂ 'ਚ ਵਿਦਿਆਰਥੀਆਂ ਨੂੰ ਕਿਸੇ ਪ੍ਰਾਈਵੇਟ ਪਬਲਿਸ਼ਰ ਦੀਆਂ ਗਾਈਡਾਂ ਨਾ ਲਵਾਉਣ। ਜੇਕਰ ਵਿਭਾਗ ਦੀ ਜਾਂਚ 'ਚ ਕਿਸੇ ਵੀ ਸਕੂਲ ਦੇ ਪ੍ਰਿੰਸੀਪਲ ਅਤੇ ਸਬੰਧਿਤ ਅਧਿਆਪਕ ਬਾਰੇ ਅਜਿਹੀਆਂ ਗਾਈਡਾਂ ਲਵਾਉਣ ਦੀ ਸੂਚਨਾ ਮਿਲਦੀ ਤਾਂ ਵਿਭਾਗ ਵਲੋਂ ਸਖਤ ਕਾਰਵਾਈ ਕੀਤੀ ਜਾਵੇਗੀ।


Related News