ਡਾਕਟਰਾਂ ਦੀ ਭਰਤੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਿਹਤ ਮੰਤਰੀ ਨੇ ਕੀਤਾ ਐਲਾਨ
Tuesday, May 13, 2025 - 11:46 AM (IST)

ਡੇਰਾਬੱਸੀ (ਵਿਕਰਮ ਜੀਤ) : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲਦੀ ਹੀ ਸਰਕਾਰੀ ਹਸਪਤਾਲਾਂ 'ਚ 1,000 ਵਾਧੂ ਡਾਕਟਰਾਂ ਦੀ ਭਰਤੀ ਕਰੇਗੀ ਤਾਂ ਜੋ ਮੈਡੀਕਲ ਪੇਸ਼ੇਵਰਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਭਰਤੀ ਪ੍ਰਕਿਰਿਆ 'ਤੇ ਅਮਲ ਸ਼ੁਰੂ ਹੋ ਚੁੱਕਾ ਹੈ। ਸੋਮਵਾਰ ਨੂੰ ਡੇਰਾਬੱਸੀ ਦੇ ਹਸਪਤਾਲ ਦਾ ਅਚਨਚੇਤ ਨਿਰੀਖਣ ਦੌਰਾਨ, ਡਾ. ਬਲਬੀਰ ਸਿੰਘ ਨੇ ਮਰੀਜ਼ਾਂ ਅਤੇ ਉੱਥੇ ਆਏ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਜੋ ਮੌਜੂਦਾ ਸਿਹਤ ਸੰਸਥਾਵਾਂ ਨਾਲ ਉਨ੍ਹਾਂ ਦੇ ਤਜ਼ਰਬੇ (ਫੀਡਬੈਕ) ਦਾ ਪਤਾ ਲਗਾਇਆ ਜਾ ਸਕੇ।
ਇਹ ਵੀ ਪੜ੍ਹੋ : CTU ਨੇ ਜੰਮੂ-ਕਟੜਾ ਲਈ ਬੱਸ ਸੇਵਾ ਕੀਤੀ ਬਹਾਲ, ਧਿਆਨ ਦੇਣ ਯਾਤਰੀ
ਉਨ੍ਹਾਂ ਓ. ਪੀ. ਡੀ. ਸਲਿੱਪਾਂ ਪ੍ਰਾਪਤ ਕਰਨ ਲਈ ਕਤਾਰ 'ਚ ਖੜ੍ਹੇ ਲੋਕਾਂ ਨੂੰ ਉਡੀਕ ਸਮੇਂ ਬਾਰੇ ਵੀ ਪੁੱਛਿਆ। ਡਾ. ਬਲਬੀਰ ਸਿੰਘ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਹਸਪਤਾਲਾਂ 'ਚ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿਸ 'ਚ ਮੁਫ਼ਤ ਲੈਬ ਟੈਸਟ ਅਤੇ ਦਵਾਈਆਂ ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਜ਼ਿਆਦਾਤਰ ਸਬ-ਡਵੀਜ਼ਨਲ ਹਸਪਤਾਲਾਂ ਅਤੇ ਕਮਿਊਨਿਟੀ ਹੈਲਥ ਸੈਂਟਰਾਂ (ਸੀ. ਐੱਚ. ਸੀ.) ਵਿੱਚ ਮੈਡੀਸਨ, ਸਰਜਰੀ, ਗਾਇਨੀਕੋਲੋਜੀ ਅਤੇ ਪੀਡੀਆਟ੍ਰਿਕਸ ਦੇ ਮੈਡੀਕਲ ਮਾਹਿਰ ਉਪਲਬਧ ਹਨ। ਵਿਸ਼ੇਸ਼ ਦੇਖਭਾਲ ਨੂੰ ਹੋਰ ਵਧਾਉਣ ਲਈ, ਅੱਖਾਂ, ਈ. ਐੱਨ. ਟੀ. ਅਤੇ ਚਮੜੀ ਰੋਗਾਂ ਦੇ ਮਾਹਿਰਾਂ ਨੂੰ ਖ਼ਾਲੀ ਅਸਾਮੀਆਂ ਵਾਲੀਆਂ ਥਾਵਾਂ 'ਤੇ ਹਫ਼ਤਾਵਾਰੀ ਰੋਸਟਰ ਦੇ ਆਧਾਰ 'ਤੇ ਤਾਇਨਾਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ, ਕਲਯੁਗੀ ਪੁੱਤ ਨੇ ਕਤਲ ਕਰ 'ਤਾ ਚੋਣਾਂ ਲੜ ਚੁੱਕਾ ਪਿਓ
ਸਿਹਤ ਮੰਤਰੀ ਨੇ ਕਿਹਾ ਕਿ ਡੇਰਾਬੱਸੀ ਦੇ ਸਬ-ਡਵੀਜ਼ਨਲ ਹਸਪਤਾਲ ਵਿੱਚ, ਜਿੱਥੇ ਕਿ ਸਟਾਫ਼ ਦੀ ਘਾਟ ਨਹੀਂ ਹੈ ਪਰ ਜਗ੍ਹਾ ਦੀ ਘਾਟ ਹੈ, ਬਾਰੇ ਆਉਣ ਵਾਲੇ ਸਮੇਂ ਚ ਸੋਚਿਆ ਜਾਵੇਗਾ। ਨਰਸਿੰਗ ਸਟਾਫ਼ ਦੀ ਘਾਟ ਨੂੰ ਦੂਰ ਕਰਨ ਲਈ ਡਾ. ਬਲਬੀਰ ਸਿੰਘ ਨੇ ਭਰੋਸਾ ਦਿੱਤਾ ਕਿ ਸਰਕਾਰ ਇਨ੍ਹਾਂ ਖ਼ਾਲੀ ਅਸਾਮੀਆਂ ਨੂੰ ਭਰਨ ਲਈ ਸਰਗਰਮੀ ਨਾਲ ਕੰਮ ਕਰ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਦੌਰਿਆਂ ਦਾ ਮਕਸਦ ਜਨਤਾ ਨਾਲ ਸਿੱਧੇ ਤੌਰ 'ਤੇ ਗੱਲਬਾਤ ਕਰਕੇ ਜ਼ਮੀਨੀ ਹਕੀਕਤਾਂ ਦਾ ਮੁਲਾਂਕਣ ਕਰਨਾ ਹੈ ਅਤੇ ਨਾਲ ਹੀ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਨੂੰ ਮਰੀਜ਼ਾਂ ਦੀ ਦੇਖਭਾਲ ਦੇ ਉੱਚ ਮਿਆਰ ਨੂੰ ਬਣਾਈ ਰੱਖਣ ਲਈ ਜ਼ਰੂਰੀ ਨਿਰਦੇਸ਼ ਵੀ ਪ੍ਰਦਾਨ ਕਰਨਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8