ਬੇਅਦਬੀ ਦੀ ਘਿਨੌਣੀ ਘਟਨਾ ਦੀ ਤਹਿ ਤਕ 24 ਘੰਟਿਆਂ ’ਚ ਪਹੁੰਚੇ ਪੰਜਾਬ ਸਰਕਾਰ : ਹਰਸਿਮਰਤ ਬਾਦਲ
Saturday, Dec 18, 2021 - 11:18 PM (IST)
ਚੰਡੀਗੜ੍ਹ (ਬਿਊਰੋ)-ਸੱਚਖੰਡ ਸ੍ਰੀ ਹਰਿੰਮਦਰ ਸਾਹਿਬ ਵਿਖੇ ਬੇਅਦਬੀ ਦੀ ਵਾਪਰੀ ਘਟਨਾ ਨੂੰ ਲੈ ਕੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਘਿਨੌਣੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦੀ ਹਾਂ। ਜਿਹੜੇ ਲੋਕਾਂ ਨੇ ਇਹ ਸਾਜ਼ਿਸ਼ ਰਚੀ ਤੇ ਸਾਡੇ ਗੁਰੂ ਸਾਹਿਬ ’ਤੇ ਇਸ ਤਰ੍ਹਾਂ ਹਮਲਾ ਕੀਤਾ, ਉਹ ਕਿਸੇ ਵੀ ਹਾਲਤ ’ਚ ਬਰਦਾਸ਼ਤ ਤੋਂ ਬਾਹਰ ਹੈ। ਬੀਬਾ ਬਾਦਲ ਨੇ ਕਿਹਾ ਕਿ ਬੇਅਦਬੀ ਦੀ ਇਸ ਘਿਨੌਣੀ ਘਟਨਾ ਦੀ ਤਹਿ ਤਕ ਪੰਜਾਬ ਸਰਕਾਰ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਪਹੁੰਚਣਾ ਚਾਹੀਦਾ ਹੈ। ਬੀਬਾ ਬਾਦਲ ਨੇ ਕਿਹਾ ਕਿ ਮੈਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਜਿਸ ਬੰਦੇ ਕੋਲੋਂ ਪਹਿਚਾਣ ਪੱਤਰ ਜਾਂ ਹੋਰ ਕੁਝ ਵੀ ਨਹੀਂ ਮਿਲਿਆ, ਇਹ ਸਿੱਧਾ ਸੰਕੇਤ ਕਰਦਾ ਹੈ ਕਿ ਇਹ ਬਹੁਤ ਸੋਚ-ਸਮਝ ਕੇ ਇਕ ਵੱਡੀ ਸਾਜ਼ਿਸ਼ ਰਚੀ ਗਈ ਹੈ। ਉਸ ਨੇ ਬੇਅਦਬੀ ਕਿਵੇਂ ਕੀਤੀ, ਇਹ ਸੀ. ਸੀ. ਟੀ. ਵੀ. ਫੁਟੇਜ ਐੱਸ. ਜੀ. ਪੀ. ਸੀ. ਕੋਲ ਹੈ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ’ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਨੂੰ ਸੰਗਤ ਨੇ ਕੁੱਟ-ਕੁੱਟ ਕੇ ਮਾਰਿਆ (ਵੀਡੀਓ)
ਉਨ੍ਹਾਂ ਕਿਹਾ ਕਿ ਉਸ ਤੋਂ ਪਹਿਲਾਂ ਉਹ ਬੰਦਾ ਅੰਮ੍ਰਿਤਸਰ ਕਿੱਥੋਂ ਤੇ ਕਿਵੇਂ ਪਹੁੰਚਿਆ, ਮੈਂ ਸੂਬੇ ਦੀ ਸਰਕਾਰ ਨੂੰ ਵੀ ਕਹਾਂਗੀ ਕਿ ਜਿਥੇ ਐੱਸ. ਜੀ. ਪੀ. ਸੀ. ਦੀ ਲੋੜ ਹੈ, ਉਹ ਸਾਥ ਦੇਵੇਗੀ। ਸਾਨੂੰ ਇਕੱਠੇ ਹੋ ਕੇ ਇਸ ਦੀ ਤਹਿ ਤਕ ਪਹੁੰਚਣ ਦੀ ਲੋੜ ਹੈ ਕਿ ਇਹੋ ਜਿਹੀਆਂ ਹਰਕਤਾਂ ਕਰਕੇ ਸਾਡੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਸਤੇ ਉਹ ਕਿਹੜੇ ਲੋਕ ਹਨ, ਜਿਹੜੇ ਸਾਜ਼ਿਸ਼ ਰਚ ਰਹੇ ਹਨ। ਸੰਸਦ ਮੈਂਬਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਇਹ ਸਾਜ਼ਿਸ਼ਾਂ ਰਚੀਆਂ ਹਨ, ਉਨ੍ਹਾਂ ਦੀ ਤਹਿ ਤਕ 24 ਘੰਟਿਆਂ ਅੰਦਰ ਜਾਣਾ ਚਾਹੀਦਾ ਹੈ, ਨਹੀਂ ਤਾਂ ਮੈਂ ਸਮਝਦੀ ਹਾਂ ਕਿ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਆਪਣੀ ਕੁਰਸੀ ’ਤੇ ਬੈਠੇ ਰਹਿਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ 24 ਘੰਟਿਆਂ ਦੇ ਅੰਦਰ ਸਾਰੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੇਖ ਕੇ ਸੂਬੇ, ਅੰਮ੍ਰਿਤਸਰ, ਐੱਸ. ਜੀ. ਪੀ. ਸੀ. ਤੇ ਹਰ ਪੰਜਾਬ ਵਾਸੀ ਦੀ ਮਦਦ ਲੈ ਕੇ ਇਸ ਬੰਦੇ ਨੂੰ ਟਰੇਸ ਕੀਤਾ ਜਾਵੇ। ਇਸ ਦੀਆਂ ਜੜ੍ਹਾਂ ਤਕ ਪਹੁੰਚਿਆ ਜਾਵੇ ਕਿ ਇਹ ਬੰਦਾ ਕਿਸ ਰਾਹੀਂ ਤੇ ਕਿਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਪਹੁੰਚਿਆ। ਇਸ ਸਾਜ਼ਿਸ਼ ਨੂੰ ਅੰਜਾਮ ਦਿਵਾਉਣ ਪਿੱਛੇ ਕਿਸ ਦਾ ਹੱਥ ਸੀ, ਜਿਸ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਝੀ ਹਰਕਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਵੀ ਦਰਬਾਰ ਸਾਹਿਬ ਦੇ ਪਾਵਨ ਸਰੋਵਰ ਵਿਚ ਵੀ ਗੁਟਕਾ ਸਾਹਿਬ ਦੀ ਬੇਅਦਬੀ ਕਰ ਕੇ ਇਕ ਵਾਰ ਫਿਰ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਵਿਅਕਤੀ ਨੂੰ ਫੜ ਕੇ ਪੁਲਸ ਹਵਾਲੇ ਕੀਤਾ ਗਿਆ ਸੀ ਪਰ ਪੁਲਸ ਨੇ ਤਹਿ ਤਕ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਕੋਈ ਨਤੀਜਾ ਨਹੀਂ ਕੱਢਿਆ। ਬੀਬਾ ਬਾਦਲ ਨੇ ਕਿਹਾ ਕਿ ਜੇ ਉਸ ਦਾ ਨਤੀਜਾ ਨਿਕਲ ਜਾਂਦਾ ਤਾਂ ਅੱਜ ਇਹ ਘਟਨਾ ਨਾ ਵਾਪਰਦੀ। ਇਸ ਤਰ੍ਹਾਂ ਲਗਾਤਾਰ ਬੇਅਦਬੀਆਂ ਕਰਨ ਵਾਲਿਆਂ ਨੂੰ ਹਰ ਵਾਰ ਛੂਟ ਮਿਲ ਜਾਂਦੀ ਹੈ ਤੇ ਮਾਨਸਿਕ ਹਾਲਤ ਦੀ ਗੱਲ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਅੱਜ ਇਹ ਘਟਨਾ ਵਾਪਰੀ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ