ਪੰਜਾਬ ਸਰਕਾਰ ਵਲੋਂ 5.22 ਲੱਖ ਦੇ ਖਰਚੇ 'ਤੇ, 1200 ਪ੍ਰਵਾਸੀਆਂ ਨੂੰ ਲੈ ਕੇ ਤੀਜੀ 'ਸ਼੍ਰਮਿਕ ਐਕਸਪ੍ਰੈਸ' ਰਵਾਨਾ
Wednesday, May 06, 2020 - 08:02 PM (IST)
ਜਲੰਧਰ(ਵਿਕਰਮ) - ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪ੍ਰਵਾਸੀਆਂ ਨੂੰ ਘਰ ਵਾਪਿਸ ਭੇਜਣ ਲਈ ਚਲਾਈਆਂ ਗਈਆਂ ਰੇਲ ਗੱਡੀਆਂ ਦੀ ਕੜੀ ਵਜੋਂ ਜਲੰਧਰ ਤੋਂ ਲਖਨਊ ਲਈ ਤੀਜੀ 'ਸ਼੍ਰਮਿਕ ਐਕਸਪ੍ਰੈਸ' ਰੇਲ ਗੱਡੀ 1200 ਪ੍ਰਵਾਸੀਆਂ ਨੂੰ ਲੈ ਕੇ ਰਵਾਨਾ ਹੋਈ ਜਿਸ 'ਤੇ ਆਉਣ ਵਾਲਾ ਸਾਰਾ 5.22 ਲੱਖ ਰੁਪਏ ਦਾ ਖਰਚਾ ਪੰਜਾਬ ਸਰਕਾਰ ਵਲੋਂ ਸਹਿਣ ਕੀਤਾ ਜਾਵੇਗਾ।
ਮੁੱਖ ਮੰਤਰੀ ਪੰਜਾਬ ਵਲੋਂ ਚਲਾਈ ਗਈ ਇਸ ਮੁਹਿੰਮ ਦਾ ਮੁੱਖ ਮੰਤਵ ਲਾਕਡਾਊਨ/ਕਰਫ਼ਿਊ ਦੌਰਾਨ ਪੰਜਾਬ ਵਿਚ ਫਸੇ ਪ੍ਰਵਾਸੀਆਂ ਨੂੰ ਮੁਫ਼ਤ ਭੇਜਣ ਨੂੰ ਯਕੀਨੀ ਬਣਾਉਣਾ ਹੈ। ਇਹ ਪਿਛਲੇ 24 ਘੰਟਿਆਂ ਦੌਰਾਨ ਜਲੰਧਰ ਤੋਂ ਤੀਜੀ ਰੇਲ ਗੱਡੀ ਹੈ, ਇਸ ਤੋਂ ਪਹਿਲਾਂ ਦੋ ਰੇਲ ਗੱਡੀਆਂ ਜਲੰਧਰ ਤੋਂ ਡਾਲਟਨ ਗੰਜ ਝਾਰਖੰਡ ਅਤੇ ਗਾਜ਼ੀਪੁਰ ਤੇ ਬਨਾਰਸ ਉਤੱਰ ਪ੍ਰਦੇਸ਼ ਲਈ ਰਵਾਨਾ ਹੋ ਚੁੱਕੀਆਂ ਹਨ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿਚ ਪ੍ਰਵਾਸੀਆਂ ਨੂੰ ਰੇਲ ਗੱਡੀ ਵਿਚ ਚੜਾਉਣ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਇਨ੍ਹਾਂ ਪ੍ਰਵਾਸੀਆਂ ਨੂੰ ਬੱਲੇ-ਬੱਲੇ ਫਾਰਮ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਤੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਰੇਲਵੇ ਸਟੇਸ਼ਨ ਲਿਆਂਦਾ ਗਿਆ। ਰੇਲਵੇ ਸਟੇਸ਼ਨ 'ਤੇ ਗੱਡੀਆਂ ਵਿਚ ਚੜ੍ਹਾਉਣ ਤੋਂ ਪਹਿਲਾਂ ਇਨ੍ਹਾਂ ਵਲੋਂ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਗਿਆ। ਇਸੇ ਤਰੀਕੇ ਰੇਲ ਗੱਡੀ ਵਿਚ ਚੜ੍ਹਾਉਣ ਤੋਂ ਪਹਿਲਾਂ ਇਕ ਮੈਡੀਕਲ ਟੀਮ ਤਾਇਨਾਤ ਕੀਤੀ ਗਈ ਤਾਂ ਕਿ ਇਨਾਂ ਪ੍ਰਵਾਸੀਆਂ ਦੀ ਚੰਗੀ ਤਰਾਂ ਸਕਰੀਨਿੰਗ ਕੀਤੀ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ, ਵਧੀਕ ਕਮਿਸ਼ਨਰ ਨਗਰ ਨਿਗਮ ਬਬੀਤਾ ਕਲੇਰ ਅਤੇ ਉਪ ਮੰਡਲ ਮੈਜਿਸਟਰੇਅ ਸ੍ਰੀ ਰਾਹੁਲ ਸਿੰਧੂ ਖਾਸ ਤੌਰ'ਤੇ ਇਸ ਮੌਕੇ ਮੌਜੂਦ ਰਹੇ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪ੍ਰਵਾਸੀਆਂ ਨੂੰ ਘਰ ਭੇਜਣ ਲਈ 5.22 ਲੱਖ ਰੁਪਏ ਦਾ ਖ਼ਰਚਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਅਜਿਹੀਆਂ ਹੋਰ ਰੇਲ ਗੱਡੀਆਂ ਲਖਨਊ, ਵਾਰਾਣਸੀ, ਅਯੋਧਿਆ, ਗੋਰਖਪੁਰ, ਪ੍ਰਯਾਗਰਾਜ (ਅਲਾਹਾਬਾਕ), ਸੁਲਤਾਨਪੁਰ, ਕਟਣੀ(ਮੱਧ ਪ੍ਰਦੇਸ਼),ਝਾਰਖੰਡ ਅਤੇ ਹੋਰਨਾਂ ਸੂਬਿਆਂ ਲਈ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜੋ ਪ੍ਰਵਾਸੀ ਪੰਜਾਬ ਸਰਕਾਰ ਦੇ ਪੋਰਟਲ 'ਤੇ ਰਜਿਸਟਰਡ ਹੋਏ ਹਨ। ਉਨ੍ਹਾਂ ਨੂੰ ਇਸ ਮੁਹਿੰਮ ਦੌਰਾਨ ਵਾਪਿਸ ਜਾਣ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।