ਕੰਮਕਾਜੀ ਬੀਬੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਮੁਹੱਈਆ ਕਰਵਾਏਗੀ ਇਹ ਸਹੂਲਤ

1/9/2021 11:48:54 PM

ਲੁਧਿਆਣਾ (ਵਿੱਕੀ)— ਕੰਮਕਾਜੀ ਬੀਬੀਆਂ ਨੂੰ ਸੁਰੱਖਿਅਤ ਅਤੇ ਸੁਵਿਧਾਜਨਕ ਰਿਹਾਇਸ਼ ਪ੍ਰਦਾਨ ਕਰਨ ਲਈ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮਹਿਕਮੇ ਵੱਲੋਂ ਕੰਮਕਾਜੀ ਬੀਬੀਆਂ ਲਈ 50 ਕਰੋੜ ਰੁਪਏ ਦੀ ਲਾਗਤ ਨਾਲ 7 ਨਵੇਂ ਹੋਸਟਲਾਂ ਦੀ ਉਸਾਰੀ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ’ਚ ਉਨ੍ਹਾਂ ਦੇ ਬੱਚਿਆਂ ਲਈ ਦਿਨ ਭਰ ਸਾਂਭ-ਸੰਭਾਲ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। 

ਬੀਬੀਆਂ ਲਈ ਸਰਕਾਰੀ ਨੌਕਰੀਆਂ ’ਚ 33 ਫ਼ੀਸਦੀ ਰਾਖਵੇਂਕਰਨ ਤੋਂ ਬਾਅਦ ਇਸ ਫੈਸਲੇ ਨੂੰ ਮਹਿਲਾ ਸ਼ਕਤੀਕਰਨ ਵੱਲ ਮਹਿਕਮੇ ਦੀ ਦੂਜੀ ਵੱਡੀ ਪਹਿਲਕਦਮੀ ਦੱਸਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਦੱਸਿਆ ਕਿ ਇਹ ਵਿਸ਼ੇਸ਼ ਹੋਸਟਲ ਪਹਿਲੇ ਪੜਾਅ ਦੌਰਾਨ ਜਲੰਧਰ, ਪਟਿਆਲਾ, ਮੁਹਾਲੀ, ਮਾਨਸਾ, ਬਰਨਾਲਾ, ਲੁਧਿਆਣਾ ਅਤੇ ਅੰਮ੍ਰਿਤਸਰ ਵਿਖੇ ਬਣਾਏ ਜਾਣਗੇ ਅਤੇ ਇਨਾਂ ਹੋਸਟਲਾਂ ’ਚ ਰਿਹਾਇਸ਼ ਆਪਣੇ ਘਰਾਂ ਤੋਂ ਦੂਰ ਕੰਮ ਕਰਨ ਵਾਲੀਆਂ ਔਰਤਾਂ ਨੂੰ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ : ਹਰਿਦੁਆਰ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ, ਇਸ ਦਿਨ ਤੋਂ ਚੱਲੇਗੀ ਜਨ-ਸ਼ਤਾਬਦੀ ਐਕਸਪ੍ਰੈੱਸ

ਉਨ੍ਹਾਂ ਕਿਹਾ ਕਿ ਬਾਕੀ ਜ਼ਿਲ੍ਹੇ ਅਗਲੇ ਪੜਾਅ ’ਚ ਕਵਰ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਮੋਹਾਲੀ ਦੇ ਹੋਸਟਲ ਲਈ ਜ਼ਮੀਨ ਅਲਾਟ ਕਰ ਦਿੱਤੀ ਗਈ ਹੈ, ਜਦਕਿ ਜਲੰਧਰ ਦੇ ਹੋਸਟਲ ਲਈ ਫੰਡ ਜਾਰੀ ਕਰ ਦਿੱਤੇ ਗਏ ਹਨ ਅਤੇ ਮਾਨਸਾ ਅਤੇ ਅੰਮਿ੍ਰਤਸਰ ਦੇ ਹੋਸਟਲਾਂ ਸਬੰਧੀ ਪ੍ਰਸਤਾਵ ਪ੍ਰਾਪਤ ਹੋ ਗਏ ਹਨ, ਜਿਨ੍ਹਾਂ ’ਤੇ ਕਾਰਵਾਈ ਚੱਲ ਰਹੀ ਹੈ।  ਇਸੇ ਤਰ੍ਹਾਂ ਬਾਕੀ ਹੋਸਟਲਾਂ ਲਈ ਗਰਾਂਟਾਂ ਅਗਲੇ ਵਿੱਤੀ ਵਰ੍ਹੇ ’ਚ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੈਟਰੋ ਸ਼ਹਿਰਾਂ ਦੀ ਤਰਜ਼ ’ਤੇ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ’ਚ ਇਨ੍ਹਾਂ ਹੋਸਟਲਾਂ ਦੀ ਉਸਾਰੀ ਲਈ ਅਨੁਮਾਨਤ 50 ਕਰੋੜ ਰੁਪਏ ਦਾ ਬਜਟ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕੰਮਕਾਜੀ ਔਰਤਾਂ ਲਈ ਪਹਿਲਾਂ ਹੀ 9 ਹੋਸਟਲ ਚੱਲ ਰਹੇ ਹਨ।

ਪੰਜਾਬ ਭਵਨ ਵਿਖੇ ਅੱਜ ਇਕ ਪ੍ਰੈੱਸ ਕਾਨਫਰੰਸ ਦੌਰਾਨ ਚੌਧਰੀ ਨੇ ਦੱਸਿਆ ਕਿ ਸਰਕਾਰੀ ਬੱਸਾਂ ’ਚ ਸਾਰੀਆਂ ਔਰਤਾਂ ਨੂੰ ਕਿਰਾਏ ’ਚ 50 ਫ਼ੀਸਦੀ ਦੀ ਛੋਟ ਦਾ ਫੈਸਲਾ ਲਾਗੂ ਕਰਨ ਵਿੱਚ ਕੋਵਿਡ ਸੰਕਟ ਕਾਰਨ ਦੇਰੀ ਹੋਈ ਹੈ, ਹੁਣ ਇਸ ਫੈਸਲੇ ਨੂੰ ਛੇਤੀ ਲਾਗੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਔਰਤਾਂ ਨੂੰ 60 ਸਾਲ ਦੀ ਉਮਰ ਹੋਣ ’ਤੇ ਹੀ ਇਹ ਸਹੂਲਤ ਮਿਲਦੀ ਸੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਅਤੇ ਮਾਨਸਾ ਵਿੱਚ ਹਰੇਕ ਲਈ 5.56 ਕਰੋੜ ਰੁਪਏ ਦੀ ਲਾਗਤ ਨਾਲ ਦੋ ਸਰਕਾਰੀ ਬਿਰਧ ਆਸ਼ਰਮਾਂ ਦੀ ਉਸਾਰੀ ਸਬੰਧੀ ਪ੍ਰਕਿਰਿਆ ਪ੍ਰਗਤੀ ਅਧੀਨ ਹੈ ਅਤੇ ਇਨ੍ਹਾਂ ਬਿਰਧ ਆਸ਼ਰਮਾਂ ਦੇ ਨਿਰਮਾਣ ਲਈ ਫੰਡ ਲੋਕ ਨਿਰਮਾਣ ਮਹਿਕਮੇ ਨੂੰ ਜਾਰੀ ਕਰ ਦਿੱਤੇ ਗਏ ਹਨ।  ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਵਿੱਚ ਸੀਨੀਅਰ ਸਿਟੀਜ਼ਨ, ਵੈਲਫੇਅਰ ਐਂਡ ਮੇਨਟੀਨੈਂਸ ਐਕਟ ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ’ਚ ਇਕ ਬਿਰਧ ਆਸ਼ਰਮ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਅਤੇ 50 ਬਿਰਧ ਆਸ਼ਰਮ ਐਨਜੀਓਜ਼ ਵੱਲੋਂ ਚਲਾਏ ਜਾ ਰਹੇ ਹਨ, ਜਿੱਥੇ 1409 ਬਜ਼ੁਰਗਾਂ ਦਾ ਬਸੇਰਾ ਹੈ। 

ਇਹ ਵੀ ਪੜ੍ਹੋ : ਕੱਚੇ ਮੁਲਾਜ਼ਮਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਅਨੋਖਾ ਫ਼ਰਮਾਨ

ਕੈਬਨਿਟ ਮੰਤਰੀ ਨੇ ਦੱਸਿਆ ਕਿ ਬੁਢਾਪਾ ਪੈਨਸ਼ਨਾਂ, ਵਿਧਵਾਵਾਂ ਅਤੇ ਬੇਸਹਾਰਾ ਮਹਿਲਾਵਾਂ, ਆਸ਼ਰਿਤ ਬੱਚਿਆਂ ਅਤੇ ਦਿਵਿਆਂਗ ਵਿਅਕਤੀਆਂ ਨਾਲ ਸਬੰਧਤ 25,54,473 ਲਾਭਪਾਤਰੀਆਂ ਨੂੰ ਨਵੰਬਰ 2020 ਤੱਕ 1695.93 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ। ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਪੈਨਸ਼ਨ ਸਕੀਮਾਂ ਅਧੀਨ 1,22,274 ਨਵੇਂ ਲਾਭਪਾਤਰੀ ਸ਼ਾਮਲ ਕੀਤੇ ਗਏ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਇਲਾਵਾ ਤੇਜ਼ਾਬ ਹਮਲੇ ਦੀਆਂ ਪੀੜਤਾਂ ਨੂੰ ਸਵੈ-ਨਿਰਭਰ ਬਣਾਉਣ ਲਈ 8,000 ਰੁਪਏ ਪ੍ਰਤੀ ਮਹੀਨਾ ਦੀ ਵਿੱਤੀ ਸਹਾਇਤਾ ਵੀ ਮੁਹੱਈਆ ਕਰਵਾਈ ਗਈ ਅਤੇ ਇਸ ਸਕੀਮ ਤਹਿਤ ਕੁੱਲ 24 ਲਾਭਪਾਤਰੀਆਂ ਨੂੰ ਲਾਭ ਦਿੱਤਾ ਗਿਆ।

ਚੌਧਰੀ ਨੇ ਦੱਸਿਆ ਕਿ ਕੋਵਿਡ-19 ਦੌਰਾਨ ਸਾਰੇ ਜ਼ਿਲਿ੍ਹਆਂ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਬੈਂਕਾਂ ਰਾਹੀਂ ਪੈਨਸ਼ਨਾਂ ਦੀ ਵੰਡ ਕੀਤੀ ਗਈ। ਬੈਂਕਾਂ ਵੱਲੋਂ ਸਮਾਜਿਕ ਦੂਰੀ ਦੇ ਪ੍ਰੋਟੋਕਾਲਾਂ ਦੀ ਪਾਲਣਾ ਕਰਦਿਆਂ ਆਪਣੇ ਕਾਰੋਬਾਰ ਪ੍ਰੇਰਕਾਂ/ਡਾਕਘਰਾਂ ਰਾਹੀਂ ਪੈਨਸ਼ਨ ਦੀ ਰਕਮ ਲਾਭਪਾਤਰੀਆਂ ਦੇ ਘਰ-ਘਰ ਮੁਹੱਈਆ ਕਰਵਾਈ ਗਈ। ਪ੍ਰੈੱਸ ਕਾਨਫਰੰਸ ਮੌਕੇ ਉਨ੍ਹਾਂ ਨਾਲ ਪ੍ਰਮੁੱਖ ਸਕੱਤਰ ਰਾਜੀ ਪੀ ਸ਼੍ਰੀਵਾਸਤਵਾ, ਡਾਇਰੈਕਟਰ ਵਿਪੁਲ ਉੱਜਵਲ, ਸੰਯੁਕਤ ਸਕੱਤਰ ਵਿੰਮੀ ਭੁੱਲਰ, ਵਧੀਕ ਡਾਇਰੈਕਟਰ ਲਿਲੀ ਚੌਧਰੀ, ਸੰਯੁਕਤ ਡਾਇਰੈਕਟਰ ਚਰਨਜੀਤ ਸਿੰਘ ਮਾਨ, ਡਿਪਟੀ ਡਾਇਰੈਕਟਰ ਗੁਰਜਿੰਦਰ ਸਿੰਘ ਮੌੜ, ਡਿਪਟੀ ਡਾਇਰੈਕਟਰ ਸ੍ਰੀਮਤੀ ਰੁਪਿੰਦਰ ਕੌਰ ਅਤੇ ਜ਼ਿਲਾ ਪ੍ਰੋਗਰਾਮ ਅਫ਼ਸਰ ਸੁਖਦੀਪ ਸਿੰਘ ਹਾਜ਼ਰ ਸਨ।

ਸੁਖਬੀਰ ਨੇ ਘੇਰੀ ਕਾਂਗਰਸ, ਕਿਹਾ-ਪੰਜਾਬ ਦੀ ਜਨਤਾ ਨਾਲ ਕੈਪਟਨ ਕਰ ਰਹੇ ਨੇ ਗੱਦਾਰੀ

ਯੂ. ਡੀ. ਆਈ. ਡੀ. ਕਾਰਡ ਜਾਰੀ ਕਰਨ ਵਿੱਚ ਵਧੀਆ ਕਾਰਗੁਜ਼ਾਰੀ ਵਾਲਾ ਸੂਬਾ ਬਣਿਆ ਪੰਜਾਬ
ਸਮਾਜਿਕ ਸੁਰੱਖਿਆ ਮੰਤਰੀ ਨੇ ਕਿਹਾ ਕਿ ਕੋਵਿਡ-19 ਤਾਲਾਬੰਦੀ/ਕਰਫ਼ਿਊ ਦੇ ਬਾਵਜੂਦ ਦਿਵਿਆਂਗ ਵਿਅਕਤੀਆਂ ਨੂੰ 42,699 ਯੂ. ਡੀ. ਆਈ. ਡੀ. ਕਾਰਡ ਜਾਰੀ ਕੀਤੇ ਗਏ ਹਨ ਅਤੇ ਪੰਜਾਬ ਇਸ ਪ੍ਰਾਜੈਕਟ ’ਚ ਵਧੀਆ ਕਾਰਗੁਜ਼ਾਰੀ ਵਾਲੇ ਰਾਜਾਂ ’ਚ ਸ਼ਾਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ ਨੂੰ ਬਾਕੀ ਰਹਿੰਦੇ ਯੂ. ਡੀ. ਆਈ. ਡੀ. ਕਾਰਡ ਮੁਹੱਈਆ ਕਰਾਉਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਮਹੀਨਾਵਾਰ ਮੀਟਿੰਗਾਂ ਰਾਹੀਂ ਯੂ. ਡੀ. ਆਈ. ਡੀ. ਪ੍ਰਾਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਿਵਲ ਸਰਜਨਾਂ ਨੂੰ ਪਹਿਲ ਦੇ ਆਧਾਰ ’ਤੇ ਆਫਲਾਈਨ ਜਾਰੀ ਕੀਤੇ ਸਰਟੀਫਿਕੇਟਾਂ ਨੂੰ ਡਿਜੀਟਾਈਜ਼ ਕਰਨ ਅਤੇ ਆਨਲਾਈਨ ਅਪਲੋਡ ਕੀਤੇ ਮਾਮੂਲੀ ਤਰੁੱਟੀਆਂ ਵਾਲੇ ਦਸਤਾਵੇਜ਼ਾਂ ਨੂੰ ਅਣਗੌਲਦਿਆਂ ਘੱਟ ਤੋਂ ਘੱਟ ਅਰਜ਼ੀਆਂ ਰੱਦ ਕੀਤੀਆਂ ਜਾਣ। 
ਇਸ ਤੋਂ ਇਲਾਵਾ ਸਾਰੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਦਿਵਿਆਂਗ ਵਿਅਕਤੀਆਂ ਦੀ ਵਿੱਤੀ ਸਹਾਇਤਾ ਸਕੀਮ ਦੇ ਲਾਭਪਾਤਰੀਆਂ ਨੂੰ ਯੂ. ਡੀ. ਆਈ. ਡੀ. ਪੋਰਟਲ ਵਿੱਚ ਰਜਿਸਟਰ ਕਰਨ ਲਈ ਪ੍ਰੇਰਿਤ ਕਰ ਰਹੇ ਹਨ, ਡੀ. ਈ. ਓ. (ਐਲੀਮੈਂਟਰੀ ਅਤੇ ਸੈਕੰਡਰੀ) ਸਰਕਾਰੀ ਸਕੂਲ ਦਿਵਿਆਂਗ ਵਿਦਿਆਰਥੀਆਂ ਨੂੰ ਯੂ.ਡੀ. ਆਈ. ਡੀ. ਪੋਰਟਲ ’ਤੇ ਰਜਿਸਟਰ ਕਰ ਰਹੇ ਹਨ।
ਮੰਤਰੀ ਨੇ ਅੱਗੇ ਕਿਹਾ ਕਿ ਪੋਰਟਲ ’ਤੇ 2,77,801 ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਇਨਾਂ ਵਿੱਚੋਂ ਹੁਣ ਤੱਕ 1,62,263 ਯੂ. ਡੀ. ਆਈ. ਡੀ. ਕਾਰਡ ਯੋਗ ਦਿਵਿਆਂਗ ਵਿਅਕਤੀਆਂ ਨੂੰ ਜਾਰੀ ਕੀਤੇ ਗਏ ਹਨ। ਚੌਧਰੀ ਨੇ ਸਪੱਸ਼ਟ ਕੀਤਾ ਕਿ ਸੂਬਾ ਸਰਕਾਰ ਨੇ ਹਾਲ ਹੀ ਵਿੱਚ ਪੰਜਾਬ ਦਿਵਿਆਂਗਜਨ ਸ਼ਕਤੀਕਰਨ ਯੋਜਨਾ (ਪੀ. ਡੀ. ਐੱਸ. ਵਾਈ.) ਨੂੰ ਰਾਜ ਦੇ ਦਿਵਿਆਂਗਜਨ ਦੇ ਸ਼ਕਤੀਕਰਨ ਲਈ ਅਤੇ ਉਨਾਂ ਨੂੰ ਸੁਖਾਵਾਂ ਵਾਤਾਵਰਨ ਮੁਹੱਈਆ ਕਰਵਾਉਣ ਲਈ ਪ੍ਰਵਾਨਗੀ ਦਿੱਤੀ ਹੈ। 

ਇਹ ਵੀ ਪੜ੍ਹੋ : ਟਰੈਕਟਰ ਮਾਰਚ ’ਤੇ ਨਵਜੋਤ ਸਿੱਧੂ ਦਾ ਟਵੀਟ, ਨਿਸ਼ਾਨੇ ’ਤੇ ਲਈ ਕੇਂਦਰ ਸਰਕਾਰ

ਕੋਵਿਡ ਦੌਰਾਨ 10,77,020 ਲਾਭਪਾਤਰੀਆਂ ਨੂੰ ਘਰ ਘਰ ਜਾ ਕੇ ਉਪਲੱਬਧ ਕਰਵਾਈ ਪੌਸ਼ਟਿਕ ਖੁਰਾਕ
ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਬੱਚਿਆਂ ਅਤੇ ਮਾਵਾਂ ਦੀ ਸਿਹਤ, ਪੋਸ਼ਣ ਅਤੇ ਸਿੱਖਣ ਦੇ ਮੌਕਿਆਂ ਨੂੰ ਵਧਾਉਣ ਲਈ 155 ਆਈ. ਸੀ. ਡੀ. ਐੱਸ. ਬਲਾਕਾਂ ਵਿੱਚ 27,314 ਆਂਗਨਵਾੜੀ ਕੇਂਦਰਾਂ ਲਈ 140 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਵਿਭਾਗ ਨੇ ਇਸ ਸਮੇਂ ਦੌਰਾਨ ਨਿਰਵਿਘਨ ਢੰਗ ਨਾਲ ਘਰ-ਘਰ ਜਾ ਕੇ ਪੌਸ਼ਟਿਕ ਖੁਰਾਕ, ਜਿਸ ਵਿੱਚ ਮਿੱਠਾ ਦਲੀਆ, ਮਿੱਠੇ ਚੌਲ ਅਤੇ ਪੰਜੀਰੀ ਸ਼ਾਮਲ ਹਨ, 10,77,020 ਲਾਭਪਾਤਰੀਆਂ ਨੂੰ ਇਸ ਦੇ ਨਾਲ ਨਾਲ ਮਨੋਵਿਗਿਆਨਕ ਸਹਾਇਤਾ ਅਤੇ ਪੋਸ਼ਣ ਸਬੰਧੀ ਸਲਾਹ ਦਿੱਤੀ। ਇਸ ਤੋਂ ਇਲਾਵਾ ਆਂਗਨਵਾੜੀ ਕੇਂਦਰਾਂ ਵਿੱਚ ਜਾ ਰਹੇ 3-6 ਸਾਲ ਦੀ ਉਮਰ ਸਮੂਹ ਦੇ ਬੱਚਿਆਂ ਨੂੰ ਸਵੇਰ ਦੀ ਖੁਰਾਕ ਦੇ ਤੌਰ ’ਤੇ ਹਲਵਾ ਅਤੇ ਪੰਜੀਰੀ ਮੁਹੱਈਆ ਕਰਵਾਈ ਜਾਂਦੀ ਹੈ।

ਬਾਲ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਸਾਲ 2020-21 ਵਿੱਚ ਸਪਾਂਸਰਸ਼ਿਪ ਸਕੀਮਾਂ ਤਹਿਤ 551 ਬੱਚਿਆਂ ਨੂੰ ਪ੍ਰਤੀ ਬੱਚਾ 2000 ਰੁਪਏ ਮੁਹੱਈਆ ਕਰਵਾਏ ਗਏ ਸਨ। ਜੋ ਬੱਚਿਆਂ ਨੂੰ ਬੇਸਹਾਰਾ/ਕਮਜ਼ੋਰ ਹੋਣ, ਘਰੋਂ ਭੱਜਣ ਅਤੇ ਜਬਰੀ ਬਾਲ ਵਿਆਹ ਕਰਾਉਣ ਤੋਂ ਬਚਾਉਣ, ਬਾਲ ਮਜ਼ਦੂਰੀ ਲਈ ਮਜਬੂਰ ਕਰਨ ਆਦਿ ਦੀ ਰੋਕਥਾਮ ਵਿੱਚ ਮਦਦਗਾਰ ਸਾਬਤ ਹੋਣਗੀਆਂ। 
ਇਸੇ ਤਰਾਂ ਸਾਲ-2020-21 ਦੌਰਾਨ ਬੱਚਿਆਂ ਨੂੰ ਗੋਦ ਲੈਣ ਸਬੰਧੀ ਸਕੀਮ ਤਹਿਤ 37 ਬੱਚੇ ਦੇਸ਼ ਦੇ ਅੰਦਰ ਗੋਦ ਲਏ ਗਏ ਅਤੇ 5 ਬੱਚੇ ਸਪੇਨ ਵਿੱਚ ਗੋਦ ਲਏ ਗਏ। ਜ਼ਿਲ੍ਹਾ ਟਾਸਕ ਫੋਰਸਾਂ ਵੱਲੋਂ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਣ ਲਈ ਮਾਰੇ ਛਾਪਿਆਂ ਦੌਰਾਨ 190 ਬੱਚਿਆਂ ਨੂੰ ਅਤੇ ਬਾਲ ਮਜ਼ਦੂਰੀ  ਵਾਲੀਆਂ ਥਾਵਾਂ ’ਤੇ ਮਾਰੇ ਛਾਪਿਆਂ ਵਿੱਚ 155 ਬੱਚਿਆਂ ਨੂੰ ਬਚਾਇਆ ਗਿਆ। ਬੱਚਿਆਂ ਨੂੰ ਉਨਾਂ ਦੇ ਮਾਪਿਆਂ ਕੋਲ ਭੇਜ ਦਿੱਤਾ ਗਿਆ ਅਤੇ ਉਨਾਂ ਨੂੰ ਸਕੂਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਬਾਕਾਇਦਾ ਪਾਲਣ-ਪੋਸ਼ਣ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਕਪੂਰਥਲਾ ਜੇਲ੍ਹ ਸੁਰਖੀਆਂ ’ਚ, ਸਿਮ ਸਪਲਾਈ ਕਰਨ ਵਾਲਿਆਂ ਨੇ ਕੀਤੇ ਵੱਡੇ ਖ਼ੁਲਾਸੇ

ਇਸ ਦੇ ਨਾਲ ਹੀ ਵਿਸ਼ੇਸ਼ ਕਰਕੇ ਤਾਲਾਬੰਦੀ ਦੌਰਾਨ 32 ਬਾਲ ਵਿਆਹ ਰੋਕੇ ਗਏ। ਚਾਈਲਡ ਹੈਲਪ ਲਾਈਨ ਨੰਬਰ (1098) ’ਤੇ ਕੁੱਲ 3576 ਕੇਸ ਪ੍ਰਾਪਤ ਹੋਏ, ਜਿਨਾਂ ਵਿੱਚੋਂ 250 ਕੇਸਾਂ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਚਾਈਲਡ ਹੈਲਪ ਲਾਈਨ ਮੈਂਬਰ ਵੱਲੋਂ ਢੁੱਕਵੀਂ ਕਾਰਵਾਈ ਤੋਂ ਬਾਅਦ 1069 ਕੇਸਾਂ ਦਾ ਨਿਬੇੜਾ ਕਰ ਦਿੱਤਾ ਗਿਆ। 35 ਬੱਚਿਆਂ ਨੂੰ ਮਾਪਿਆਂ ਨਾਲ ਮਿਲਾਇਆ ਅਤੇ 9 ਬੱਚਿਆਂ ਦਾ ਮੁੜ ਵਸੇਬਾ ਕੀਤਾ ਗਿਆ। ਚਾਈਲਡ ਹੈਲਪ ਲਾਈਨ ’ਤੇ ਪ੍ਰਾਪਤ ਹੋਏ ਬਹੁਗਿਣਤੀ ਮਾਮਲੇ ਸਾਧਾਰਨ ਪੁੱਛ-ਪੜਤਾਲ ਜਾਂ ਜ਼ਰੂਰੀ ਸੇਵਾਵਾਂ ਦੀ ਲੋੜ ਸਬੰਧੀ ਸਨ।

ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ 3,40,727  ਲਾਭਪਾਤਰੀਆਂ ਨੂੰ 142.96 ਕਰੋੜ ਰੁਪਏ ਦਿੱਤੇ
ਅਰੁਣਾ ਚੌਧਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਕੁੱਲ 3,40,727 ਲਾਭਪਾਤਰੀਆਂ ਨੂੰ 142.96 ਕਰੋੜ ਰੁਪਏ ਦਾ ਲਾਭ ਦਿੱਤਾ ਗਿਆ ਹੈ, ਜਿਸ ਤਹਿਤ ਪਹਿਲੇ ਬੱਚੇ ਦੇ ਜਨਮ ਸਮੇਂ 19 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 3 ਕਿਸ਼ਤਾਂ ਵਿੱਚ ਯੋਜਨਾ ਅਧੀਨ ਖਾਸ ਸ਼ਰਤਾਂ ਤਹਿਤ 5000 ਰੁਪਏ ਦੀ ਰਾਸ਼ੀ ਦਿੱਤੀ ਜਾ ਰਹੀ ਹੈ।

ਡਿਜੀਟਲ ਪੇਰੈਂਟ ਮਾਰਗਦਰਸ਼ਕ ਪ੍ਰੋਗਰਾਮ ਨੇ ਇਕ ਲੱਖ ਪਰਿਵਾਰ ਤੱਕ ਪਹੁੰਚ ਕੀਤੀ
ਕੈਬਨਿਟ ਮੰਤਰੀ ਨੇ ਦੱਸਿਆ ਕਿ ਮਹਿਕਮੇ ਨੇ ਬੱਚਿਆਂ ਦੇ ਵਿਕਾਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਾਕਾਰਾਤਮਕ ਅਤੇ ਪਾਲਣ ਪੋਸ਼ਣ ਵਾਲਾ ਵਾਤਾਵਰਣ ਸਿਰਜਣ ਲਈ ਡਿਜੀਟਲ ਪੇਰੈਂਟ ਮਾਰਗਦਰਸ਼ਕ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਨੇ 6 ਦਿਨਾਂ ਦੇ ਹਫ਼ਤਾਵਾਰੀ ਸਰਕਲ ਰਾਹੀਂ 150 ਤੋਂ ਵੱਧ ਗਤੀਵਿਧੀਆਂ ਕਰਵਾ ਕੇ ਤਿੰਨ ਮਹੀਨਿਆਂ ਵਿਚਕਾਰ 1,00,000 ਤੋਂ ਵੱਧ ਪਰਿਵਾਰਾਂ ਦੇ ਬੱਚਿਆਂ ਤੱਕ ਪਹੁੰਚ ਕੀਤੀ। ਉਨਾਂ ਕਿਹਾ ਕਿ ਇਸ ਰੌਚਕ ਸਮੱਗਰੀ ਨੂੰ ਰਾਜ ਭਰ ਦੇ ਇਨਾਂ ਪਰਿਵਾਰਾਂ ਨੇ ਤਕਰੀਬਨ 15000 ਘੰਟੇ ਵੇਖਿਆ ਹੈ।

ਨੋਟ- ਪੰਜਾਬ ਸਰਕਾਰ ਦੇ ਇਸ ਫੈਸਲੇ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor shivani attri