ਭਲਕੇ ਜਲੰਧਰ 'ਚ ਹੋਣ ਵਾਲੀ ਕੈਬਨਿਟ ਮੀਟਿੰਗ ’ਚ ਪੰਜਾਬ ਸਰਕਾਰ ਲੈ ਸਕਦੀ ਹੈ ਇਹ ਫ਼ੈਸਲਾ
Tuesday, May 16, 2023 - 03:16 PM (IST)
ਜਲੰਧਰ (ਬਿਊਰੋ) : ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨਿਆਂ ਵਾਂਗ ਸਟੈਂਪ ਡਿਊਟੀ ਅਤੇ ਪ੍ਰਾਪਰਟੀ ਰਜਿਸਟਰੀ ਫੀਸ ’ਤੇ 2.25 ਫੀਸਦੀ ਛੋਟ ਦੀ ਸਮਾਂ-ਸੀਮਾ ਨਹੀਂ ਵਧਾਈ ਹੈ, ਜਿਸ ਕਾਰਨ 15 ਮਈ ਤੱਕ ਦਿੱਤੀ ਗਈ ਇਸ ਛੋਟ ਦੇ ਆਖਰੀ ਦਿਨ ਸਬ-ਰਜਿਸਟਰਾਰ ਦਫ਼ਤਰਾਂ ਵਿਚ ਰਜਿਸਟ੍ਰੇਸ਼ਨ ਕਰਵਾਉਣ ਲਈ ਬਿਨੈਕਾਰਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ। ਸਵੇਰੇ 7.30 ਵਜੇ ਦਫ਼ਤਰ ਖੁੱਲ੍ਹਦੇ ਸਾਰ ਹੀ ਬਿਨੈਕਾਰਾਂ ਵੱਲੋਂ ਈ-ਸਟੈਂਪ ਖਰੀਦਣ, ਬਿਨੈਕਾਰਾਂ ਨੂੰ ਦਸਤਾਵੇਜ਼ ਲਿਖਣ ਅਤੇ ਹੋਰ ਲੋੜੀਂਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਹੋੜ ਲੱਗ ਗਈ। ਸਬ ਰਜਿਸਟਰਾਰ-1 ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਦਫ਼ਤਰ ਵਿਚ 224 ਬਿਨੈਕਾਰਾਂ ਨੇ ਆਨਲਾਈਨ ਅਪੁਆਇੰਟਮੈਂਟ ਲਈ ਹੈ ਜਦਕਿ ਸਬ-ਰਜਿਸਟਰਾਰ-2 ਪ੍ਰਦੀਪ ਕੁਮਾਰ ਨੇ ਦੱਸਿਆ ਕਿ 170 ਵਿਅਕਤੀਆਂ ਨੇ ਆਪਣੇ ਅਧਿਕਾਰ ਖੇਤਰ ਨਾਲ ਸਬੰਧਤ ਜਾਇਦਾਦ ਸਬੰਧੀ ਦਸਤਾਵੇਜ਼ਾਂ ਦੀ ਪ੍ਰਵਾਨਗੀ ਲਈ ਆਨਲਾਈਨ ਅਪੁਆਇੰਟਮੈਂਟ ਲਈ ਹੈ। ਕੁਲਵੰਤ ਸਿੱਧੂ ਅਤੇ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਦੇਰ ਸ਼ਾਮ ਤੱਕ ਸਰਕਾਰ ਨੇ ਸਟੈਂਪ ਡਿਊਟੀ ਅਤੇ ਪ੍ਰਾਪਰਟੀ ਰਜਿਸਟਰੀ ਫੀਸ ਵਿਚ ਕੁੱਲ 2.25 ਫੀਸਦੀ ਛੋਟ ਵਿਚ ਹੋਰ ਵਾਧਾ ਕਰਨ ਸਬੰਧੀ ਕੋਈ ਹੁਕਮ ਜਾਰੀ ਨਹੀਂ ਕੀਤੇ ਹਨ। ਉਨ੍ਹਾਂ ਦੱਸਿਆ ਕਿ 16 ਮਈ ਨੂੰ ਗਜ਼ਟਿਡ ਛੁੱਟੀ ਹੈ, ਜਿਸ ਕਾਰਨ ਜੇਕਰ ਸਰਕਾਰ ਨੇ 17 ਮਈ ਤੱਕ ਇਸ ਛੋਟ ਸਬੰਧੀ ਕੋਈ ਨਵਾਂ ਹੁਕਮ ਜਾਰੀ ਨਾ ਕੀਤਾ ਤਾਂ ਬੁੱਧਵਾਰ ਤੋਂ ਪਹਿਲਾਂ ਤੋਂ ਤੈਅ ਕੁਲੈਕਟਰ ਰੇਟਾਂ ’ਤੇ ਹੀ ਆਨਲਾਈਨ ਰਜਿਸਟਰੀ ਦਾ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਦਫ਼ਤਰਾਂ ਦੇ ਬੰਦ ਹੋਣ ਦਾ ਸਮਾਂ ਦੁਪਹਿਰ 2 ਵਜੇ ਤੱਕ ਨਿਰਧਾਰਿਤ ਕੀਤਾ ਗਿਆ ਹੈ ਪਰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੇ ਕਰੀਬ 1 ਘੰਟਾ ਹੋਰ ਸਮਾਂ ਕੰਮ ਕਰਨ ਤੋਂ ਬਾਅਦ ਦਸਤਾਵੇਜ਼ਾਂ ਨੂੰ ਮਨਜ਼ੂਰੀ ਦਿੱਤੀ ਤਾਂ ਜੋ ਬਿਨੈਕਾਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |
ਇਹ ਵੀ ਪੜ੍ਹੋ : ਅਧਿਆਪਕ ਨੇ ਵਿਦਿਆਰਥੀ ਦੀ ਕੁੱਟਮਾਰ ; ਘੱਟਗਿਣਤੀ ਕਮਿਸ਼ਨ ਵਲੋਂ ਜਾਂਚ ਦੇ ਹੁਕਮ
17 ਮਈ ਨੂੰ ਕੈਬਨਿਟ ਮੀਟਿੰਗ ’ਚ ਹੋ ਸਕਦੈ ਨਵਾਂ ਫੈਸਲਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਲੋਕਾਂ ਨੂੰ ਰਾਹਤ ਦੇਣ ਲਈ 1 ਮਾਰਚ ਤੋਂ 31 ਮਾਰਚ ਤੱਕ ਸਟੈਂਪ ਡਿਊਟੀ ਅਤੇ ਪ੍ਰਾਪਰਟੀ ਰਜਿਸਟਰੀ ਫੀਸ ਵਿਚ 2.25 ਫੀਸਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਤੋਂ ਬਾਅਦ ਪ੍ਰਾਪਰਟੀ ਦੀ ਰਜਿਸਟਰੇਸ਼ਨ ਕਰਵਾਉਣ ਲਈ ਲੋਕਾਂ ਵਿਚ ਹੋੜ ਲੱਗ ਗਈ ਸੀ। ਇਸ ਛੋਟ ਨਾਲ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦੇ ਮਾਲੀਏ ਦਾ ਫਾਇਦਾ ਹੋਇਆ ਹੈ। ਲੋਕਾਂ ਦੀ ਮੰਗ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਵਿਚ ਇਹ ਛੋਟ 31 ਮਾਰਚ ਤੋਂ 30 ਅਪ੍ਰੈਲ ਤੱਕ ਵਧਾ ਦਿੱਤੀ ਹੈ ਪਰ ਜਨਤਾ ਦੀ ਮੰਗ ਨੂੰ ਦੇਖਦੇ ਹੋਏ ਸੂਬੇ ਭਰ ਦੀਆਂ ਤਹਿਸੀਲਾਂ ਤੇ ਸਾਰੀਆਂ ਤਹਿਸੀਲਾਂ ਵਿਚ ਰਜਿਸਟ੍ਰੇਸ਼ਨ ਕਰਵਾਉਣ ਲਈ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਤਾਂ ਪੰਜਾਬ ਸਰਕਾਰ ਨੇ ਆਪਣੀ ਅਗਲੀ ਕੈਬਨਿਟ ਮੀਟਿੰਗ ਵਿਚ ਸਟੈਂਪ ਡਿਊਟੀ ਤੇ ਪ੍ਰਾਪਰਟੀ ਰਜਿਸਟਰੀ ਫੀਸ ਵਿਚ 2.25 ਫੀਸਦੀ ਛੋਟ 15 ਮਈ ਤੱਕ ਦੇਣ ਦਾ ਐਲਾਨ ਕੀਤਾ ਪਰ ਅੱਜ ਆਖਰੀ ਦਿਨ ਵੀ ਸਰਕਾਰ ਨੇ ਛੋਟ ਵਧਾਉਣ ਦਾ ਕੋਈ ਨਵਾਂ ਫੈਸਲਾ ਨਹੀਂ ਲਿਆ ਹੈ। ਹੁਣ ਮੰਨਿਆ ਜਾ ਰਿਹਾ ਹੈ ਕਿ 17 ਮਈ ਨੂੰ ਜਲੰਧਰ ਦੇ ਸਰਕਟ ਹਾਊਸ ’ਚ ਹੋਣ ਵਾਲੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ’ਚ ਮੁੱਖ ਮੰਤਰੀ ਭਗਵੰਤ ਮਾਨ ਇਸ ਛੋਟ ’ਤੇ ਕੋਈ ਨਵਾਂ ਫੈਸਲਾ ਲੈ ਸਕਦੇ ਹਨ।
ਪੰਜਾਬ ਸਰਕਾਰ ਸਿਰਫ਼ ਚੋਣ ’ਚ ਹੀ ਨਹੀਂ, ਪੱਕੀ ਛੋਟ ਦੇਵੇ : ਸੁਦੇਸ਼ ਵਿੱਜ
ਪ੍ਰਾਪਰਟੀ ਕਾਰੋਬਾਰੀ ਸੁਦੇਸ਼ ਵਿੱਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਸਰਕਾਰ ਵੱਲੋਂ ਸਟੈਂਪ ਡਿਊਟੀ ਤੇ ਪ੍ਰਾਪਰਟੀ ਰਜਿਸਟਰੀ ਫੀਸ ਵਿਚ ਪਿਛਲੇ ਢਾਈ ਮਹੀਨਿਆਂ ਤੋਂ ਦਿੱਤੀ ਗਈ ਛੋਟ ਨੂੰ ਪੱਕਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ 17 ਮਈ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ਵਿਚ ਢਿੱਲ ਦੇਣ ਸਬੰਧੀ ਵੱਡਾ ਐਲਾਨ ਕਰਨਾ ਤਾਂ ਜੋ ਆਮ ਲੋਕਾਂ ’ਚ ਇਹ ਸੁਨੇਹਾ ਨਾ ਜਾਵੇ ਕਿ ਸਰਕਾਰ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਹੀ ਤਿੰਨ ਵਾਰ ਇਹ ਢਿੱਲ ਦਿੱਤੀ ਸੀ।
ਸੁਦੇਸ਼ ਵਿੱਜ
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ‘ਸਰਕਾਰ ਆਪਕੇ ਦੁਆਰ’ ਪ੍ਰੋਗਰਾਮ ਦੌਰਾਨ ਲੋਕਾਂ ਨਾਲ ਕਰਨਗੇ ਮੁਲਾਕਾਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।