ਪੰਜਾਬ ਦੇ ਸਨਅਤਕਾਰਾਂ ਲਈ ਬੁਰੀ ਖ਼ਬਰ, ਨਵੀਂ ਇੰਡਸਟਰੀ ਲਈ ਬਿਜਲੀ ਕੁਨੈਕਸ਼ਨਾਂ ਬਾਰੇ ਸਰਕਾਰ ਨੇ ਲਿਆ ਇਹ ਫ਼ੈਸਲਾ
Saturday, Sep 17, 2022 - 01:43 PM (IST)
ਲੁਧਿਆਣਾ (ਸਲੂਜਾ) : ਪੰਜਾਬ ਸਰਕਾਰ ਵੱਲੋਂ ਨਵੀਂ ਇੰਡਸਟਰੀ ਲਾਉਣ ਸਬੰਧੀ ਨਵੇਂ ਬਿਜਲੀ ਕੁਨੈਕਸ਼ਨ ਦੇਣੇ ਅਤੇ ਲੋਡ ਵਧਾਉਣੇ ਬੰਦ ਕਰ ਦਿੱਤੇ ਗਏ ਹਨ। ਇਸ ਨੂੰ ਲੈ ਕੇ ਸਨਅਤਕਾਰਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸਮਾਲ ਸਕੇਲ ਮੈਨੂਫੈਕਚਰਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਨੇ ਦੱਸਿਆ ਕਿ ਪਾਵਰਕਾਮ ਕੋਲ ਨਵੀਂ ਇੰਡਸਟਰੀ ਲਗਾਉਣ ਲਈ ਨਵੇਂ ਬਿਜਲੀ ਕੁਨੈਕਸ਼ਨਾਂ ਲਈ ਅਪਲਾਈ ਕੀਤਾ ਸੀ ਪਰ ਬਿਜਲੀ ਵਿਭਾਗ ਨੇ ਸਬੰਧਿਤ ਸਨਅਤਕਾਰਾਂ ਨੂੰ ਇਹ ਕਹਿ ਕੇ ਫਾਈਲਾਂ ਮੋੜ ਦਿੱਤੀਆਂ ਕਿ ਪੰਜਾਬ ਸਰਕਾਰ ਨੇ ਨਵੀਂ ਇੰਡਸਟਰੀ ਲਾਉਣ ਸਬੰਧੀ ਬਿਜਲੀ ਕੁਨੈਕਸ਼ਨ ਦੇਣੇ ਬੰਦ ਕਰ ਦਿੱਤੇ ਹਨ।
ਇਹ ਵੀ ਪੜ੍ਹੋ : ਮੋਹਾਲੀ ਦੇ ਮੇਅਰ ਅਮਰਜੀਤ ਜੀਤੀ ਨੂੰ ਨੋਟਿਸ ਜਾਰੀ, ਜਾਣੋ ਕੀ ਹੈ ਪੂਰਾ ਮਾਮਲਾ
ਠੁਕਰਾਲ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਸਮੇਂ ਜਰਮਨੀ ਦੇ ਦੌਰੇ ’ਤੇ ਹਨ, ਉੱਥੋਂ ਦੀ ਇੰਡਸਟਰੀ ਨੂੰ ਪੰਜਾਬ ’ਚ ਉਦਯੋਗ ਲਗਾਉਣ ਦੀ ਅਪੀਲ ਕਰ ਰਹੇ ਹਨ। ਇਸ ਦੇ ਉਲਟ ਪੰਜਾਬ 'ਚ ਨਵੀਂ ਇੰਡਸਟਰੀ ਲਗਾਉਣ ਲਈ ਨਵੇਂ ਬਿਜਲੀ ਕੁਨੈਕਸ਼ਨ ਬੰਦ ਕਰ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ 15 ਦਿਨਾਂ ਅੰਦਰ ਬੰਦ ਕੀਤੇ ਨਵੇਂ ਇੰਸਡਟਰੀ ਦੇ ਬਿਜਲੀ ਕੁਨੈਕਸ਼ਨ ਬਹਾਲ ਨਾ ਕੀਤੇ ਤਾਂ ਅੰਦੋਲਨ ਦਾ ਬਿਗੁਲ ਵਜ੍ਹਾ ਦਿੱਤਾ ਜਾਵੇਗਾ ਅਤੇ ਇਸ ਤੋਂ ਨਿਕਲਣ ਵਾਲੇ ਨਤੀਜਿਆਂ ਲਈ ਪੰਜਾਬ ਸਰਕਾਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਇੰਦਰਜੀਤ ਸਿੰਘ, ਸ਼ਵਿੰਦਰ ਸਿੰਘ ਹੁੰਜਨ, ਸੁਮੇਸ਼ ਕੋਛੜ, ਸਵਰਨ ਸਿੰਘ ਮੱਕੜ, ਕੁਲਦੀਪ ਸਿੰਘ ਸੰਧੂ ਅਤੇ ਜਗਜੀਤ ਸਿੰਘ ਆਦਿ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ