ਕਰਜ਼ਾ ਮੁਆਫੀ ਲਈ ਕੀਤੇ ਗਏ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਚੁੱਕੇਗੀ ਇਹ ਅਹਿਮ ਕਦਮ

08/08/2017 4:07:37 PM

ਗੁਰਦਾਸਪੁਰ (ਹਰਮਨਪ੍ਰੀਤ)- ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਛੋਟੇ ਕਿਸਾਨਾਂ ਦੇ 2 ਲੱਖ ਰੁਪਏ ਦੇ ਕਰਜ਼ੇ ਮੁਆਫ਼ ਕਰਨ ਦੇ ਕੀਤੇ ਗਏ ਐਲਾਨ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਕਾਰ ਨੇ ਸਹਿਕਾਰੀ ਬੈਂਕਾਂ ਅੰਦਰ ਸਾਰੇ ਕਿਸਾਨਾਂ ਦੇ ਖਾਤਿਆਂ ਨੂੰ ਉਨ੍ਹਾਂ ਦੇ ਆਧਾਰ ਕਾਰਡਾਂ ਨਾਲ ਲਿੰਕ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਲਈ ਬਕਾਇਦਾ ਕਾਰਵਾਈ ਸ਼ੁਰੂ ਕਰ ਕੇ ਪੰਜਾਬ ਦੇ ਸਾਰੇ ਸਹਿਕਾਰੀ ਬੈਂਕਾਂ ਨੂੰ ਪੱਤਰ ਜਾਰੀ ਕਰ ਕੇ ਤੁਰੰਤ ਕਾਰਵਾਈ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। 
ਦੂਜੇ ਪਾਸੇ ਇਸ ਐਲਾਨ ਅਤੇ ਵਾਅਦੇ ਨੂੰ ਲਾਗੂ ਕਰਨ 'ਚ ਹੋ ਰਹੀ ਦੇਰੀ ਕਾਰਨ ਨਾ ਸਿਰਫ਼ ਕਿਸਾਨ ਬੈਂਕਾਂ ਦੇ ਡਿਫਾਲਟਰ ਹੁੰਦੇ ਜਾ ਰਹੇ ਹਨ, ਸਗੋਂ ਕਿਸਾਨਾਂ ਅੰਦਰ ਨਿਰਾਸ਼ਾ ਅਤੇ ਰੋਸ ਵੀ ਵਧ ਰਿਹਾ ਹੈ। ਪਰ ਇਸ ਦੇ ਬਾਵਜੂਦ ਵੀ ਸਹੀ ਮਾਇਨਿਆਂ ਵਿਚ ਕਰਜ਼ੇ ਮੁਆਫ਼ ਹੋਣ ਨੂੰ ਅਜੇ ਕਾਫ਼ੀ ਸਮਾਂ ਹੋਰ ਲੱਗ ਸਕਦਾ ਹੈ। 

ਸਹੀ ਤੱਥ ਜੁਟਾਉਣ 'ਚ ਰੁਝੀ ਹੈ 'ਟੀ. ਹੱਕ' ਕਮੇਟੀ
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਕਰਜ਼ੇ ਮੁਆਫ਼ੀ ਲਈ ਸਾਬਕਾ ਚੇਅਰਮੈਨ ਟੀ. ਹੱਕ ਦੀ ਅਗਵਾਈ ਹੇਠ ਬਣਾਏ ਗਏ ਉੱਚ ਪੱਧਰੀ ਪੈਨਲ ਨੇ ਵੀ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਇਲਾਵਾ ਹੋਰ ਥਾਵਾਂ ਦਾ ਦੌਰਾ ਕਰ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ, ਜਿਸ ਦੌਰਾਨ ਬਹੁਤੇ ਕਿਸਾਨਾਂ ਨੇ ਤਾਂ ਇਹ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਚੋਣ ਵਾਅਦੇ ਅਨੁਸਾਰ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ਼ ਕਰਨ। ਪਰ ਨਾਲ ਹੀ ਬਹੁਤ ਸਾਰੇ ਕਿਸਾਨਾਂ ਨੇ ਇਹ ਮੰਗ ਵੀ ਕੀਤੀ ਕਿ ਸਰਕਾਰ ਨੇ ਜੇ 2 ਲੱਖ ਦੇ ਕਰਜ਼ੇ ਹੀ ਮੁਆਫ਼ ਕਰਨੇ ਹਨ, ਤਾਂ ਘੱਟੋ-ਘੱਟ ਇਸ ਫ਼ੈਸਲੇ ਨੂੰ ਹੀ ਬਿਨਾਂ ਹੋਰ ਦੇਰੀ ਕੀਤਿਆਂ ਲਾਗੂ ਕਰ ਦਿੱਤਾ ਜਾਵੇ। ਅਨੇਕਾਂ ਕਿਸਾਨ ਇਸ ਗੱਲ ਨੂੰ ਨਿਰਾਸ਼ ਹਨ ਕਿ ਅਧੂਰੇ ਕਰਜ਼ੇ ਮੁਆਫ਼ ਕਰਨ ਦਾ ਇਹ ਐਲਾਨ ਸਿਰਫ਼ ਫਾਈਲਾਂ ਅਤੇ ਮਾਹਿਰਾਂ ਦੀ ਸਲਾਹਾਂ ਵਿਚ ਵੀ ਉਲਝਿਆ ਹੋਇਆ ਹੈ। ਜਦੋਂ ਕਿ ਕਿਸਾਨ ਬੈਂਕਾਂ ਦੇ ਡਿਫਾਲਟਰ ਹੋ ਰਹੇ ਹਨ। 
ਸੂਤਰਾਂ ਮੁਤਾਬਿਕ ਟੀ. ਹੱਕ ਕਮੇਟੀ ਅਜੇ ਕਰਜ਼ੇ ਮੁਆਫ਼ੀ ਸਬੰਧੀ ਅਸਲ ਤੱਥ ਜੁਟਾਉਣ ਵਿਚ ਲੱਗੀ ਹੋਈ ਹੈ, ਜਿਸ ਵੱਲੋਂ ਦਿੱਤੀ ਜਾਣ ਵਾਲੀ ਅੰਤਿਮ ਰਿਪੋਰਟ ਦੇ ਆਧਾਰ 'ਤੇ ਸਰਕਾਰ ਨੇ ਅਗਲੀ ਕਾਰਵਾਈ ਕਰਨੀ ਹੈ। ਕਮੇਟੀ ਵੱਲੋਂ ਇਹ ਰਿਪੋਰਟ 15 ਅਗਸਤ ਤੋਂ ਬਾਅਦ ਮੁਕੰਮਲ ਕਰਕੇ ਸੌਂਪਣ ਦੀ ਸੰਭਾਵਨਾ ਹੈ।

ਸਹਿਕਾਰੀ ਬੈਂਕਾਂ ਦਾ ਹਰੇਕ ਖਾਤਾ ਜੁੜੇਗਾ ਆਧਾਰ ਕਾਰਡ ਨਾਲ
ਪੰਜਾਬ ਅੰਦਰ ਕਰੀਬ 14 ਲੱਖ ਕਿਸਾਨ ਖੇਤੀ ਕਰਦੇ ਹਨ ਜਿਨ੍ਹਾਂ ਵਿਚੋਂ ਕਰੀਬ 10 ਵੱਖ ਕਿਸਾਨਾਂ ਦੇ 2 ਲੱਖ ਰੁਪਏ ਦੇ ਕਰਜ਼ੇ ਮੁਆਫ਼ ਕਰਨ ਦਾ ਐਲਾਨ ਕੀਤਾ ਗਿਆ ਸੀ। ਪਰ ਹੁਣ ਸਰਕਾਰ ਸਾਹਮਣੇ ਇਹ ਚੁਣੌਤੀ ਖੜ੍ਹੀ ਹੈ ਕਿ ਬਹੁਤ ਸਾਰੇ ਕਿਸਾਨ ਅਜਿਹੇ ਹਨ ਜਿਨ੍ਹਾਂ ਦੇ ਇਕ ਤੋਂ ਜ਼ਿਆਦਾ ਖਾਤੇ ਹੋਣ ਕਾਰਨ ਉਨ੍ਹਾਂ ਇਕ ਤੋਂ ਜ਼ਿਆਦਾ ਖਾਤਿਆਂ ਰਾਹੀਂ ਕਰਜ਼ਾ ਲਿਆ ਹੋਇਆ ਹੈ। ਅਜਿਹੇ ਕਿਸਾਨ ਸਰਕਾਰ ਵੱਲੋਂ 2 ਲੱਖ ਰੁਪਏ ਦੇ ਕਰਜ਼ੇ ਮੁਆਫ਼ੀ ਦੇ ਐਲਾਨ ਦੇ ਉਲਟ ਖਾਤਿਆਂ ਦੇ ਹਿਸਾਬ ਨਾਲ 2-2 ਲੱਖ ਪ੍ਰਤੀ ਖਾਤਾ ਲਾਭ ਲੈ ਜਾਣਗੇ। 
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੇ ਗਏ ਖ਼ੁਲਾਸੇ ਮੁਤਾਬਿਕ ਇਕ ਤੋਂ ਜ਼ਿਆਦਾ ਖਾਤਿਆਂ ਵਾਲੇ ਅਜਿਹੇ ਕਿਸਾਨਾਂ ਦੇ ਕਰਜ਼ ਦੀ ਰਾਸ਼ੀ ਕੁਲ ਰਾਹਤ ਵਿਚ 500 ਤੋਂ 1000 ਕਰੋੜ ਰੁਪਏ ਤੱਕ ਦਾ ਵਾਧਾ-ਘਾਟਾ ਕਰ ਸਕਦੀ ਹੈ। ਇਸ ਲਈ ਸਰਕਾਰ ਵੱਲੋਂ ਅਜਿਹੇ ਕਿਸਾਨਾਂ ਦਾ ਪਤਾ ਲਗਾਉਣ ਲਈ ਸਾਰੇ ਕਿਸਾਨਾਂ ਦੇ ਖਾਤਿਆਂ ਨੂੰ ਆਧਾਰ ਕਾਰਡਾਂ ਨਾਲ ਜੋੜਿਆ ਜਾ ਰਿਹਾ ਹੈ। ਇਹ ਕਾਰਵਾਈ ਮੁਕੰਮਲ ਹੋਣ ਦੇ ਬਾਅਦ ਹੀ ਕਮੇਟੀ ਵੱਲੋਂ ਰਿਪੋਰਟ ਸੌਂਪੀ ਜਾਵੇਗੀ।


Related News