''ਬਾਜ਼ ਅੱਖ'' ਨਾਲ ਕੀਤੀ ਜਾਵੇਗੀ ਪੰਜਾਬੀਆਂ ਦੀ ਸੁਰੱਖਿਆ, ਮਾਨ ਸਰਕਾਰ ਨੇ ਕੀਤਾ ਵੱਡਾ ਉਪਰਾਲਾ
Sunday, Jan 12, 2025 - 04:02 PM (IST)
ਜਲੰਧਰ: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਹਿਲੇ ਦਿਨ ਤੋਂ ਹੀ ਸੂਬੇ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਵੱਡਾ ਫ਼ੈਸਲਾ ਲੈਂਦਿਆਂ ਮਾਨ ਸਰਕਾਰ ਨੇ ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਸੀ. ਸੀ. ਟੀ. ਵੀ. ਕੈਮਰੇ ਲਾਉਣ ਦੀ ਪਹਿਲਕਦਮੀ ਕੀਤੀ ਹੈ। ਸਰਕਾਰ ਵੱਲੋਂ ਇਸ ਕੰਮ ਦੇ ਲਈ 19 ਕਰੋੜ ਰੁਪਏ ਤੋਂ ਵੱਧ ਦੀ ਰਕਮ ਨੂੰ ਮਨਜ਼ੂਰ ਕਰ ਲਈ ਗਈ ਹੈ। ਹੁਣ ਤਕ ਇਸ ਯੋਜਨਾ ਤਹਿਤ ਸਰਹੱਦੀ ਖੇਤਰ ਦੀਆਂ 585 ਥਾਵਾਂ 'ਤੇ 2127 ਕੈਮਰੇ ਲਾਏ ਜਾ ਚੁੱਕੇ ਹਨ।
ਇਨ੍ਹਾਂ ਕੈਮਰਿਆਂ ਰਾਹੀਂ ਨਾ ਸਿਰਫ਼ ਕਿਸੇ ਵੱਡੀ ਵਾਰਦਾਤ ਨੂੰ ਟਰੇਸ ਕੀਤਾ ਜਾ ਸਕਦਾ ਹੈ, ਸਗੋਂ ਪੰਜਾਬ ਪੁਲਸ ਦੀ ਬਾਜ਼ ਅੱਖ ਹਰ ਵੇਲੇ ਵੱਖ-ਵੱਖ ਇਲਾਕਿਆਂ ਵਿਚ ਰਹੇਗੀ, ਜਿਸ ਨਾਲ ਕੋਈ ਸ਼ੱਕੀ ਗਤੀਵਿਧੀ ਦਿਖਣ 'ਤੇ ਸਬੰਧਤ ਇਲਾਕੇ ਦੀ ਪੁਲਸ ਨੂੰ ਤੁਰੰਤ ਸੁਚੇਤ ਕਰ ਕੇ ਕਈ ਵਾਰਦਾਤਾਂ ਨੂੰ ਟਾਲਿਆ ਵੀ ਜਾ ਸਕੇਗਾ। ਇਸ ਦੇ ਨਾਲ ਹੀ ਸ਼ਰਾਰਤੀ ਅਨਸਰਾਂ ਦੇ ਮਨ ਵਿਚ ਵੀ ਡਰ ਬੈਠ ਜਾਵੇਗਾ ਕਿ ਉਹ ਕੋਈ ਵਾਰਦਾਤ ਕਰ ਕੇ ਕਿਤੇ ਭੱਜ ਨਹੀਂ ਸਕਦੇ, ਕਿਉਂਕਿ ਪੰਜਾਬ ਪੁਲਸ ਦੀ ਬਾਜ਼ ਅੱਖ ਹਮੇਸ਼ਾ ਉਨ੍ਹਾਂ ਦਾ ਪਿੱਛਾ ਕਰਦੀ ਰਹੇਗੀ। ਫ਼ਿਰ ਭਾਵੇਂ ਉਹ ਕਿਸੇ ਵੀ ਨੁੱਕਰ ਵਿਚ ਲੁਕਣ ਦੀ ਕੋਸ਼ਿਸ਼ ਕਰ ਲੈਣ, ਪਰ ਉਹ ਪੰਜਾਬ ਪੁਲਸ ਦੇ ਹੱਥਾਂ ਤੋਂ ਬੱਚ ਨਹੀਂ ਸਕਣਗੇ।
ਪੰਜਾਬ ਦੇ ਲੋਕਾਂ ਵੱਲੋਂ ਪੰਜਾਬ ਸਰਕਾਰ ਦੀ ਇਸ ਪਹਿਲਕਦਮੀ ਨੂੰ ਰੱਜ ਕੇ ਸਲਾਹਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਤਹਿਤ ਸਰਹੱਦੀ ਖੇਤਰਾਂ 'ਚ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਕਿਉਂਕਿ ਸਰਹੱਦੀ ਇਲਾਕਿਆਂ 'ਚੋਂ ਹੀ ਪੰਜਾਬ 'ਚ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਲਈ ਗੁਆਂਢੀ ਮੁਲਕ ਵੱਲੋਂ ਹਮੇਸ਼ਾ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਹੁਣ ਇਨ੍ਹਾਂ ਸਰਗਰਮੀਆਂ ਨੂੰ ਠੱਲ੍ਹ ਪਾਉਣ ਲਈ ਹੀ ਇਹ ਵਿਸ਼ੇਸ਼ ਕਦਮ ਚੁੱਕਿਆ ਗਿਆ ਹੈ। ਇਸ ਕਦਮ ਦਾ ਫ਼ਾਇਦਾ ਇਕੱਲੇ ਸਰਹੱਦੀ ਇਲਾਕਿਆਂ ਨੂੰ ਹੀ ਨਹੀਂ ਸਗੋਂ ਸੂਬੇ ਭਰ ਦੇ ਲੋਕਾਂ ਨੂੰ ਹੋਵੇਗਾ, ਕਿਉਂਕਿ ਇੱਥੋਂ ਨਸ਼ਾ ਅਤੇ ਹਥਿਆਰ ਆਉਣ ਮਗਰੋਂ ਹੀ ਸੂਬੇ ਭਰ ਵਿਚ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।