ਪੰਜਾਬ ਸਰਕਾਰ ਦਾ ਅਹਿਮ ਐਲਾਨ, ਹੁਣ ਮੂੰਗੀ ਤੇ ਬਾਸਮਤੀ ਦੀ ਫ਼ਸਲ ’ਤੇ ਮਿਲੇਗੀ ਐੱਮ. ਐੱਸ. ਪੀ.

Friday, May 06, 2022 - 04:23 PM (IST)

ਲੁਧਿਆਣਾ/ਜਲੰਧਰ (ਵਿੱਕੀ,ਧਵਨ)- ਧਰਤੀ ਹੇਠਲੇ ਪਾਣੀ ਦੀ ਬੱਚਤ ਅਤੇ ਕਿਸਾਨਾਂ ਨੂੰ ਫਸਲੀ ਚੱਕਰ ’ਚੋਂ ਰਾਹਤ ਦਿਵਾਉਣ ਲਈ ਪੰਜਾਬ ਸਰਕਾਰ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਹੁਣ ਮੂੰਗੀ ਅਤੇ ਬਾਸਮਤੀ ਦੀਆਂ ਫ਼ਸਲਾਂ ’ਤੇ ਵੀ ਐੱਮ. ਐੱਸ. ਪੀ. ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਕਰਕੇ ਕਿਸਾਨਾਂ ਤੋਂ ਮੂੰਗੀ ਦੀ ਖੇਤੀ ਕਰਨ ਦਾ ਸੁਝਾਅ ਦਿੱਤਾ, ਜੋ ਸਿਰਫ਼ 55 ਦਿਨਾਂ ’ਚ ਘੱਟ ਪਾਣੀ ਦੇ ਉਪਯੋਗ ਨਾਲ ਸੰਭਵ ਹਨ।

ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨ ਸਿੱਖ ਪੰਥ ਦੇ ਮਹਾਨ ਯੋਧਾ ਜੱਸਾ ਸਿੰਘ ਰਾਮਗੜ੍ਹੀਆ ਦੇ 299ਵੇਂ ਜਨਮ ਦਿਨ ’ਤੇ ਸ਼ਰਧਾਂਜਲੀ ਭੇਟ ਕਰਨ ਲਈ ਪੀ. ਏ. ਯੂ. ਡਾ. ਮਨਮੋਹਨ ਸਿੰਘ ਆਡੀਟੋਰੀਅਮ ’ਚ ਆਯੋਜਿਤ ਸੂਬਾ ਪੱਧਰੀ ਸਮਾਰੋਹ ’ਚ ਵਿਸ਼ੇਸ਼ ਤੌਰ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਉਹ ਬੀਤੇ ਕਈ ਦਿਨਾਂ ਤੋਂ ਲਗਾਤਾਰ ਖੇਤੀ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰ ਰਹੇ ਹਨ ਕਿਉਂਕਿ ਇਹ ਨਾਜੁਕ ਮਸਲਾ ਸਿੱਧੇ ਤੌਰ ’ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ, ਜਿਸ ਕਾਰਨ ਇਸ ਸਥਿਤੀ ਨੂੰ ਲੈ ਕੇ ਅਸੀਂ ਸਾਰੇ ਹੀ ਫਿਕਰਮੰਦ ਹਾਂ।
ਮੁੱਖ ਮੰਤਰੀ ਨੇ ਲੋਕਾਂ, ਖ਼ਾਸ ਕਰਕੇ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਚਾਉਣ ਲਈ ਉਨ੍ਹਾਂ ਦੀ ਨੀਅਤ ਸਾਫ਼ ਹੈ ਅਤੇ ਆਉਣ ਵਾਲੇ ਦਿਨਾਂ ’ਚ ਫ਼ਸਲੀ ਵਿਭਿੰਨਤਾ ਨੂੰ ਬੜਾਵਾ ਦੇਣ ਲਈ ਕਿਸਾਨਾਂ ਦੇ ਸਹਿਯੋਗ ਨਾਲ ਕਈ ਵੱਡੇ ਫ਼ੈਸਲੇ ਲਏ ਜਾਣਗੇ। ਮੁੱਖ ਮੰਤਰੀ ਮਾਨ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਮੌਕੇ ’ਤੇ ਸ਼ਰਧਾ ਅਤੇ ਆਦਰ ਭੇਟ ਕਰਦਿਆਂ ਕਿਹਾ ਕਿ ਜ਼ੁਲਮ ਖ਼ਿਲਾਫ਼ ਲੜਨਾ ਉਨ੍ਹਾਂ ਨੂੰ ਵਿਰਾਸਤ ’ਚ ਮਿਲਿਆ ਸੀ।

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਪੰਜਾਬ ’ਚ ਅੱਤਵਾਦ ਫ਼ੈਲਾਉਣ ਲਈ ਇਸਤੇਮਾਲ ਕੀਤੇ ਜਾ ਰਹੇ ਹਨ ਗ਼ਰੀਬ ਗ਼ੈਰ-ਸਿੱਖ ਨੌਜਵਾਨ

PunjabKesari

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਮਹਾਨ ਸਿੱਖ ਜਰਨੈਲ ਹਮੇਸ਼ਾ ਜ਼ੁਲਮ ਖ਼ਿਲਾਫ਼ ਲੜਦੇ ਰਹੇ ਅਤੇ ਮਜ਼ਲੂਮਾਂ ਦਾ ਸਾਥ ਦਿੰਦੇ ਰਹੇ ਪਰ ਅੱਜ ਦੇ ਸਮੇਂ ਦੀ ਤ੍ਰਾਸਦੀ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਸੱਤਾ ’ਚ ਰਹਿਣ ਵਾਲੇ ਸਾਡੇ ਆਪਣਿਆਂ ਨੇ ਹੀ ਸਾਡੇ ’ਤੇ ਜ਼ੁਲਮ ਕੀਤੇ ਹਨ ਅਤੇ ਪੰਜਾਬ ਨੂੰ ਲੁੱਟਿਆ ਹੈ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਲੋਕਾਂ ਵੱਲੋਂ ਦਿੱਤੀ ਗਈ ਸ਼ਕਤੀ ਜਨ-ਕਲਿਆਣ ਲਈ ਵਰਤੀ ਜਾਵੇਗੀ। ਇਸ ਮੌਕੇ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਤ ਮਸ਼ਹੂਰ ਸ਼ਖ਼ਸੀਅਤਾਂ ਜਿਨ੍ਹਾਂ ’ਚ ਪੰਜਾਬੀ ਲੋਕ ਗਾਇਕ ਸੁਰਿੰਦਰ ਛਿੰਦਾ, ਉਦਯੋਗਪਤੀ ਅਮਰੀਕ ਸਿੰਘ ਘੜਿਆਲ, ਸਮਾਜ ਸੇਵੀ ਕੁਲਵੰਤ ਸਿੰਘ ਲੋਟੇ, ਸਿੱਖਿਆ ਸਾਸ਼ਤਰੀ ਪ੍ਰਿੰ. ਚਮਕੌਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਡਾਇਰੈਕਟਰ ਅਨੁਰਾਗ ਸਿੰਘ ਅਤੇ ਨੌਜਵਾਨ ਉਦਯੋਗਪਤੀ ਸੰਦੀਪ ਕੌਰ ਰਿਆਤ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ:  ਬਿਜਲੀ ਦੇ ਸੰਕਟ ਦਰਮਿਆਨ ਰੂਪਨਗਰ ਥਰਮਲ ਪਲਾਂਟ ਦਾ ਇਕ ਹੋਰ ਯੂਨਿਟ ਹੋਇਆ ਬੰਦ

ਇਸ ਤੋਂ ਪਹਿਲਾਂ ਵਿਧਾਇਕ ਸਰਬਜੀਤ ਕੌਰ ਮਾਣੂਕੇ, ਰਜਿੰਦਰਪਾਲ ਕੌਰ ਛੀਨਾ, ਤਰੁਣਪ੍ਰੀਤ ਸਿੰਘ ਸੋਂਧ, ਗੁਰਪ੍ਰੀਤ ਬੱਸੀ ਗੋਗੀ, ਸਿੱਖਿਆ ਸਾਸ਼ਤਰੀ ਕੇ. ਐੱਨ. ਐੱਸ. ਕੰਗ ਅਤੇ ਡਾ. ਅਨੁਰਾਗ ਸਿੰਘ ਨੇ ਵੀ ਅਪਾਣੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਵਿਧਾਇਕ ਜੀਵਨ ਸਿੰਘ ਸੰਗੋਵਾਲ, ਕੁਲਵੰਤ ਸਿੰਘ ਸਿੱਧੂ, ਹਾਕਮ ਸਿੰਘ ਠੇਕੇਦਾਰ, ਮਦਨ ਲਾਲ ਬੱਗਾ, ਦਲਜੀਤ ਸਿੰਘ ਗਰੇਵਾਲ, ਅਸ਼ੋਕ ਪਰਾਸ਼ਰ ਪੱਪੀ, ਹਰਦੀਪ ਸਿੰਘ ਮੂੰਡੀਆਂ, ਜਗਤਾਰ ਸਿੰਘ ਦਿਆਲਪੁਰਾ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਰੇਣੂ ਪ੍ਰਸ਼ਾਦ, ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ, ਡਿਪਟੀ ਕਮਿਸ਼ਨਰ ਸੁਰਭੀ ਮਲਿਕ ਅਤੇ ਪੁਲਸ ਕਮਿਸ਼ਨਰ ਕੌਸਤੁਭ ਸ਼ਰਮਾ ਵੀ ਮੌਜੂਦ ਸਨ।

ਹੁਣ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ
ਭਗਵੰਤ ਮਾਨ ਨੇ ਸਾਡੀ ਸਰਕਾਰ ਨੇ ਆਉਂਦੇ ਹੀ 26 ਹਜ਼ਾਰ ਤੋਂ ਜ਼ਿਆਦਾ ਨੌਕਰੀਆਂ ਦੀ ਸਰਕਾਰੀ ਭਰਤੀ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਹੈ। ਇਸ ਨਾਲ ਹੀ ਉਨ੍ਹਾਂ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ’ਚ ਸੂਬੇ ਦੀ ਭਲਾਈ ਲਈ ਕਈ ਵੱਡੇ ਫ਼ੈਸਲੇ ਲਏ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬ ਵਿਚ ਹੀ ਉਨ੍ਹਾਂ ਦੇ ਚੰਗੇ ਭਵਿੱਖ ਲਈ ਮੌਕੇ ਸਿਰਜਣਗੇ ਅਤੇ ਕਿਸੇ ਨੂੰ ਰੋਜ਼ਗਾਰ ਲਈ ਵਿਦੇਸ਼ਾਂ ਵੱਲ ਰੁਖ ਨਹੀਂ ਕਰਨਾ ਪਵੇਗਾ।

ਇਹ ਵੀ ਪੜ੍ਹੋ: ਸਿੱਖਿਆ ਮਹਿਕਮੇ ਦਾ ਵੱਡਾ ਫ਼ੈਸਲਾ, ਡਬਲ ਸ਼ਿਫ਼ਟ ’ਚ ਲੱਗਣਗੇ ਹੁਣ ਪੰਜਾਬ ਦੇ ਸਰਕਾਰੀ ਸਕੂਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News