'ਪੰਜਾਬ ਸਰਕਾਰ ਤੇ ਸਾਰੀਆਂ ਪਾਰਟੀਆਂ ਆਪਸ ’ਚ ਮਿਲ ਕੇ ਪੰਜਾਬੀਆਂ ਦੀਆਂ ਅਨਮੋਲ ਜਾਨਾਂ ਬਚਾਉਣ'
Tuesday, May 11, 2021 - 11:28 PM (IST)
ਲੁਧਿਆਣਾ, (ਪਾਲੀ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਸਮੂਹ ਵਿਧਾਇਕਾਂ, ਪਾਰਟੀ ਅਹੁਦੇਦਾਰਾਂ, ਐੱਸ. ਜੀ. ਪੀ. ਸੀ. ਮੈਂਬਰਾਂ, ਯੂਥ ਅਕਾਲੀ ਦਲ ਤੇ ਸਮੂਹ ਅਕਾਲੀ ਦਲ ਦੇ ਮੈਂਬਰਾਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਆਪਣੇ ਤੌਰ ’ਤੇ ਕੋਰੋਨਾ ਮਹਾਮਾਰੀ ਤੋਂ ਪੰਜਾਬ ਵਾਸੀਆਂ ਨੂੰ ਬਚਾਉਣ ਲਈ 5 ਤੋਂ 50 ਬੈੱਡ ਆਪਣੀ ਸਮਰੱਥਾ ਅਨੁਸਾਰ ਤਿਆਰ ਕਰਨ, ਜਿੱਥੇ ਕੋਰੋਨਾ ਪੀੜਤਾਂ ਦਾ ਇਲਾਜ ਸਹੀ ਢੰਗ ਨਾਲ ਕੀਤਾ ਜਾ ਸਕੇ, ਕੋਰੋਨਾ ਪੀੜਤਾਂ ਨੂੰ ਕੁਆਰਨਟਾਈਨ ਕੀਤਾ ਜਾ ਸਕੇ ਤੇ ਉਨ੍ਹਾਂ ਦਾ ਇਲਾਜ ਵੀ ਹੋ ਸਕੇ।
ਉਨ੍ਹਾਂ ਕਿਹਾ ਕਿ ਜਿੱਥੇ ਕੋਰੋਨਾ ਪੀੜਤਾਂ ਦਾ ਇਲਾਜ ਨਹੀਂ ਹੋ ਰਿਹਾ, ਉਨ੍ਹਾਂ ਨੂੰ ਬੈੱਡਾਂ ਤੇ ਆਕਸੀਜਨ ਦੀ ਕਮੀ ਆ ਰਹੀ ਹੈ, ਉਥੇ ਮੈਡੀਕਲ ਸੁਵਿਧਾ ਉਪਲੱਬਧ ਕਰਵਾਈਆਂ ਜਾਣ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਾਰੀਆਂ ਪਾਰਟੀਆਂ ਪੰਜਾਬੀਆਂ ਦੀਆਂ ਅਨਮੋਲ ਜ਼ਿੰਦਗੀਆਂ ਬਚਾਉਣ।
ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸਾਰੇ ਮਿਲ ਕੇ ਪੰਜਾਬੀਆਂ ਦੀ ਜਾਨਾਂ ਬਚਾਉਣ ਵਿਚ ਆਪਣਾ ਸਹਿਯੋਗ ਦੇਣ ਦਾ ਉਪਰਾਲਾ ਕਰੀਏ। ਅੱਜ ਪੰਜਾਬ ਵਾਸੀਆਂ ’ਤੇ ਦੁੱਖ ਦਾ ਸਮਾਂ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਹਿਰਾਂ, ਪਿੰਡਾਂ ’ਚ ਕੋਰੋਨਾ ਪੀੜਤਾਂ ਲਈ ਕੋਵਿਡ ਕੇਅਰ ਸੈਂਟਰ, ਦਵਾਈਅਾਂ ਅਤੇ ਅਾਕਸੀਜਨ ਦਾ ਪ੍ਰਬੰਧ ਕਰ ਦਿੰਦੀ ਹੈ, ਪੰਜਾਬ ਸਰਕਾਰ ਚਾਹੇ ਆਪਣੇ ਹਿਸਾਬ ਨਾਲ ਉਸ ਨੂੰ ਚਲਾ ਸਕਦੀ ਹੈ।