ਅਕਾਲੀਆਂ ਵਲੋਂ ਕਾਂਗਰਸ ਵਿਰੁੱਧ ਮਨਾਇਆ ਜਾ ਰਿਹੈ 'ਵਿਸ਼ਵਾਸਘਾਤ ਦਿਵਸ'
Saturday, Mar 16, 2019 - 04:01 PM (IST)
ਪਟਿਆਲਾ (ਬਲਜਿੰਦਰ, ਬਖਸ਼ੀ)—ਅਕਾਲੀ ਭਾਜਪਾ ਗਠਜੋੜ ਵਲੋਂ ਅੱਜ ਅਕਾਲੀ ਦਲ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਹਰਪਾਲ ਜੁਨੇਜਾ ਦੀ ਅਗਵਾਈ ਹੇਠ ਪਟਿਆਲਾ ਸ਼ਹਿਰ ਵਿਚ ਰੋਸ ਮਾਰਚ ਕੱਢ ਕੇ ਵਿਸ਼ਵਾਸ਼ਘਾਤ ਦਿਵਸ ਮਨਾਇਆ। ਰੋਸ ਮਾਰਚ ਅਪਰ ਮਾਲ ਤੋਂ ਸ਼ੁਰੂ ਕਰਕੇ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਅਨਾਰਦਾਨਾ ਚੌਕ ਵਿਖੇ ਸਮਾਪਤ ਹੋਇਆ। ਰੋਸ ਮਾਰਚ ਦੌਰਾਨ ਅਕਾਲੀ ਭਾਜਪਾ ਵਰਕਰਾਂ ਨੇ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਹੱਥਾਂ ਵਿਚ ਤਖਤੀਆਂ ਚੁੱਕ ਕੇ ਸਰਕਾਰ ਨੂੰ ਉਸ ਦੇ ਕੀਤੇ ਵਾਅਦੇ ਯਾਦ ਦਵਾਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਕਿਹਾ ਕਿ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਜਿਹੜੇ ਵਾਅਦੇ ਕੀਤੇ ਸੀ, ਉਨ੍ਹਾਂ ਵਿਚੋਂ ਇਕ ਵੀ ਪੂਰਾ ਨਾ ਕਰਕੇ ਪੰਜਾਬੀਆਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ, ਜਿਸ ਦਾ ਬਦਲਾ ਪੰਜਾਬ ਦੇ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਲੈਣਗੇ।
ਪ੍ਰਧਾਨ ਜੁਨੇਜਾ ਨੇ ਕਿਹਾ ਕਿ ਅੱਜ ਦੇ ਰੋਸ ਮਾਰਚ ਵਿਚ ਅਸੀਂ ਸਰਕਾਰ ਨੂੰ ਯਾਦ ਦਵਾ ਰਹੇ ਹਾਂ ਕਿਸਾਨਾਂ ਤੇ ਮਜ਼ਦੂਰਾਂ ਦਾ ਪੂਰਾ 90 ਹਜ਼ਾਰ ਕਰੋੜ ਕਰਜਾ ਮੁਆਫ ਕਰੋ, ਆਟਾ ਦਾਲ ਦੇ ਕੱਟੇ ਹੋਏ ਕਾਰਡ ਬਹਾਲ ਕਰਕੇ ਚੀਨੀ ਅਤੇ ਚਾਹਪੱਤੀ ਵੀ ਨਾਲ ਦਿੱਤੀ ਜਾਵੇ, ਵਾਅਦੇ ਅਨੁਸਾਰ ਪੈਨਸ਼ਨ 2500 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ, ਵਾਅਦੇ ਅਨੁਸਾਰ 51000 ਰੁਪਏ ਸ਼ਗਨ ਦੇਣਾ ਚਾਲੂ ਕੀਤਾ ਜਾਵੇ, ਘਰ-ਘਰ ਨੌਕਰੀ ਦੇਣ ਦਾ ਪ੍ਰਬੰਧ ਕੀਤਾ ਜਾਵੇ, ਬੇਰੁਜ਼ਗਾਰਾਂ ਲਈ 2500 ਰੁਪਏ ਪ੍ਰਤੀ ਮਹੀਨਾ ਜਾਰੀ ਕੀਤੇ ਜਾਣ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਸਿਰਫ ਕਾਗਜ਼ੀ ਜੋਬ ਮੇਲੇ ਲਾਉਣੇ ਬੰਦ ਕਰਕੇ ਪੰਜਾਬ ਦੇ ਨੌਜਵਾਨਾਂ ਲਈ ਨੌਕਰੀਆਂ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਅਕਾਲੀ ਆਗੂਆਂ ਨੇ ਸਰਕਾਰ ਦੇ ਨਾਅਰੇ ਦੇ ਉਲਟ ਇਕ ਨਾਅਰਾ ਦਿੱਤਾ, ਜਿਸ ਵਿਚ ਕਿਹਾ ਜਾ ਰਿਹਾ ਸੀ ਕਿ ਛਡਾਉਣਾ ਚਾਹੁੰਦਾ ਹੈ ਪੰਜਾਬ ਕੈਪਟਨ ਤੋਂ ਸਰਕਾਰ। ਪ੍ਰਧਾਨ ਜੁਨੇਜਾ ਨੇ ਕਿਹਾ ਕਿ ਕਾਂਗਰਸ ਨੇ ਸਿਰਫ ਸੱਤਾ ਦੇ ਲਾਲਚ ਵਿਚ ਨਾ ਕੇਵਲ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਸਗੋਂ ਸਮੁੱਚੇ ਪੰਜਾਬੀਆਂ ਨਾਲ ਵਿਸ਼ਵਾਸ਼ਘਾਤ ਕੀਤਾ ਗਿਆ ਹੈ, ਜਿਸ ਲਈ ਪੰਜਾਬ ਦੇ ਲੋਕ ਕਾਂਗਰਸ ਨੂੰ ਕਿਸੇ ਵੀ ਕੀਮਤ 'ਤੇ ਅਤੇ ਕਦੇ ਵੀ ਮੁਆਫ ਨਹੀਂ ਕਰਨਗੇ। ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਨੇ ਕਿਹਾ ਕਿ ਦੇਸ਼ ਇਕ ਵਾਰ ਫਿਰ ਤੋਂ ਮੋਦੀ ਨੂੰ ਪ੍ਰਧਾਨ ਮੰਤਰੀ ਬਣੇ ਦੇਖਣਾ ਚਾਹੁੰਦਾ ਹੈ ਕਿਉਂਕਿ ਇਕ ਪਾਸੇ ਰਾਹੁਲ ਅਤੇ ਦੂਜੇ ਪਾਸੇ ਮੋਦੀ ਵਿਚ ਕਿਸੇ ਤਰ੍ਹਾਂ ਦਾ ਕੋਈ ਮੈਚ ਨਹੀਂ ਹੈ। ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਅਵਤਾਰ ਹੈਪੀ ਨੇ ਕਿਹਾ ਕਿ ਕਾਂਗਰਸ ਨੇ ਸਭ ਤੋਂ ਵੱਡਾ ਧਰੋਹ ਪੰਜਾਬ ਦੇ ਨੌਜਵਾਨਾਂ ਨਾਲ ਕਮਾਇਆ ਹੈ। ਉਨ੍ਹਾਂ ਕਿਹਾ ਕਿ ਪੋਸਟ ਗ੍ਰੈਜੂਏਟ ਨੌਜਵਾਨਾਂ ਨੂੰ ਪੰਜ-ਪੰਜ ਹਜ਼ਾਰ ਦੀਆਂ ਨੌਕਰੀਆਂ ਦੇ ਕੇ ਉਨ੍ਹਾਂ ਦੀ ਸਿੱਖਿਆ ਦਾ ਤੇ ਉਨ੍ਹਾਂ ਦੇ ਸਨਮਾਨ ਦਾ ਕਾਂਗਰਸ ਵਲੋਂ ਮਜਾਕ ਉਡਾਇਆ ਜਾ ਰਿਹਾ ਹੈ। ਇਸ ਮੌਕੇ ਸ. ਸਰੂਪ ਸਿੰਘ ਸਹਿਗਲ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਗੋਬਿੰਦ ਬਡੂੰਗਰ, ਹਰਬਖਸ਼ ਚਹਿਲ, ਰਵਿੰਦਰਪਾਲ ਸਿੰਘ ਪਿੰ੍ਰਸ ਲਾਂਬਾ, ਵਰੁਨ ਜਿੰਦਲ, ਹਰਪ੍ਰੀਤ ਅਰਸ਼ੀ ਸਹਿਗਲ, ਤ੍ਰਿਭੁਵਨ ਗੁਪਤਾ, ਹੈਪੀ ਲੋਹਟ, ਗੁਰਮੁਖ ਢਿੱਲੋਂ, ਰਾਜੀਵ ਜੁਨੇਜਾ, ਜਸਵਿੰਦਰ ਸਿੰਘ ਲੱਕੀ ਕੰਬੋਜ, ਨਵਨੀਤ ਵਾਲੀਆ, ਹਰੀਸ਼ ਕੇਹਰ, ਵਰਿੰਦਰ ਖੰਨਾ, ਅਮਰੀਕ ਸਿੰਘ ਕੰਬੋਜ, ਬਲਜੀਤ ਕੌਰ ਅਕਾਲਗੜ੍ਹ, ਸਵਰਨ ਲਤਾ, ਵਨੀਤ ਸਹਿਗਲ, ਜੈ ਪ੍ਰਕਾਸ਼ ਯਾਦਵ, ਪਵਨ ਭੂਮਕ, ਸੁਸ਼ੀਲ ਨਈਅਰ, ਤੌਫੀਕ ਖਾਨ, ਮੋਨੂੰ, ਡਿੱਕੀ, ਗਗਨਦੀਪ ਸਿੰਘ ਪੰਨੂੰ, ਸੰਦੀਪ ਕੁਮਾਰ, ਬਿੰਦਰ ਸਿੰਘ ਨਿੱਕੂ, ਹਰਜੀਤ ਸਿੰਘ ਜੀਤੀ, ਰਾਜੇਸ਼ ਕਨੌਜੀਆ, ਕੁਲਵਿੰਦਰ ਧੀਮਾਨ, ਹਰਮੀਤ ਸਿੰਘ ਮੀਤ, ਆਕਾਸ਼ ਸ਼ਰਮਾ ਬਾਕਸਰ ਤੋਂ ਇਲਾਵਾ ਅਕਾਲੀ ਅਤੇ ਭਾਜਪਾ ਆਗੂ ਹਾਜ਼ਰ ਸਨ।