ਗਰੀਬ ਪਰਿਵਾਰਾਂ ਨੂੰ ਮਿਲੇਗਾ ਸਿਹਤ ਬੀਮੇ ਦਾ ਲਾਭ, ਪੰਜਾਬ ਸਰਕਾਰ ਨੇ 2 ਸਮਝੌਤਿਆਂ 'ਤੇ ਕੀਤੇ ਹਸਤਾਖਰ

10/18/2018 12:55:13 PM

ਜਲੰਧਰ (ਧਵਨ)– ਪੰਜਾਬ ਸਰਕਾਰ ਨੇ ਸੂਬੇ ਦੇ 43 ਲੱਖ ਗਰੀਬ ਪਰਿਵਾਰਾਂ ਤੱਕ ਸਿਹਤ ਬੀਮੇ ਦਾ ਲਾਭ ਪਹੁੰਚਾਉਣ ਲਈ ਕੇਂਦਰ ਸਰਕਾਰ ਨਾਲ ਬੁੱਧਵਾਰ ਦੋ ਸਮਝੌਤਿਆਂ 'ਤੇ ਹਸਤਾਖਰ ਕੀਤੇ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਦੋਹਾਂ ਸਮਝੌਤਿਆਂ 'ਤੇ ਸਹੀ ਪਾਈ ਗਈ। ਇਨ੍ਹਾਂ ਸਮਝੌਤਿਆਂ ਦੇ ਆਧਾਰ 'ਤੇ ਹੁਣ ਉਕਤ ਪਰਿਵਾਰਾਂ ਦਾ ਹਰ ਸਾਲ 5-5 ਲੱਖ ਰੁਪਏ ਦਾ ਬੀਮਾ ਹੋਵੇਗਾ। ਕੇਂਦਰ ਨੇ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੇਸ਼ 'ਚ ਲਾਗੂ ਕੀਤੀ ਹੋਈ ਹੈ।

ਮੁੱਖ ਮੰਤਰੀ ਨੇ ਉਕਤ ਸਮਝੌਤਿਆਂ ਨੂੰ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਗਰੀਬਾਂ ਤੱਕ ਸਿਹਤ ਸਹੂਲਤਾਂ ਪਹੁੰਚ ਸਕਣਗੀਆਂ। ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਕਿਉਂਕਿ ਇਕ ਸਰਹੱਦੀ ਸੂਬਾ ਹੈ, ਇਸ ਲਈ ਕੇਂਦਰ ਦੀਆਂ ਯੋਜਨਾਵਾਂ 'ਚ ਪੰਜਾਬ ਦਾ ਹਿੱਸਾ 10 ਫੀਸਦੀ ਅਤੇ ਕੇਂਦਰ ਦਾ 90 ਫੀਸਦੀ ਹੋਣਾ ਚਾਹੀਦਾ ਹੈ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜ ਸਿਹਤ ਬੀਮਾ ਪ੍ਰੋਗਰਾਮ ਅਧੀਨ 28.20 ਲੱਖ ਵਾਧੂ ਪਰਿਵਾਰਾਂ ਨੂੰ ਪ੍ਰੋਗਰਾਮ ਅਧੀਨ ਲਿਆਂਦਾ ਜਾਏਗਾ। ਨੀਲੇ ਕਾਰਡ ਹੋਲਡਰ, ਜੇ-ਫਾਰਮ ਹੋਲਡਰ, ਨਿਰਮਾਣ ਖੇਤੀ ਅਤੇ ਛੋਟੇ ਵਪਾਰੀ ਵੀ ਇਸ 'ਚ ਸ਼ਾਮਲ ਹੋਣਗੇ। ਇਸ ਤਰ੍ਹਾਂ ਉਕਤ ਪ੍ਰੋਗਰਾਮ ਅਧੀਨ ਆਉਣ ਵਾਲੇ ਕੁਲ ਪਰਿਵਾਰਾਂ ਦੀ ਗਿਣਤੀ ਵਧ ਕੇ 43 ਲੱਖ 16 ਹਜ਼ਾਰ ਹੋ ਜਾਏਗੀ। ਇਨ੍ਹਾਂ 'ਚੋਂ 20 ਲੱਖ 30 ਹਜ਼ਾਰ ਨੀਲੇ ਕਾਰਡ ਹੋਲਡਰ ਪਰਿਵਾਰ ਵੀ ਸ਼ਾਮਲ ਹਨ। ਕੇਂਦਰ ਵਲੋਂ ਆਪਣੀ ਯੋਜਨਾ 2019 ਤੋਂ ਲਾਂਚ ਕੀਤੀ ਜਾ ਰਹੀ ਹੈ। ਇਸ ਅਧੀਨ ਪੰਜਾਬ ਦੇ 14 ਲੱਖ 96 ਹਜ਼ਾਰ ਪਰਿਵਾਰ ਕਵਰ ਕੀਤੇ ਜਾਣੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਕਤ ਯੋਜਨਾ 'ਤੇ ਆਉਣ ਵਾਲੀ ਲਾਗਤ ਅਧੀਨ ਕੇਂਦਰ ਵੱਲੋਂ 60 ਅਤੇ ਪੰਜਾਬ ਸਰਕਾਰ ਵੱਲੋਂ 40 ਫੀਸਦੀ ਹਿੱਸਾ ਪਾਇਆ ਜਾਵੇਗਾ।  ਪੰਜਾਬ ਸਰਕਾਰ ਦਾ ਹਿੱਸਾ ਲਗਭਗ 65 ਕਰੋੜ ਬਣੇਗਾ ਜਦਕਿ ਕੇਂਦਰ ਦਾ 97 ਕਰੋੜ ਹੋਵੇਗਾ।


Related News