ਪਨਬਸ ਵਰਕਰਾਂ ਨੇ ਚੱਕਾ ਜਾਮ ਕਰ ਕੇ ਫੂਕੀ ਸਰਕਾਰ ਦੀ ਅਰਥੀ

07/17/2018 5:38:24 AM

ਸ੍ਰੀ ਮੁਕਤਸਰ ਸਾਹਿਬ(ਦਰਦੀ, ਪਵਨ)-ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵਰਕਰਾਂ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲਾਗੂ ਕਰਵਾਉਣ ਲਈ ਪਨਬਸ ਦੀਆਂ ਬੱਸਾਂ ਨੂੰ ਬੰਦ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ’ਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਅਾਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ, ਜਿਸ ਕਾਰਨ ਮੁਕਤਸਰ ਤੋਂ ਲੰਮੇ ਰੂਟ ’ਤੇ ਜਾਣ ਵਾਲੀਆਂ ਲਗਭਗ 87 ਬੱਸਾਂ ਬੰਦ ਰਹੀਅਾਂ ਅਤੇ ਯਾਤਰੀਅਾਂ ਨੂੰ ਦਿੱਕਤਾਂ ਸਾਹਮਣਾ ਕਰਨਾ ਪਿਆ। ਇਸ ਮੌਕੇ ਯੂਨੀਅਨ ਦੇ ਸੂਬਾ ਸਰਪ੍ਰਸਤ ਕਮਲ ਕੁਮਾਰ ਨੇ ਵਰਕਰਾਂ ਨੂੰ ਸੰਬੋਧਨ ਕਰਦਿਅਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ‘ਬਰਾਬਰ ਕੰਮ-ਬਰਾਬਰ ਤਨਖਾਹ’, ਜੋ ਕਿ ਪੰਜਾਬ ਦੇ ਗੁਆਂਢੀ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਆਪਣੇ ਵਰਕਰਾਂ ’ਤੇ ਲਾਗੂ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਇਹ ਫੈਸਲਾ ਲਾਗੂ ਨਹੀਂ ਕਰਨਾ ਚਾਹੁੰਦੀ, ਜੋ ਕਿ  ਅਦਾਲਤ ਦੀ ਉਲੰਘਣਾ ਹੈ। ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੰਜਾਬ ਭਰ ਦੇ ਵੱਖ-ਵੱਖ ਵਿਭਾਗਾਂ ਵਿਚ ਕੰਮ ਕਰਦੇ ਕੰਟਰੈਕਟ ਵਰਕਰਾਂ ਨੂੰ ਇਹ ਫੈਸਲਾ ਸਰਕਾਰ ਬਣਨ ਤੋਂ ਤੁਰੰਤ ਬਾਅਦ ਲਾਗੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਜਦੋਂ ਵਰਕਰਾਂ ਵੱਲੋਂ ਪਿਛਲੇ ਮਹੀਨੇ ਆਪਣੀਆਂ ਮੰਗਾਂ ਨੂੰ ਲਾਗੂ ਕਰਨ ਲਈ 1 ਦਿਨ ਦੀ ਹਡ਼ਤਾਲ ਕੀਤੀ ਤਾਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਮੀਡੀਆ ਸਾਹਮਣੇ ਪੰਜਾਬ ਰੋਡਵੇਜ਼ ਪਨਬਸ ਦੇ ਵਰਕਰਾਂ ਪ੍ਰਤੀ ਬਹੁਤ ਗੈਰ-ਜ਼ਿੰਮੇਵਾਰੀ ਵਾਲਾ ਬਿਆਨ ਦਿੱਤਾ ਅਤੇ ਕੋਈ ਵੀ ਮੰਗ ਮੰਨਣ ਤੋਂ  ਇਨਕਾਰ ਕਰ ਦਿੱਤਾ, ਜਿਸ ਦੇ ਰੋਸ ਵਜੋਂ ਪੰਜਾਬ ਭਰ ਦੇ ਪਨਬਸ ਵਰਕਰਾਂ ਵੱਲੋਂ 3 ਦਿਨ ਤੱਕ ਬੱਸਾਂ ਦਾ ਚੱਕਾ ਜਾਮ ਕਰਦੇ ਹੋਏ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਜਾਵੇਗਾ, ਜਿਸ ’ਚ ਅੱਜ ਪਹਿਲੇ ਦਿਨ ਪੰਜਾਬ ਸਰਕਾਰ ਵਿਰੁੱਧ  ਰੋਸ ਪ੍ਰਦਰਸ਼ਨ ਕਰਿਦਅਾਂ ਸਰਕਾਰ ਦੀ ਅਰਥੀ ਫੂਕੀ ਗਈ। ਇਸ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਡਿਪੂ ਪ੍ਰਧਾਨ ਹਰਜਿੰਦਰ ਸਿੰਘ ਧਿਗਾਣਾ ਨੇ ਦੱਸਿਆ ਕਿ ਕੱਲ ਪੰਜਾਬ ਭਰ ਦੇ ਵੱਖ-ਵੱਖ ਡਿਪੂਆਂ ਦੇ ਪਨਬਸ ਵਰਕਰਾਂ ਵੱਲੋਂ ਟਰਾਂਸਪੋਰਟ ਮੰਤਰੀ ਦੇ ਹਲਕੇ ਦੀਨਾਨਗਰ ਵਿਚ ਰੋੋਸ ਮੁਜ਼ਾਹਰਾ ਕਰਦੇ ਹੋਏ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਜਾਵੇਗਾ ਅਤੇ 18 ਜੁਲਾਈ ਨੂੰ ਪੂਰੇ ਪੰਜਾਬ ਦੇ ਸ਼ਹਿਰਾਂ ’ਚ ਰੋੋਸ ਮੁਜ਼ਾਹਰੇ ਕਰਦੇ ਹੋਏ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਜੇਕਰ ਫਿਰ ਵੀ ਪੰਜਾਬ ਸਰਕਾਰ ਨੇ ਪਨਬਸ ਵਰਕਰਾਂ ਦੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਪੰਜਾਬ ਰੋਡਵੇਜ਼ ਪਨਬਸ ਵਰਕਰਾਂ ਵੱਲੋਂ ਅਣਮਿੱਥੇ ਸਮੇਂ ਦੀ ਹਡ਼ਤਾਲ ਸ਼ੁਰੂ  ਕੀਤੀ ਜਾ ਸਕਦੀ ਹੈ। ਇਸ ਮੌਕੇ ਜਨਰਲ ਸਕੱਤਰ ਤਰਸੇਮ ਸਿੰਘ, ਹਰਵਿੰਦਰਪਾਲ ਸਿੰਘ, ਬੁੱਧ ਰਾਮ, ਨਿਰਭੈ ਸਿੰਘ ਗਿੱਲ, ਬੇਅੰਤ ਸਿੰਘ, ਜਗਸੀਰ ਸਿੰਘ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ, ਅੰਗਰੇਜ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਅਵਤਾਰ ਸਿੰਘ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ ਆਦਿ ਮੌਜੂਦ ਸਨ। 


Related News