ਪੰਜਾਬ ਸਰਕਾਰ ਕਿਸਾਨਾਂ ਦੀ ਬਿਹਤਰੀ ਲਈ ਯਤਨਸ਼ੀਲ : ਬ੍ਰਹਮ ਮਹਿੰਦਰਾ

Saturday, May 05, 2018 - 06:52 AM (IST)

ਪੰਜਾਬ ਸਰਕਾਰ ਕਿਸਾਨਾਂ ਦੀ ਬਿਹਤਰੀ ਲਈ ਯਤਨਸ਼ੀਲ : ਬ੍ਰਹਮ ਮਹਿੰਦਰਾ

ਮੋਗਾ(ਗੋਪੀ ਰਾਊਕੇ, ਸੰਦੀਪ ਸ਼ਰਮਾ)-ਪਿਛਲੀ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਵੱਲੋਂ ਆਪਣੇ 10 ਸਾਲਾਂ ਦੇ ਲੰਬੇ ਕਾਰਜਕਾਲ ਦੌਰਾਨ ਖੇਤੀਬਾੜੀ ਦੇ ਵਿਕਾਸ ਨੂੰ ਅੱਖੋਂ-ਪਰੋਖੇ ਕੀਤੇ ਜਾਣ ਕਾਰਨ ਦੇਸ਼ ਦਾ ਅੰਨਦਾਤਾ ਕਿਸਾਨ ਦਿਨੋ-ਦਿਨ ਆਰਥਕ ਮੰਦਹਾਲੀ 'ਚ ਡੁੱਬਦਾ ਗਿਆ। ਇਹ ਪ੍ਰਗਟਾਵਾ ਪੰਜਾਬ ਦੇ ਸਿਹਤ ਤੇ ਪਰਿਵਾਰ ਕਲਿਆਣ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਬ੍ਰਹਮ ਮਹਿੰਦਰਾ ਨੇ ਆਈ. ਐੱਸ. ਐੱਫ਼. ਕਾਲਜ ਆਫ਼ ਫ਼ਾਰਮੇਸੀ ਘੱਲ ਕਲਾਂ (ਮੋਗਾ) ਵਿਖੇ ਜ਼ਿਲਾ ਪੱਧਰੀ ਕਰਜ਼ਾ ਰਾਹਤ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ। ਸਮਾਗਮ 'ਚ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ, ਮੋਗਾ ਤੋਂ ਵਿਧਾਇਕ ਡਾ. ਹਰਜੋਤ ਕਮਲ, ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ, ਡਿਪਟੀ ਕਮਿਸ਼ਨਰ ਦਿਲਰਾਜ ਸਿੰਘ, ਸੀਨੀਅਰ ਕਪਤਾਨ ਪੁਲਸ ਰਾਜਜੀਤ ਸਿੰਘ ਹੁੰਦਲ, ਸਾਬਕਾ ਮੰਤਰੀ ਮਾਲਤੀ ਥਾਪਰ, ਜ਼ਿਲਾ ਕਾਂਗਰਸ ਪ੍ਰਧਾਨ ਕਰਨਲ ਬਾਬੂ ਸਿੰਘ, ਜ਼ਿਲਾ ਪ੍ਰਧਾਨ ਕਾਂਗਰਸ (ਸ਼ਹਿਰੀ) ਵਿਨੋਦ ਬਾਂਸਲ ਵੀ ਇਸ ਸਮਾਗਮ 'ਚ ਸ਼ਾਮਲ ਹੋਏ। ਸਮਾਗਮ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਕਿਸਾਨਾਂ ਨੂੰ ਖੁਸ਼ਹਾਲੀ ਦੇਣ ਲਈ ਕਰਜ਼ਾ ਮੁਆਫ਼ੀ ਸਕੀਮ ਤਹਿਤ ਜ਼ਿਲਾ ਮੋਗਾ ਦੇ 6,615 ਕਿਸਾਨਾਂ ਨੂੰ 31.86 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਦੇ ਸਰਟੀਫ਼ਿਕੇਟ ਤਕਸੀਮ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬੇ 'ਚ ਨਕੋਦਰ, ਗੁਰਦਾਸਪੁਰ, ਸੰਗਰੂਰ ਅਤੇ ਮਾਨਸਾ ਵਿਖੇ ਕਰਜ਼ਾ ਮੁਆਫ਼ੀ ਦੇ 4 ਰਾਜ ਪੱਧਰੀ ਵਿਸ਼ਾਲ ਸਮਾਗਮ ਕੀਤੇ ਗਏ, ਜਿਨ੍ਹਾਂ 'ਚ ਸੂਬੇ ਦੇ ਕੁੱਲ 1,69,083 ਸੀਮਾਂਤ ਕਿਸਾਨਾਂ ਦੇ 827.74 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਗਏ। ਉਨ੍ਹਾਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਕਾਂਗਰਸ ਸਰਕਾਰ ਕਿਸਾਨ ਹਿਤੈਸ਼ੀ ਅਤੇ ਕਿਸਾਨਾਂ ਦੀ ਬਿਹਤਰੀ ਲਈ ਗੰਭੀਰ ਯਤਨਸ਼ੀਲ ਹੈ, ਜਦਕਿ ਪਿਛਲੀ ਅਕਾਲੀ ਸਰਕਾਰ ਕਿਸਾਨਾਂ ਨੂੰ ਕਰਜ਼ੇ ਤੋਂ ਕੋਈ ਵੀ ਰਾਹਤ ਨਾ ਦੇ ਸਕੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ 2.5 ਏਕੜ ਤੋਂ 5 ਏਕੜ ਦੀ ਮਲਕੀਅਤ ਵਾਲੇ ਛੋਟੇ ਯੋਗ ਕਿਸਾਨਾਂ ਨੂੰ ਬਣਦੀ ਕਰਜ਼ਾ ਰਾਹਤ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਵੱਲੋਂ ਜ਼ਿਲੇ ਦੇ ਹਸਪਤਾਲਾਂ/ਡਿਸਪੈਂਸਰੀਆਂ 'ਚ ਡਾਕਟਰਾਂ ਦੀ ਘਾਟ ਪੂਰੀ ਕਰਨ ਦੀ ਕੀਤੀ ਮੰਗ 'ਤੇ ਕਿਹਾ ਕਿ ਜਲਦੀ ਹੀ ਸੂਬੇ 'ਚ 306 ਡਾਕਟਰਾਂ ਦੀ ਛੇਤੀ ਭਰਤੀ ਕੀਤੀ ਜਾ ਰਹੀ ਹੈ ਤਾਂ ਜੋ ਗਰੀਬ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ 'ਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਵਿਧਾਇਕ ਡਾ. ਹਰਜੋਤ ਕਮਲ, ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਬ੍ਰਹਮ ਮਹਿੰਦਰਾ ਦੇ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਜ਼ਿਲੇ 'ਚ ਆਉਣ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਇਕ-ਇਕ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਅਤਿੰਦਰ ਸਿੰਘ ਗਿੱਲ, ਪੰਜਾਬ ਰਾਜ ਕੋ-ਆਪ੍ਰੇਟਿਵ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਐੱਸ. ਕੇ. ਬਾਤਿਸ਼, ਸੈਂਟਰਲ ਕੋ-ਆਪ੍ਰੇਟਿਵ ਬੈਂਕ ਦੇ ਜ਼ਿਲਾ ਮੈਨੇਜਰ ਰਾਜਿੰਦਰ ਸਿੰਘ ਢਿੱਲੋਂ, ਮੈਨੇਜਿੰਗ ਡਾਇਰੈਕਟਰ ਮੋਗਾ, ਅਮਨਦੀਪ ਸਿੰਘ ਬਰਾੜ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਸਿਵਲ ਸਰਜਨ ਡਾ. ਸੁਸ਼ੀਲ ਜੈਨ, ਐੱਸ. ਡੀ. ਐੱਮ. ਮੋਗਾ ਸੁਖਪ੍ਰੀਤ ਸਿੰਘ, ਐੱਸ. ਡੀ. ਐੱਮ. ਧਰਮਕੋਟ ਗੁਰਵਿੰਦਰ ਸਿੰਘ ਜੌਹਲ ਅਤੇ ਵੱਡੀ ਗਿਣਤੀ 'ਚ ਕਿਸਾਨ ਹਾਜ਼ਰ ਸਨ। 


Related News