ਹੁਣ ਨਵੇਂ ਲਾਇਸੈਂਸ ਬਣਾਉਣ ਤੇ ਰੀਨਿਊ ਕਰਨ ਤੋਂ ਪਹਿਲਾਂ ਹੋਵੇਗਾ ਡੋਪ ਟੈਸਟ
Friday, Apr 06, 2018 - 12:50 AM (IST)

ਫਿਰੋਜ਼ਪੁਰ(ਕੁਮਾਰ)-ਪੰਜਾਬ ਸਰਕਾਰ ਨੇ ਹਥਿਆਰਾਂ ਦੇ ਨਵੇਂ ਲਾਇਸੈਂਸ ਬਣਾਉਣ ਅਤੇ ਲਾਇਸੈਂਸ ਰੀਨਿਊ ਕਰਨ ਸਬੰਧੀ ਇਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਦੇ ਤਹਿਤ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨ ਵਾਲੇ ਅਸਲਾ ਲਾਇਸੈਂਸ ਧਾਰਕਾਂ ਦੇ ਹੁਣ ਨਾ ਤਾਂ ਨਵੇਂ ਅਸਲਾ ਲਾਇਸੈਂਸ ਬਣਨਗੇ ਅਤੇ ਨਾ ਹੀ ਰੀਨਿਊ ਕੀਤੇ ਜਾ ਸਕਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ ਜਿਸ ਵਿਅਕਤੀ ਨੇ ਹਥਿਆਰ ਦਾ ਲਾਇਸੈਂਸ ਬਣਵਾਉਣਾ ਹੋਵੇਗਾ ਜਾਂ ਰੀਨਿਊ ਕਰਵਾਉਣਾ ਹੋਵੇਗਾ, ਹੁਣ ਪਹਿਲਾਂ ਉਸ ਦਾ ਡੋਪ ਟੈਸਟ ਹੋਵੇਗਾ ਅਤੇ ਪੁਲਸ ਦੀ ਰਿਪੋਰਟ ਦੇ ਨਾਲ ਡੋਪ ਟੈਸਟ ਦੀ ਰਿਪੋਰਟ ਠੀਕ ਆਉਣ 'ਤੇ ਹੀ ਅਸਲਾ ਲਾਇਸੈਂਸ ਧਾਰਕ ਆਪਣਾ ਅਸਲੇ ਦਾ ਲਾਇਸੈਂਸ ਰੀਨਿਊ ਕਰਵਾ ਸਕਣਗੇ ਅਤੇ ਤਾਂ ਹੀ ਕਿਸੇ ਵਿਅਕਤੀ ਦਾ ਲਾਇਸੈਂਸ ਬਣ ਸਕੇਗਾ। ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਜਿਥੇ ਨਵਾਂ ਲਾਇਸੈਂਸ ਬਣਵਾਉਣ ਅਤੇ ਲਾਇਸੈਂਸ ਰੀਨਿਊ ਕਰਵਾਉਣ ਵਾਲੇ ਅਜਿਹੇ ਲੋਕਾਂ ਵਿਚ ਹਫੜਾ-ਦਫੜੀ ਮੱਚ ਗਈ ਹੈ, ਉਥੇ ਹੁਣ ਆਮ ਵਿਅਕਤੀ ਲਈ ਪੰਜਾਬ ਵਿਚ ਅਸਲੇ ਦਾ ਲਾਇਸੈਂਸ ਬਣਵਾਉਣਾ ਹੋਰ ਵੀ ਮੁਸ਼ਕਲ ਹੋ ਜਾਵੇਗਾ। ਪੰਜਾਬ ਵਿਚ ਬੀਤੇ ਕਈ ਸਾਲਾਂ ਤੋਂ ਹਥਿਆਰ ਦੇ ਲਾਇਸੈਂਸ ਬਣਵਾਉਣ ਅਤੇ ਤਰ੍ਹਾਂ-ਤਰ੍ਹਾਂ ਦੇ ਹਥਿਆਰ ਰੱਖਣਾ ਇਕ ਫੈਸ਼ਨ ਬਣ ਗਿਆ ਹੈ। ਬੀਤੇ ਕੁਝ ਸਾਲਾਂ ਵਿਚ ਪੰਜਾਬ ਵਿਚ ਵਿਆਹ-ਸ਼ਾਦੀ ਸਮਾਰੋਹ ਵਿਚ ਹਥਿਆਰ ਲੈ ਕੇ ਜਾਣਾ ਅਤੇ ਖੁਸ਼ੀ ਵਿਚ ਫਾਇਰਿੰਗ ਕਰਨਾ ਆਮ ਗੱਲ ਬਣ ਗਈ ਹੈ ਅਤੇ ਕਈ ਵਿਆਹ ਸਮਾਰੋਹ ਵਿਚ ਨੱਚਦੇ ਫਾਇਰਿੰਗ ਕਰਨ ਨਾਲ ਕਈ ਲੋਕ ਗੋਲੀ ਲੱਗਣ ਕਾਰਨ ਦਮ ਤੋੜ ਚੁੱਕੇ ਹਨ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਿਲਾ ਫਿਰੋਜ਼ਪੁਰ ਮੈਜਿਸਟ੍ਰੇਟ ਵੱਲੋਂ ਵਿਸ਼ੇਸ਼ ਹੁਕਮ ਜਾਰੀ ਕਰਦਿਆਂ ਮੈਰਿਜ ਪੈਲੇਸਾਂ ਆਦਿ ਵਿਚ ਹਥਿਆਰ ਲੈ ਕੇ ਆਉਣ ਅਤੇ ਫਾਇਰਿੰਗ ਕਰਨ 'ਤੇ ਮੁਕੰਮਲ ਪਾਬੰਦੀ ਲਾਈ ਗਈ ਹੈ। ਜ਼ਿਲਾ ਮੈਜਿਸਟ੍ਰੇਟ ਵੱਲੋਂ ਲਾਈ ਗਈ ਅਜਿਹੀ ਪਾਬੰਦੀ ਕਾਰਨ ਕੁਝ ਘਟਨਾਵਾਂ ਵਿਚ ਕਮੀ ਆਈ ਹੈ। ਐੱਸ. ਐੱਸ. ਪੀ. ਫਿਰੋਜ਼ਪੁਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਮੈਰਿਜ ਪੈਲੇਸ ਆਦਿ ਵਿਚ ਲੋਕ ਫਾਇਰਿੰਗ ਕਰਦੇ ਦਿਖਾਈ ਦੇਣ ਜਾਂ ਜ਼ਿਲਾ ਮੈਜਿਸਟ੍ਰੇਟ ਵੱਲੋਂ ਲਾਈ ਗਈ ਪਾਬੰਦੀ ਦੀ ਉਲੰਘਣਾ ਕਰਨ ਤਾਂ ਜਲਦ ਉਸ ਦੀ ਸੂਚਨਾ ਫਿਰੋਜ਼ਪੁਰ ਪੁਲਸ ਕੰਟਰੋਲ ਰੂਮ 'ਤੇ ਜਾਂ ਪੁਲਸ ਥਾਣਿਆਂ ਵਿਚ ਫੋਨ ਕਰ ਕੇ ਜਾਂ ਖੁਦ ਆ ਕੇ ਦੇਣ। ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਵਿਚ ਸੰਪਰਕ ਕਰਨ 'ਤੇ ਸਬੰਧਤ ਕਰਮਚਾਰੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਹੁਕਮਾਂ ਨੂੰ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੇ ਦਫਤਰ ਵੱਲੋਂ ਸਿਵਲ ਸਰਜਨ, ਐੱਸ. ਐੱਸ. ਪੀ. ਫਿਰੋਜ਼ਪੁਰ ਤੇ ਐੱਸ. ਡੀ. ਐੱਮ. ਫਿਰੋਜ਼ਪੁਰ ਤੇ ਪੁਲਸ ਥਾਣਿਆਂ ਨੂੰ ਲਿਖਤੀ ਤੌਰ 'ਤੇ ਸੂਚਨਾ ਭੇਜਦੇ ਹੋਏ ਦੱਸਿਆ ਗਿਆ ਹੈ ਕਿ ਅਸਲਾ ਲਾਇਸੈਂਸ ਧਾਰਕਾਂ ਦਾ ਲਾਇਸੈਂਸ ਰੀਨਿਊ ਕਰਨ ਅਤੇ ਨਵਾਂ ਅਸਲਾ ਲਾਇਸੈਂਸ ਬਣਵਾਉਣ ਲਈ ਪੁਲਸ ਰਿਪੋਰਟ ਤੇ ਹੋਰ ਕਾਰਵਾਈਆਂ ਨਾਲ ਉਸ ਵਿਅਕਤੀ ਦੇ ਡੋਪ ਟੈਸਟ ਦੀ ਰਿਪੋਰਟ ਵੀ ਜ਼ਰੂਰ ਭੇਜੀ ਜਾਵੇ। ਸਰਕਾਰ ਵੱਲੋਂ ਜਾਰੀ ਇਸ ਨੋਟੀਫਿਕੇਸ਼ਨ ਦੇ ਲਾਗੂ ਹੋਣ ਤੋਂ ਬਾਅਦ ਪੰਜਾਬ ਵਿਚ ਨਵਂੇ ਹਥਿਆਰਾਂ ਦੇ ਲਾਇਸੈਂਸ ਬਣਾਉਣ ਦੀ ਸਪੀਡ ਵਿਚ ਭਾਰੀ ਕਮੀ ਆਉਣ ਅਤੇ ਕਈ ਅਸਲਾ ਲਾਇਸੈਂਸ ਧਾਰਕਾਂ ਦੇ ਲਾਇਸੈਂਸ ਕੈਂਸਲ ਹੋਣ ਦੀ ਵੀ ਸੰਭਾਵਨਾ ਬਣ ਗਈ ਹੈ।