ਆਈ. ਟੀ. ਆਈਜ਼ ਦਾ ਸਾਲਾਨਾ ਸੈਸ਼ਨ ਜੂਨ ਤੋਂ ਮਈ ਕਰਨ ਲਈ ਕੇਂਦਰ ਨਾਲ ਗੱਲਬਾਤ ਕੀਤੀ ਜਾਵੇਗੀ : ਚੰਨੀ

Monday, Jun 19, 2017 - 06:49 AM (IST)

ਆਈ. ਟੀ. ਆਈਜ਼ ਦਾ ਸਾਲਾਨਾ ਸੈਸ਼ਨ ਜੂਨ ਤੋਂ ਮਈ ਕਰਨ ਲਈ ਕੇਂਦਰ ਨਾਲ ਗੱਲਬਾਤ ਕੀਤੀ ਜਾਵੇਗੀ : ਚੰਨੀ

ਚੰਡੀਗੜ੍ਹ - ਪੰਜਾਬ ਸਰਕਾਰ ਵਲੋਂ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਦਾ ਸਾਲਾਨਾ ਸੈਸ਼ਨ ਅਗਸਤ ਤੋਂ ਜੁਲਾਈ ਹੋਣ ਕਾਰਨ ਹਰ ਸਾਲ ਅਨੇਕਾਂ ਵਿਦਿਆਰਥੀ ਉਚੇਰੀ ਸਿੱਖਿਆ ਲਈ ਤਕਨੀਕੀ ਸਿੱਖਿਆ ਅਦਾਰਿਆਂ ਦੇ ਡਿਪਲੋਮਾ ਕੋਰਸਾਂ ਵਿਚ ਦਾਖਲਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਸਮੱਸਿਆ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ ਤਾਂ ਕਿ ਆਈ. ਟੀ. ਆਈਜ਼ ਦਾ ਸਾਲਾਨਾ ਸੈਸ਼ਨ ਜੂਨ ਤੋਂ ਮਈ ਕੀਤਾ ਜਾ ਸਕੇ।
ਅੱਜ ਇਥੇ ਤਕਨੀਕੀ ਸਿੱਖਿਆ ਮੁਲਾਜ਼ਮ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਤੋਂ ਬਾਅਦ ਜਾਣਕਾਰੀ ਦਿੰਦਿਆਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਡਿਪਲੋਮਾ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਦਾ ਇਕ ਸਾਲ ਬਚਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਆਈ. ਟੀ. ਆਈਜ਼ ਦੇ ਸੈਸ਼ਨ ਦਾ ਸਮਾਂ ਠੀਕ ਕੀਤਾ ਜਾਵੇ।
ਚੰਨੀ ਨੇ ਦੱਸਿਆ ਕਿ ਹੋ ਇਹ ਰਿਹਾ ਹੈ ਕਿ ਤਕਨੀਕੀ ਸਿੱਖਿਆ ਅਦਾਰਿਆਂ ਵਿਚ ਦਾਖਲੇ ਜੂਨ ਤੋਂ ਜੁਲਾਈ ਮਹੀਨੇ ਤੱਕ ਕੀਤੇ ਜਾਂਦੇ ਹਨ, ਜਦਕਿ ਆਈ. ਟੀ. ਆਈਜ਼ ਦਾ ਸੈਸ਼ਨ ਜੁਲਾਈ ਵਿਚ ਖਤਮ ਹੁੰਦਾ ਹੈ, ਜਿਸ ਤੋਂ ਲੱਗਭਗ ਇਕ ਮਹੀਨੇ ਬਾਅਦ ਵਿਦਿਆਰਥੀਆਂ ਦਾ ਨਤੀਜਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਆਈ. ਟੀ. ਆਈਜ਼ ਵਿਦਿਆਰਥੀਆਂ ਦਾ ਨਤੀਜਾ ਐਲਾਨਿਆ ਜਾਂਦਾ ਹੈ, ਉਦੋਂ ਤੱਕ ਤਕਨੀਕੀ ਸਿੱਖਿਆ ਅਦਾਰਿਆਂ ਦੇ ਡਿਪਲੋਮਾ ਕੋਰਸਾਂ ਦੇ ਦਾਖਲਿਆਂ ਦੀਆਂ ਮਿਤੀਆਂ ਲੰਘ ਚੁੱਕੀਆਂ ਹੁੰਦੀਆਂ ਹਨ। ਇਹ ਮਾਮਲਾ ਬਹੁਤ ਹੀ ਗੰਭੀਰ ਹੈ ਅਤੇ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਹੀਂ ਇਹ ਮਸਲਾ ਕੇਂਦਰ ਸਰਕਾਰ ਕੋਲ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਕੀਮਤੀ ਇਕ ਸਾਲ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।
ਇਸ ਮੌਕੇ ਆਈ. ਟੀ. ਆਈ. ਮੁਲਾਜ਼ਮ ਜਥੇਬੰਦੀ ਨੇ ਆਈ. ਟੀ. ਆਈ. ਵਿਦਿਆਰਥੀਆਂ ਲਈ ਖੇਡ ਗ੍ਰੇਡੇਸ਼ਨ ਸਿਸਟਮ ਲਾਗੂ ਕਰਵਾਉਣ ਅਤੇ ਅੰਤਰਰਾਜੀ ਆਈ. ਟੀ. ਆਈ. ਖੇਡਾਂ ਕਰਵਾਉਣ ਦਾ ਸੁਝਾਅ ਵੀ ਪੇਸ਼ ਕੀਤਾ। ਇਸ ਸਬੰਧੀ ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਵੀ ਵਿਭਾਗ ਵਲੋਂ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਦਵਿੰਦਰ ਸਿੰਘ ਪ੍ਰਧਾਨ, ਤਕਨੀਕੀ ਸਿੱਖਿਆ ਮੁਲਾਜ਼ਮ ਐਸੋਸੀਏਸ਼ਨ, ਸਰਬਜੀਤ ਸਿੰਘ ਜਨਰਲ ਸਕੱਤਰ, ਪ੍ਰਭਜੋਤ ਸਿੰਘ ਸੀ. ਉਪ ਪ੍ਰਧਾਨ, ਹਰਵਿੰਦਰ ਸਿੰਘ ਉੱਪ ਪ੍ਰਧਾਨ, ਤਾਜਇੰਦਰ ਸਿੰਘ ਸਕੱਤਰ, ਅਮਰਦੀਪ ਗਿੱਲ ਵਧੀਕ ਸਕੱਤਰ, ਭੁਪਿੰਦਰ ਸਿੰਘ ਸੰਯੁਕਤ ਸਕੱਤਰ, ਪਰਮਪਾਲ ਸਿੰਘ ਪ੍ਰੈੱਸ ਸਕੱਤਰ, ਹਰਜੀਤ ਸਿੰਘ ਵਿੱਤ ਸਕੱਤਰ ਅਤੇ ਸ਼ੋਭਨਾ ਨਾਗਪਾਲ ਪ੍ਰਬੰਧ ਸਕੱਤਰ ਵੀ ਮੌਜੂਦ ਸਨ।


Related News