ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਸਬੰਧੀ 20 ਮੈਂਬਰੀ ਟਾਸਕ ਫੋਰਸ ਦਾ ਗਠਨ

Wednesday, Apr 15, 2020 - 08:23 AM (IST)

ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਸਬੰਧੀ 20 ਮੈਂਬਰੀ ਟਾਸਕ ਫੋਰਸ ਦਾ ਗਠਨ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਕੋਵਿਡ -19 ਮਹਾਂਮਾਰੀ ਨਾਲ ਨਜਿੱਠਣ ਲਈ ਜਨਤਕ ਨੀਤੀ ਚੁਣੌਤੀਆਂ ਦੇ ਹੱਲ ਲਈ ਛੋਟੇ ਅਤੇ ਦਰਮਿਆਨੇ ਮਿਆਦ ਦੇ ਉਪਾਅ ਸੁਝਾਉਣ ਲਈ 20 ਮੈਂਬਰੀ ਟਾਸਕ ਫੋਰਸ ਦਾ ਗਠਨ ਕੀਤਾ ਹੈ, ਜਿਸ 'ਚ ਲਾਕ ਡਾਊਨ ਦੌਰਾਨ ਲਾਈਆਂ ਗਈਆਂ ਪਾਬੰਦੀਆਂ 'ਚ ਪੜਾਅ ਵਾਰ ਢੰਗ ਨਾਲ ਛੋਟ ਦੇਣਾ ਵੀ ਸ਼ਾਮਲ ਹੈ। ਟਾਸਕ ਫੋਰਸ ਨੂੰ ਇਸ ਨੋਟੀਫਿਕੇਸ਼ਨ ਦੇ ਜਾਰੀ ਹੋਣ ਦੇ 10 ਦਿਨਾਂ ਦੇ ਅੰਦਰ-ਅੰਦਰ ਆਪਣੀਆਂ ਸਿਫਾਰਸ਼ਾਂ ਰਾਜ ਸਰਕਾਰ ਨੂੰ ਸੌਂਪਣ ਦਾ ਹੁਕਮ ਦਿੱਤਾ ਗਿਆ ਹੈ ( ਭਾਵ 24 ਅਪ੍ਰੈਲ, 2020 ਤੱਕ )। ਟਾਸਕ ਫੋਰਸ ਨੂੰ ਮਾਹਰਾਂ ਅਤੇ ਸੰਸਥਾਵਾਂ ਤੋਂ ਲੋੜੀਂਦੀ ਜਾਣਕਾਰੀ ਅਤੇ ਡੇਟਾ ਲੈਣ ਲਈ ਵੀ ਕਿਹਾ ਗਿਆ ਹੈ।

ਇਹ ਵੀ ਪੜ੍ਹੋ : ਖਾਸ ਰਿਪੋਰਟ 'ਚ ਪੜ੍ਹੋ ਲਾਕ ਡਾਊਨ ਨਾਲ ਹੋਵੇਗਾ ਭਾਰਤ ਦਾ ਕਿੰਨਾ ਵੱਡਾ ਨੁਕਸਾਨ

PunjabKesari

ਜ਼ਿਕਰਯੋਗ ਹੈ ਕਿ ਕੋਵਿਡ -19 ਲਾਗ ਦੀ ਰੋਕਥਾਮ ਲਈ ਮਨੁੱਖੀ ਵਿਹਾਰ 'ਚ ਕਈ ਤਬਦੀਲੀਆਂ ਦੀ ਲੋੜ ਹੁੰਦੀ ਹੈ, ਜਿਸ 'ਚ ਗਤੀਸ਼ੀਲਤਾ ਨੂੰ ਸੀਮਤ ਕਰਨਾ, ਸਰੀਰਕ ਦੂਰੀ ਬਣਾਈ ਰੱਖਣਾ ਅਤੇ ਵਿਅਕਤੀਗਤ ਸਫਾਈ ਸ਼ਾਮਲ ਹੈ। ਨਵੇਂ ਮਾਪਦੰਡਾਂ ਅਨੁਸਾਰ ਸਮਾਜਿਕ-ਆਰਥਿਕ ਗਤੀਵਿਧੀਆਂ ਦੇ ਆਯੋਜਨ ਲਈ ਕਈ ਨੀਤੀਗਤ ਦਖਲਾਂ ਦੀ ਲੋੜ ਪਵੇਗੀ। ਟਾਸਕ ਫੋਰਸ ਨੂੰ ਕੋਵਿਡ-19 ਹਾਟ ਸਪਾਟ ਅਤੇ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਦੀਆਂ ਪਾਬੰਦੀਆਂ ਲਈ ਰਣਨੀਤੀ ਅਤੇ ਅਰਥਚਾਰੇ ਦੇ ਵੱਖ-ਵੱਖ ਸੈਕਟਰਾਂ ਜਿਵੇਂ ਵਪਾਰਕ, ਸਿੱਖਿਆ, ਉਦਯੋਗਾਂ, ਆਵਾਜਾਈ, ਸਿਹਤ ਸੰਭਾਲ, ਯਾਤਰਾ, ਸੈਰ-ਸਪਾਟਾ ਆਦਿ ਸੈਕਟਰਾਂ ਲਈ ਲਾਕ ਡਾਊਨ  ਤੋਂ ਬਾਅਦ ਪੜਾਅਵਾਰ ਢੰਗ ਨਾਲ ਪਾਬੰਦੀਆਂ ਹਟਾਉਣ ਸਬੰਧੀ ਮੁੱਦਿਆਂ ਦੇ ਹੱਲ ਦਾ ਜ਼ਿੰਮਾ ਸੌਂਪਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਪੁਲਸ ਜਵਾਨਾਂ ਨੂੰ ਵੀ ਦੇਵੇਗੀ ਪੀ. ਪੀ. ਈ. ਕਿੱਟਾਂ

ਟਾਸਕ ਫੋਰਸ ਸਮਾਜਿਕ-ਆਰਥਿਕ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਅਤੇ ਡਿਜੀਟਲ ਅਰਥ ਵਿਵਸਥਾ ਸਮੇਤ ਰੋਜ਼ਗਾਰ ਦੇ ਨਵੇਂ ਮੌਕਿਆਂ ਤੋਂ ਇਲਾਵਾ ਰੋਜ਼ਗਾਰ ਨੂੰ ਮੁੜ ਸਥਾਪਤ ਕਰਨ ਅਤੇ ਸੂਬਿਆਂ ਅਤੇ ਸ਼ਹਿਰਾਂ  ਦਰਮਿਆਨ ਜਨਤਕ-ਯਾਤਰੀ ਟਰਾਂਸਪੋਰਟ ਯਾਤਰਾ ਨੂੰ ਨਿਯਮਿਤ ਕਰਨ ਲਈ ਨੀਤੀਗਤ ਉਪਾਵਾਂ ਨੂੰ ਵੀ ਵਿਕਸਿਤ ਕਰੇਗੀ। ਇਸ ਤੋਂ ਇਲਾਵਾ ਟਾਸਕ ਫੋਰਸ ਕੋਵਿਡ-19 ਮਹਾਂਮਾਰੀ ਬਾਰੇ ਸੂਬਾ ਸਰਕਾਰ ਦੀ ਪ੍ਰਤੀਕਿਰਿਆ ਅਨੁਸਾਰ ਹੋਰ ਮੁੱਦਿਆਂ ਨੂੰ ਵੀ ਹੱਲ ਕਰੇਗੀ। ਟਾਸਕ ਫੋਰਸ ਨੂੰ ਸਕੱਤਰੇਤ ਸਹਾਇਤਾ ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਦੁਆਰਾ ਮੁਹੱਈਆ ਕਰਵਾਈ ਜਾਏਗੀ। ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ 11 ਅਪ੍ਰੈਲ ਨੂੰ ਸਥਾਪਤ ਕੀਤੀ ਗਈ ਮਨੁੱਖੀ ਸਰੋਤ ਅਤੇ ਸਮਰੱਥਾ ਨਿਰਮਾਣ ਵਿੱਚ ਵਾਧੇ ਬਾਰੇ ਕਮੇਟੀ  ਇਸ ਟਾਸਕ ਫੋਰਸ ਨੂੰ ਹਰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਏਗੀ ਜਿਸ ਵਿੱਚ ਸਰਕਾਰ ਵਿਭਾਗਾਂ ਅਤੇ ਸੰਸਥਾਵਾਂ ਨਾਲ ਤਾਲਮੇਲ ਕਰਨਾ ਵੀ ਸ਼ਾਮਲ ਹੈ।    
ਇਹ ਵੀ ਪੜ੍ਹੋ : ਕਿਤੇ ਲਾਕ ਡਾਊਨ ਹੀ ਨਾ ਬਣ ਜਾਵੇ ਕੋਰੋਨਾ ਤੋਂ ਵੱਡੀ ਮਹਾਂਮਾਰੀ
 


author

Babita

Content Editor

Related News