ਮਾਸੂਮ 'ਫਤਿਹਵੀਰ' ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਦਾ ਵੱਡਾ ਐਲਾਨ

06/19/2019 5:23:04 PM

ਚੰਡੀਗੜ੍ਹ (ਰਮਨਜੀਤ) : ਪੰਜਾਬ ਸਰਕਾਰ ਨੇ ਡੂੰਘੇ ਬੋਰਵੈੱਲ 'ਚ ਡਿਗ ਕੇ ਮੌਤ ਦੇ ਮੂੰਹ 'ਚ ਗਏ ਮਾਸੂਮ ਫਤਿਹਵੀਰ ਸਿੰਘ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੁਨਾਮ-ਸ਼ੇਰੋਂ ਕੈਂਚੀਆਂ ਤੋਂ ਸ਼ੇਰੋਂ ਲੌਂਗੋਵਾਲ ਜਾਣ ਵਾਲੀ ਸੜਕ ਦਾ ਨਾਂ 'ਫਤਿਹਵੀਰ ਸਿੰਘ' ਦੇ ਨਾਂ 'ਤੇ ਰੱਖਣ ਦੀ ਅਪੀਲ ਮਨਜ਼ੂਰ ਕਰ ਲਈ ਹੈ। ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਬੇਵਕਤ ਵਿਛੜੀ ਨਿੱਕੀ ਰੂਹ ਨੂੰ ਸਤਿਕਾਰ ਦੇਣ ਵਜੋਂ ਸੂਬਾ ਸਰਕਾਰ ਨੇ ਇਸ ਸੜਕ ਦਾ ਨਾਂ ਉਸ ਬੱਚੇ (ਫਤਿਹਵੀਰ) ਦੇ ਨਾਂ 'ਤੇ ਰੱਖਣ ਲਈ ਸਹਿਮਤੀ ਪ੍ਰਗਟਾਈ ਹੈ। ਸਿੰਗਲਾ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੇ ਪਰਿਵਾਰ ਵੱਲੋਂ ਇਸ ਸਬੰਧੀ ਲਿਖਤੀ ਬੇਨਤੀ ਡਿਪਟੀ ਕਮਿਸ਼ਨਰ, ਸੰਗਰੂਰ ਰਾਹੀਂ ਸੂਬਾ ਸਰਕਾਰ ਪਾਸ ਪਹੁੰਚੀ ਸੀ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।
ਦੱਸ ਦੇਈਏ ਕਿ ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਮਾਸੂਮ ਫਤਿਹਵੀਰ ਡੂੰਘੇ ਬੋਰਵੈੱਲ 'ਚ ਡਿਗ ਗਿਆ ਸੀ ਅਤੇ 6 ਦਿਨ ਉਸੇ ਬੋਰਵੈੱਲ 'ਚ ਫਸਿਆ ਰਿਹਾ। ਜਦੋਂ ਫਤਿਹਵੀਰ ਸਿੰਘ ਨੂੰ ਬਾਹਰ ਕੱਢਿਆ ਗਿਆ ਤਾਂ ਤੁਰੰਤ ਪੀ. ਜੀ. ਆਈ.  ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਫਤਿਹਵੀਰ ਦੀ ਮੌਤ ਤੋਂ ਬਾਅਦ ਭੜਕੇ ਹੋਏ ਪੂਰੇ ਪੰਜਾਬ ਦੇ ਲੋਕਾਂ ਨੇ ਸਰਕਾਰ ਖਿਲਾਫ ਖੂਬ ਨਾਅਰੇਬਾਜ਼ੀ ਕੀਤੀ ਅਤੇ ਥਾਂ-ਥਾਂ ਧਰਨੇ ਲਾ ਦਿੱਤੇ ਸਨ।


Babita

Content Editor

Related News