ਸੈਸ਼ਨ ਦੇ ਨਾਂ ''ਤੇ ਭੋਲੀ-ਭਾਲੀ ਜਨਤਾ ਨਾਲ ਹੋ ਰਿਹੈ ਮਜ਼ਾਕ : ਖਹਿਰਾ
Friday, Dec 14, 2018 - 12:57 PM (IST)

ਭਵਾਨੀਗੜ੍ਹ(ਕਾਂਸਲ/ਵਿਕਾਸ/ਸੰਜੀਵ)— ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਲੋਕਾਂ ਦੇ ਹਿੱਤਾਂ ਅਤੇ ਪੰਜਾਬ ਦੇ ਭੱਖਵੇਂ ਮੁੱਦਿਆਂ 'ਤੇ ਚਰਚਾ ਕਰਨ ਲਈ ਸਰਦ ਰੁੱਤ ਦੇ ਸੈਸ਼ਨ ਦੇ ਸਮੇਂ ਵਿਚ ਵਾਧਾ ਕਰਨ ਦੀ ਥਾਂ ਸੈਸ਼ਨ ਦੇ ਸਮੇਂ ਵਿਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ। ਇਸ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਸਰਕਾਰ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੇਅਦਬੀ ਦੀਆਂ ਘਟਨਾਵਾਂ ਲਈ ਇਨਸਾਫ ਅਤੇ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਦੇ ਬੈਨਰ ਹੇਠ ਕੱਢੇ ਜਾ ਰਹੇ ਇਨਸਾਫ ਮਾਰਚ ਦੀ ਅਗਵਾਈ ਕਰ ਰਹੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਨੇੜਲੇ ਪਿੰਡ ਫੱਗੂਵਾਲਾ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੈਸ਼ਨ ਦੇ ਨਾਮ 'ਤੇ ਡਰਾਮਾ ਕਰਕੇ ਪੰਜਾਬ ਦੀ ਭੋਲੀ-ਭਾਲੀ ਜਨਤਾ ਨਾਲ ਕੌਝਾ ਮਜ਼ਾਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸੈਸ਼ਨ ਦੇ ਸਮੇਂ ਵਿਚ ਕਟੌਤੀ ਕਰਕੇ ਇਸ ਨੂੰ 3 ਦਿਨ ਤੋਂ 2 ਦਿਨਾਂ ਦਾ ਕਰ ਦਿੱਤਾ ਗਿਆ ਹੈ। ਪਹਿਲਾ ਦਿਨ ਸ਼ਰਧਾਂਜਲੀਆਂ ਦੇਣ ਵਿਚ ਲੰਘ ਗਿਆ ਅਤੇ ਅੱਜ ਦੂਜੇ ਦਿਨ ਸਰਕਾਰ ਵੱਲੋਂ ਸਿਰਫ ਐੱਮ.ਐੱਲ.ਏ. ਦੀਆਂ ਤਨਖਾਹਾਂ ਵਿਚ ਵਾਧਾ ਕਰਨ ਦੇ ਨਾਲ-ਨਾਲ ਆਪਣੇ ਹਿੱਤਾਂ ਵਾਲੇ ਬਿੱਲ ਪਾਸ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਭੱਖਵੇਂ ਮੁੱਦਿਆਂ 'ਤੇ ਚਰਚਾ ਕਰਨ ਲਈ ਸਰਕਾਰ ਨੂੰ ਇਸ ਵਾਰ ਸੈਸ਼ਨ ਦਾ ਸਮਾਂ ਘੱਟੋ-ਘੱਟ 15 ਦਿਨਾ ਦਾ ਰੱਖਣਾ ਚਾਹੀਦਾ ਸੀ ਪਰ ਸਰਕਾਰ ਇਨ੍ਹਾਂ ਮੁੱਦਿਆਂ 'ਤੇ ਚਰਚਾ ਕਰਨ ਤੋਂ ਭੱਜ ਰਹੀ ਹੈ। ਇਸੇ ਕਰਕੇ ਸਰਕਾਰ ਵੱਲੋਂ ਇਸ ਵਾਰ ਤਿੰਨ ਦਿਨਾ ਦਾ ਸੈਸ਼ਨ ਚਲਾਉਣ ਦੀ ਥਾਂ ਸਿਰਫ ਦੋ ਦਿਨਾ ਵਿਚ ਹੀ ਕੰਮ ਨਬੇੜਣ ਦੀਆਂ ਤਿਆਰੀਆਂ ਕੀਤੀਆਂ ਹਨ। ਜੋ ਕਿ ਸ਼ਰੇਆਮ ਲੋਕਤੰਤਰ ਦਾ ਗਲਾ ਘੋਟਣ ਵਾਲੀ ਗੱਲ ਹੈ। ਇਸੇ ਕਰਕੇ ਪੰਜਾਬ ਵਿਚ ਤੀਸਰੇ ਬਦਲ ਦੀ ਸਖ਼ਤ ਜ਼ਰੂਰਤ ਹੈ, ਜਿਸ ਦਾ ਗੰਠਨ ਜਲਦ ਹੀ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੀ ਭਲਾਈ ਲਈ 16 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਵਿਖੇ ਵੱਡੀ ਗਿਣਤੀ ਵਿਚ ਪਹੁੰਚ ਕੇ ਸੁੱਤੀ ਪਈ ਸਰਕਾਰ ਨੂੰ ਜਗਾਉਣ ਲਈ ਆਪਣੀ ਅਵਾਜ਼ ਬੁਲੰਦ ਕਰਨ। ਪਿੰਡ ਫੱਗੂਵਾਲਾ ਵਿਖੇ ਪਹੁੰਚਣ 'ਤੇ ਇਲਾਕਾ ਨਿਵਾਸੀਆਂ ਵੱਲੋਂ ਇਨਸਾਫ ਮਾਰਚ ਦਾ ਭਰਵਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਹਰਪ੍ਰੀਤ ਸਿੰਘ ਬਾਜਵਾ, ਪ੍ਰਿਤਪਾਲ ਸਿੰਘ ਕਾਕੜਾ, ਜਗਤਾਰ ਸਿੰਘ ਭਵਾਨੀਗੜ੍ਹ ਸਮੇਤ ਵੱਡੀ ਗਿਣਤੀ ਵਿਚ ਹੋਰ ਆਗੂ ਵੀ ਮੌਜੂਦ ਸਨ।