ਪੰਜਾਬ ਦੀ 75 ਫੀਸਦੀ ਆਬਾਦੀ ਨੂੰ ਸਿਹਤ ਬੀਮੇ ਦੇ ਦਾਇਰੇ ''ਚ ਲਿਆਂਦਾ : ਜਾਖੜ
Tuesday, Jan 07, 2020 - 05:32 PM (IST)

ਅਬੋਹਰ (ਸੁਨੀਲ) : ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਜਿੱਥੇ ਸਕੀਮਾਂ ਬਣਾ ਕੇ ਲਾਗੂ ਕੀਤੀਆਂ ਗਈਆਂ ਹਨ, ਉਥੇ ਹੀ ਵਿਕਾਸ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਹੈ। ਉਹ ਇੱਥੇ ਅਬੋਹਰ ਹਲਕੇ ਦੇ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦੇਣ ਲਈ ਕਰਵਾਏ ਇਕ ਸਮਾਗਮ ਦੌਰਾਨ ਬੋਲ ਰਹੇ ਸਨ। ਸੁਨੀਲ ਜਾਖੜ ਨੇ ਕਿਹਾ ਕਿ ਦੂਰਅੰਦੇਸ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਸੰਭਾਲ ਸਬੰਧੀ ਸਰਬੱਤ ਸਿਹਤ ਬੀਮਾ ਯੋਜਨਾ ਚਲਾਈ ਜਾ ਰਹੀ ਹੈ ਜਿਸ ਤਹਿਤ ਸੂਬੇ ਦੇ 45 ਲੱਖ ਪਰਿਵਾਰਾਂ ਨੂੰ ਕਵਰ ਕੀਤਾ ਗਿਆ ਹੈ ਜੋ ਕਿ ਪੂਰੀ ਆਬਾਦੀ ਦਾ 75 ਫੀਸਦੀ ਬਣਦਾ ਹੈ। ਇਨ੍ਹਾਂ ਨੂੰ 5 ਲੱਖ ਰੁਪਏ ਤੱਕ ਦੇ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਇਸ ਸਕੀਮ ਤਹਿਤ ਕਿਸਾਨ, ਛੋਟੇ ਵਪਾਰੀ, ਕਿਰਤੀ, ਪੱਤਰਕਾਰ ਅਤੇ ਰਾਸ਼ਨ ਸਕੀਮ ਦੇ ਲਾਭਪਾਤਰੀਆਂ ਨੂੰ ਇਹ ਲਾਭ ਦਿੱਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਹੋਰ ਸਕੀਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਬੁਢਾਪਾ ਪੈਨਸ਼ਨ ਵਧਾ ਕੇ 750 ਰੁਪਏ ਕਰ ਦਿੱਤੀ ਹੈ ਅਤੇ ਸ਼ਗਨ ਸਕੀਮ ਤਹਿਤ ਵੀ ਵਿਆਹ ਮੌਕੇ 21 ਹਜ਼ਾਰ ਰੁਪਏ ਦਾ ਸ਼ਗਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਵਿਚ 31 ਹਜ਼ਾਰ ਕਿਲੋਮੀਟਰ ਦਿਹਾਤੀ ਸੜਕਾਂ ਦੀ ਮੁਰੰਮਤ ਕੀਤੀ ਗਈ ਹੈ। ਕਿਸਾਨਾਂ ਦੀ ਗੱਲ ਕਰਦਿਆਂ ਜਾਖੜ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਬਿਨਾਂ ਪ੍ਰੇਸ਼ਾਨੀ ਦੇ ਚੁੱਕੀਆਂ ਹਨ ਅਤੇ ਕਿਸਾਨਾਂ ਨੂੰ ਫਸਲਾਂ ਵੇਚਣ ਵਿਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅਬੋਹਰ ਖੇਤਰ ਲਈ ਨਹਿਰੀ ਪਾਣੀ ਪ੍ਰਮੁੱਖ ਲੋੜ ਹੈ ਅਤੇ ਪੜਾਅਵਾਰ ਤਰੀਕੇ ਨਾਲ ਕੱਸੀਆਂ ਨੂੰ ਪੱਕਿਆ ਕੀਤਾ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਅਬੋਹਰ ਖੇਤਰ ਤੋਂ ਹੀ ਹੋਈ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਬੋਹਰ ਨੂੰ ਨਗਰ ਨਿਗਮ ਦਾ ਦਰਜਾ ਦੇਣ ਤੋਂ ਬਾਅਦ ਹੁਣ ਸੂਬਾ ਸਰਕਾਰ ਦਾ ਜ਼ੋਰ ਇਸ ਸ਼ਹਿਰ ਦੇ ਵਿਕਾਸ ਨੂੰ ਯਕੀਨੀ ਬਣਾਉਣਾ ਹੈ।