ਮਿਸ਼ਨ ਫਤਿਹ ''ਚ ਵੱਡੀ ਅਸਫਲਤਾ ਕਾਰਨ ਨਿਸ਼ਾਨੇ ''ਤੇ ਆ ਚੁੱਕੀ ਹੈ ਪੰਜਾਬ ਸਰਕਾਰ

Thursday, Jun 13, 2019 - 12:20 PM (IST)

ਮਿਸ਼ਨ ਫਤਿਹ ''ਚ ਵੱਡੀ ਅਸਫਲਤਾ ਕਾਰਨ ਨਿਸ਼ਾਨੇ ''ਤੇ ਆ ਚੁੱਕੀ ਹੈ ਪੰਜਾਬ ਸਰਕਾਰ

ਗੁਰਦਾਸਪੁਰ (ਹਰਮਨਪ੍ਰੀਤ) : ਜ਼ਿਲਾ ਸੰਗਰੂਰ ਦੇ ਪਿੰਡ ਭਗਵਾਨਪੁਰ 'ਚ ਬੋਰਵੈੱਲ 'ਚ ਡਿੱਗੇ ਮਾਸੂਮ ਬੱਚੇ ਫਤਿਹਵੀਰ ਨੂੰ ਬਚਾਉਣ ਅਤੇ ਬਾਹਰ ਕੱਢਣ ਲਈ ਵੱਡੇ ਪੱਧਰ 'ਤੇ ਰਹੀਆਂ ਊਣਤਾਈਆਂ ਅਤੇ ਤਕਨੀਕਾਂ ਦੀ ਘਾਟ ਤੋਂ ਇਲਾਵਾ ਸਰਕਾਰ ਦੀ ਸੰਜੀਦਗੀ ਨੂੰ ਲੈ ਕੇ ਸਮੁੱਚੇ ਪੰਜਾਬ ਅੰਦਰ ਤਿੱਖਾ ਪ੍ਰਤੀਕਰਮ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਅੰਦਰ ਹੁਣ ਸਭ ਤੋਂ ਵੱਡਾ ਰੋਸ ਇਸ ਗੱਲ ਦਾ ਹੈ ਕਿ ਫਤਿਹਵੀਰ ਨੂੰ ਬਚਾਉਣਾ ਤਾਂ ਦੂਰ, ਸਾਡਾ ਸਿਸਟਮ ਅਤੇ ਇਥੇ ਦੀ ਸਰਕਾਰ ਤੋਂ ਇਲਾਵਾ ਇੰਜੀਨੀਅਰ ਅਤੇ ਟੈਕਨਾਲੋਜੀ ਇੰਨੀ ਵੀ ਸਮਰੱਥ ਨਹੀਂ ਹੈ ਕਿ ਉਹ ਸਾਢੇ 5 ਦਿਨ ਚੱਲੇ ਆਪ੍ਰੇਸ਼ਨ ਨੂੰ ਨੇਪਰੇ ਚੜ੍ਹਾਅ ਕੇ ਨਵੇਂ ਪੁੱਟੇ ਗਏ ਬੋਰ ਰਾਹੀਂ ਉਸ ਮਾਸੂਮ ਬੱਚੇ ਨੂੰ ਬਾਹਰ ਕੱਢ ਸਕਦੀ। ਲੋਕ ਇਸ ਗੱਲ ਨੂੰ ਲੈ ਕੇ ਬੇਹੱਦ ਖਫਾ ਹਨ ਕਿ ਜੇਕਰ ਸਾਢੇ 5 ਦਿਨਾਂ ਦੀ ਲੰਮੀ ਦੇਰੀ ਤੋਂ ਬਾਅਦ ਆਖਰਕਾਰ ਪ੍ਰਸ਼ਾਸਨ ਨੇ ਫਤਿਹਵੀਰ ਨੂੰ ਪੁਰਾਣੇ ਬੋਰਵੈੱਲ 'ਚੋਂ ਹੀ ਕੁੰਡੀ ਅਤੇ ਰੱਸੇ ਪਾ ਕੇ ਕੱਢਣਾ ਸੀ ਤਾਂ ਇੰਨੇ ਦਿਨਾਂ ਦੀ ਦੇਰੀ ਕਿਉਂ ਕੀਤੀ ਗਈ।

ਸ਼ੋਸਲ ਮੀਡੀਆ 'ਤੇ ਬੇਹੱਦ ਤਿੱਖੀ ਆਲੋਚਨਾ ਦਾ ਸ਼ਿਕਾਰ ਹੋ ਰਹੀ ਹੈ ਸਰਕਾਰ
ਇਸ ਘਟਨਾ ਨੂੰ ਲੈ ਕੇ ਜਿਥੇ ਸੰਗਰੂਰ ਅੰਦਰ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤੇ ਹਨ, ਉਥੇ ਸੋਸ਼ਲ ਮੀਡੀਆ 'ਤੇ ਵੀ ਸਰਕਾਰ ਅਤੇ ਸੰਗਰੂਰ ਦਾ ਪ੍ਰਸ਼ਾਸਨ ਲੋਕਾਂ ਦੇ ਨਿਸ਼ਾਨੇ 'ਤੇ ਆ ਚੁੱਕਾ ਹੈ। ਲੋਕਾਂ ਦਾ ਰੋਸ ਇਸ ਹੱਦ ਤੱਕ ਵਧ ਚੁੱਕਾ ਹੈ ਕਿ ਸਰਕਾਰ ਨੇ ਸਮਾਂ ਰਹਿੰਦਿਆਂ ਢੁੱਕਵੇਂ ਕਦਮ ਨਹੀਂ ਚੁੱਕੇ, ਜਿਸ ਕਾਰਨ ਵੱਡੇ ਡਰਾਮੇ ਤੋਂ ਬਾਅਦ ਮੁੜ ਪੁਰਾਣੇ ਬੋਰ 'ਚੋਂ ਹੀ ਫਤਿਹਵੀਰ ਨੂੰ ਬਾਹਰ ਕੱਢਿਆ ਗਿਆ ਹੈ। ਤਕਰੀਬਨ ਸਾਰਾ ਦਿਨ ਹੀ ਸਮੁੱਚੇ ਪੰਜਾਬ ਅੰਦਰ ਫਤਿਹਵੀਰ ਦੀ ਆਤਮਾ ਨੂੰ ਸ਼ਾਂਤੀ ਲਈ ਅਰਦਾਸਾਂ ਅਤੇ ਸਰਕਾਰ ਨੂੰ ਕੋਸਣ ਦਾ ਸਿਲਸਿਲਾ ਚਲਦਾ ਰਿਹਾ।

ਕਈ ਸਵਾਲਾਂ ਦੇ ਜਵਾਬ ਮੰਗ ਰਹੇ ਹਨ ਲੋਕ
ਇਸ ਸਮੁੱਚੇ ਘਟਨਾਕ੍ਰਮ 'ਚ ਹੋਈ ਸਾਢੇ 5 ਦਿਨਾਂ ਦੀ ਲੰਮੀ ਦੇਰੀ ਨੂੰ ਲੈ ਕੇ ਲੋਕ ਸਰਕਾਰ ਨੂੰ ਕਈ ਸਵਾਲਾਂ ਦੇ ਘੇਰੇ 'ਚ ਘੇਰ ਰਹੇ ਹਨ। ਹੇਠ ਲਿਖੇ ਕੁਝ ਅਹਿਮ ਸਵਾਲ ਹਨ ਜੋ ਲੋਕਾਂ ਦੇ ਮਨਾਂ 'ਚ ਰੜਕ ਰਹੇ ਹਨ।

* ਜੇਕਰ ਦੇਸ਼ ਅੰਦਰ ਆਏ ਦਿਨ ਅਜਿਹੇ ਹਾਦਸੇ ਵਾਪਰ ਰਹੇ ਹਨ ਤਾਂ ਕੇਂਦਰ ਅਤੇ ਪੰਜਾਬ ਸਰਕਾਰ ਨੇ ਅਜੇ ਤੱਕ ਅਜਿਹੇ ਹਾਲਾਤ ਨਾਲ ਨਜਿੱਠਣ ਲਈ ਕੋਈ ਪ੍ਰਬੰਧ ਕਿਉਂ ਨਹੀਂ ਕੀਤੇ?

ਲੋਕ ਇਸ ਗੱਲ ਦਾ ਜਵਾਬ ਵੀ ਮੰਗ ਰਹੇ ਹਨ ਕਿ ਜਦੋਂ ਹਰੇਕ ਖੇਤਰ 'ਚ ਸਾਇੰਸ ਅਤੇ ਟੈਕਨਾਲੋਜੀ ਨੇ ਇੰਨੀ ਤਰੱਕੀ ਕੀਤੀ ਹੈ ਤਾਂ ਫਤਿਹਵੀਰ ਨੂੰ ਪੁਰਾਣੀ ਤਕਨੀਕਾਂ 'ਤੇ ਨਿਰਭਰ ਕਿਉਂ ਰੱਖਿਆ ਗਿਆ?

ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਲੋਕ ਇਹ ਵੀ ਗਿਲਾ ਕਰ ਰਹੇ ਹਨ ਕਿ ਮੁੱਖ ਮੰਤਰੀ ਪੰਜਾਬ ਨੇ ਇਸ ਅਹਿਮ ਮਾਮਲੇ 'ਚ ਪਹਿਲੇ 4 ਦਿਨ ਚੁੱਪੀ ਕਿਉਂ ਧਾਰੀ ਰੱਖੀ ਸੀ।

ਜੇਕਰ ਐੱਨ. ਡੀ. ਆਰ. ਐੱਫ. ਇਸ ਮਿਸ਼ਨ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਸਿੱਖਿਅਤ ਨਹੀਂ ਸੀ ਤਾਂ ਪਹਿਲੇ ਦਿਨ ਹੀ ਇਸ ਗੱਲ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਗਿਆ।

ਆਖਰੀ ਦਿਨ ਸਾਰੀਆਂ ਅਸਫਲਤਾਵਾਂ ਤੋਂ ਬਾਅਦ ਆਰਮੀ ਦੇ ਹਵਾਲੇ ਇਹ ਆਪ੍ਰੇਸ਼ਨ ਕਰਨ ਦੀ ਬਜਾਏ ਪਹਿਲਾਂ ਆਰਮੀ ਨੂੰ ਨਜ਼ਰਅੰਦਾਜ਼ ਕਿਉਂ ਕੀਤਾ ਗਿਆ।

ਮੁੱਖ ਮੰਤਰੀ ਨੇ ਹੁਣ ਵੱਡਾ ਨੁਕਸਾਨ ਹੋਣ ਤੋਂ ਬਾਅਦ ਅਜਿਹੇ ਬੋਰਵੈੱਲਾਂ ਨੂੰ ਢੱਕਣ ਅਤੇ ਉਨ੍ਹਾਂ ਦੀ ਗਿਣਤੀ ਦੱਸਣ ਸਬੰਧੀ ਨਿਰਦੇਸ਼ ਤਾਂ ਜਾਰੀ ਕੀਤੇ ਹਨ ਪਰ ਜਦੋਂ ਪਹਿਲਾਂ ਵੀ ਇੰਨੇ ਹਾਦਸੇ ਵਾਪਰ ਚੁੱਕੇ ਸਨ, ਉਸ ਮੌਕੇ ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ ਢਿੱਲੀ ਕਿਉਂ ਰਹੀ?

ਖੁਦ ਨੂੰ ਅਸੁਰੱਖਿਤ ਮਹਿਸੂਸ ਕਰ ਰਹੇ ਨੇ ਲੋਕ
ਇਸ ਘਟਨਾ 'ਚ ਫਤਿਹਵੀਰ ਤਾਂ ਸਦਾ ਦੀ ਨੀਂਦ ਸੌ ਗਿਆ ਪਰ ਹੁਣ ਪੰਜਾਬ ਦੇ ਆਮ ਲੋਕਾਂ ਦੇ ਮਨਾਂ 'ਚ ਇਹ ਸਵਾਲ ਅਤੇ ਖੌਫ ਹੈ ਕਿ ਉਨ੍ਹਾਂ ਦੀ ਜਾਨ ਇਸ ਸੂਬੇ 'ਚ ਕਿੰਨੀ-ਕੁ ਸੁਰੱਖਿਅਤ ਹੈ। ਲੋਕ ਇਹ ਸੋਚ ਕੇ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਕਿ ਇਸ ਦੇਸ਼ ਜਾਂ ਸੂਬੇ 'ਚ ਇਨਸਾਨਾਂ ਦੀ ਜ਼ਿਦਗੀ ਦੀ ਕੋਈ ਕੀਮਤ ਨਹੀਂ ਹੈ, ਜਦੋਂਕਿ ਵਿਦੇਸ਼ਾਂ 'ਚ ਤਾਂ ਜਾਨਵਰਾਂ ਦੀ ਜ਼ਿੰਦਗੀ ਬਚਾਉਣ ਲਈ ਵੀ ਸਬੰਧਿਤ ਸਰਕਾਰਾਂ ਪੂਰਾ ਜ਼ੋਰ ਲਾ ਦਿੰਦੀਆਂ ਹਨ। ਇਸ ਘਟਨਾ ਦਾ ਸਭ ਤੋਂ ਜ਼ਿਆਦਾ ਅਸਰ ਨੌਜਵਾਨ ਵਰਗ 'ਤੇ ਪਿਆ ਦਿਖਾਈ ਦੇ ਰਿਹਾ ਹੈ ਜੋ ਪਹਿਲਾਂ ਹੀ ਵਿਦੇਸ਼ਾਂ 'ਚ ਜਾਣ ਲਈ ਕਾਹਲੇ ਹਨ ਪਰ ਹੁਣ ਜਦੋਂ ਇਹ ਘਟਨਾ ਸਾਹਮਣੇ ਆਈ ਹੈ ਤਾਂ ਹੋਰ ਉਮਰ ਦੇ ਲੋਕ ਵੀ ਵਾਰ-ਵਾਰ ਆਪਣੇ ਦੇਸ਼ ਦਾ ਮੁਕਾਬਲਾ ਵਿਦੇਸ਼ਾਂ ਨਾਲ ਕਰ ਰਹੇ ਹਨ ਕਿ ਵਿਦੇਸ਼ਾਂ 'ਚ ਤਾਂ ਵੱਡੀਆਂ ਆਫਤਾਂ ਨੂੰ ਆਸਾਨੀ ਨਾਲ ਨਜਿੱਠ ਲਿਆ ਜਾਂਦਾ ਹੈ। 


author

Anuradha

Content Editor

Related News