ਪੰਜਾਬ ਬਣਿਆ 'ਗੈਂਗਲੈਂਡ' ਤੇ ਜ਼ੁਰਮ ਦੇ ਰਾਹ 'ਤੇ ਜ਼ਿੰਦਗੀ, ਵੱਡੀ ਗੈਂਗਵਾਰ ਹੋਣ ਦਾ ਡਰ (ਤਸਵੀਰਾਂ)

Wednesday, Jun 01, 2022 - 11:37 AM (IST)

ਪੰਜਾਬ ਬਣਿਆ 'ਗੈਂਗਲੈਂਡ' ਤੇ ਜ਼ੁਰਮ ਦੇ ਰਾਹ 'ਤੇ ਜ਼ਿੰਦਗੀ, ਵੱਡੀ ਗੈਂਗਵਾਰ ਹੋਣ ਦਾ ਡਰ (ਤਸਵੀਰਾਂ)

ਚੰਡੀਗੜ੍ਹ : ਪੰਜਾਬ 'ਚ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਹੁਣ ਬਹੁਤ ਵੱਡੀ ਗੈਂਗਵਾਰ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਸ ਲਈ ਗੈਂਗਸਟਰਾਂ ਦੇ ਗਰੁੱਪ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਵੱਖ-ਵੱਖ ਗੈਂਗਸਟਰਾਂ ਦੇ ਗਰੁੱਪ ਆਪਸ 'ਚ ਖੁੱਲ੍ਹੇਆਮ ਭਿੜ ਸਕਦੇ ਹਨ, ਉਹ ਵੀ ਅਤਿ-ਆਧੁਨਿਕ ਹਥਿਆਰਾਂ ਨਾਲ। ਇਸ ਵਿਚ ਸਭ ਤੋਂ ਪਹਿਲਾਂ ਬੰਬੀਹਾ ਗੈਂਗ ਅਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਆਹਮੋ-ਸਾਹਮਣਾ ਹੋ ਸਕਦਾ ਹੈ। ਉੱਥੇ ਹੀ ਮੂਸੇਵਾਲਾ ਦੇ ਕਤਲ ਤੋਂ ਬਾਅਦ ਵੱਖ-ਵੱਖ ਐਂਗਲਾਂ ਤੋਂ ਇਸ ਨੂੰ ਜੋੜਿਆ ਜਾ ਰਿਹਾ ਹੈ। ਕਿਤੇ ਸੁਰੱਖਿਆ ਹਟਾਏ ਜਾਣ ਤੋਂ ਤਾਂ ਕਿਤੇ ਗੈਂਗਵਾਰ ਦਾ ਹਿੱਸਾ ਜਾਂ ਫਿਰ ਖ਼ੁਫੀਆ ਤੰਤਰ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲਾ ਲਾਰੈਂਸ ਬਿਸ਼ਨੋਈ ਉੱਤਰ ਭਾਰਤ ਦਾ ਇੱਕ ਖ਼ਤਰਨਾਕ ਗੈਂਗਸਟਰ ਹੈ, ਜੋ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਪੁਲਸ ਲਈ ਸਿਰਦਰਦ ਬਣਿਆ ਹੋਇਆ ਹੈ। ਬਹੁਤ ਹੀ ਘੱਟ ਸਮੇਂ 'ਚ ਉਸਨੇ ਇਸ ਇਲਾਕੇ 'ਚ ਬਹੁਤ ਨਾਮ ਕਮਾਇਆ। ਅਜਿਹਾ ਕਿਹਾ ਜਾਂਦਾ ਹੈ ਕਿ ਲਾਰੈਂਸ ਜੇਲ੍ਹ ਵਿਚੋਂ ਹੀ ਗੈਂਗ ਨੂੰ ਸੰਚਾਲਿਤ ਕਰ ਰਿਹਾ ਹੈ ਅਤੇ ਪੁਲਸ ਕੁੱਝ ਵੀ ਨਹੀਂ ਕਰ ਪਾ ਰਹੀ। ਲਾਰੈਂਸ ਕੋਲ ਜੇਲ੍ਹ ਵਿਚ ਮੋਬਾਇਲ ਫੋਨ ਵੀ ਹੈ। ਉਹ ਆਪਣੀ ਫੇਸਬੁੱਕ ਪ੍ਰੋਫਾਈਲ ਨੂੰ ਜੇਲ੍ਹ ਵਿਚੋਂ ਹੀ ਚਲਾ ਰਿਹਾ ਹੈ ਅਤੇ ਅਜਿਹਾ ਕਿਹਾ ਜਾਂਦਾ ਹੈ ਕਿ ਉਹ ਵਟਸਐਪ ਦੇ ਜ਼ਰੀਏ ਗੈਂਗ ਨੂੰ ਨਿਰਦੇਸ਼ ਦਿੰਦਾ ਹੈ। ਕਿਹਾ ਜਾਂਦਾ ਹੈ ਕਿ ਲਾਰੈਂਸ ਦੇ ਪਿਤਾ ਨੇ ਆਪਣੇ ਪੁਲਸ ਕਾਰਜਕਾਲ ਦੌਰਾਨ ਕਮਾਏ ਪੈਸੇ ਨੂੰ ਲਾਰੈਂਸ ’ਤੇ ਖ਼ਰਚ ਕੀਤਾ। ਇਸ ਕਾਰਨ ਉਹ ਕਾਫ਼ੀ ਵਿਗੜ ਗਿਆ।

ਇਹ ਵੀ ਪੜ੍ਹੋ : ਬਿੰਦਰਖੀਆ ਤੋਂ ਬਾਅਦ 'ਮੂਸੇਵਾਲਾ' ਨੂੰ ਵੀ ਪਹਿਲਾਂ ਹੋ ਗਿਆ ਸੀ ਆਖ਼ਰੀ ਸਮੇਂ ਦਾ ਅੰਦਾਜ਼ਾ
ਭਰਾ ਦੇ ਕਤਲ ਦਾ ਬਦਲਾ ਲੈਣ ਲਈ ਲਾਰੈਂਸ ਨੇ ਅਪਰਾਧ ਦੀ ਦੁਨੀਆ ’ਚ ਰੱਖਿਆ ਕਦਮ
ਸਕੂਲ ਦੀ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਲਾਰੈਂਸ ਨੇ ਚੰਡੀਗੜ੍ਹ ਦੇ ਡੀ. ਏ. ਵੀ. ਕਾਲਜ ਵਿਚ ਦਾਖ਼ਲਾ ਲਿਆ। ਇੱਥੇ ਕਾਲਜ ਦੀਆਂ ਚੋਣਾਂ 'ਚ ਵੀ ਹਿੱਸਾ ਲਿਆ। ਹਾਲਾਂਕਿ ਉਹ ਚੋਣਾਂ ਹਾਰ ਗਿਆ ਸੀ। ਹਾਰਨ ’ਤੇ ਉਸ ਨੇ ਪਿਸਟਲ ਤਾਣ ਦਿੱਤੀ ਸੀ। ਗੋਲਡੀ ਬਰਾੜ ਉਸਦਾ ਸਾਥੀ ਸੀ। ਲਾਰੈਂਸ ਦੇ ਚਚੇਰੇ ਭਰਾ ਦਾ ਵਿਦਿਆਰਥੀ ਰਾਜਨੀਤੀ ਕਾਰਨ ਕਤਲ ਹੋਇਆ ਸੀ। ਬਦਲਾ ਲੈਣ ਲਈ ਉਹ ਪੂਰੀ ਤਰ੍ਹਾਂ ਅਪਰਾਧ ਦੀ ਦੁਨੀਆ 'ਚ ਆ ਗਿਆ। ਉੱਥੇ ਹੀ, ਚੋਣਾਂ ਕਾਰਨ ਉਸ 'ਚ ਡਾਨ ਬਣਨ ਦਾ ਸੁਫ਼ਨਾ ਜਾਗ ਗਿਆ ਸੀ। ਲਾਰੈਂਸ ਨੇ ਇਸ ਦੌਰਾਨ ਆਪਣੀਆਂ ਵਿਰੋਧੀ ਪਾਰਟੀਆਂ ਨਾਲ ਜਨਤਕ ਤੌਰ ’ਤੇ ਲੜਾਈ ਕੀਤੀ। ਪੰਜਾਬ ਯੂਨੀਵਰਸਿਟੀ ਤੋਂ ਲਾਰੈਂਸ ਨੇ ਐੱਲ. ਐੱਲ. ਬੀ. ਕੀਤੀ। ਉਸ ਨੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਪੰਜਾਬ ਯੂਨੀਵਰਸਿਟੀ (ਸੋਪੂ) ਦੀ ਸਥਾਪਨਾ ਕੀਤੀ ਸੀ। ਵਿਦਿਆਰਥੀ ਜੱਥੇਬੰਦੀ ਦਾ ਨੇਤਾ ਹੁੰਦੇ ਹੋਏ ਲਾਰੈਂਸ ਨੇ ਆਪਣੀ ਗੈਂਗ ਬਣਾ ਲਈ ਅਤੇ ਸੁਪਾਰੀ ਲੈਣ ਲੱਗਾ।

PunjabKesari
ਸਲਮਾਨ ਖਾਨ ਨੂੰ ਵੀ ਦੇ ਚੁੱਕਿਆ ਮਾਰਨ ਦੀ ਧਮਕੀ
ਲਾਰੈਂਸ ਦੇ ਪਿਤਾ ਪੁਲਸ 'ਚ ਕਾਂਸਟੇਬਲ ਸੀ। ਉਹ ਫਿਰੋਜ਼ਪੁਰ ਵਿਚ ਰਹਿ ਰਹੇ ਹਨ ਅਤੇ ਜ਼ਮੀਨ ਦੀ ਦੇਖਭਾਲ ਕਰਦੇ ਹਨ। ਲਾਰੈਂਸ ਜੇਲ੍ਹ ਵਿਚ ਬੰਦ ਰਹਿਣ ਤੋਂ ਬਾਅਦ ਵੀ ਵਟਸਐਪ ਦੇ ਜ਼ਰੀਏ ਸੁਪਾਰੀ ਲੈ ਕੇ ਜੇਲ੍ਹ ਤੋਂ ਹੀ ਜ਼ੁਰਮ ਨੂੰ ਅੰਜ਼ਾਮ ਦੇ ਦਿੰਦਾ ਹੈ। ਇਸਦਾ ਕਬੂਲਨਾਮਾ ਵੀ ਉਹ ਆਪਣੇ ਫੇਸਬੁੱਕ ਅਕਾਊਂਟ ’ਤੇ ਕਰ ਦਿੰਦਾ ਹੈ।
ਕੈਨੇਡਾ ਪੜ੍ਹਨ ਗਿਆ ਸੀ ਗੋਲਡੀ ਬਰਾੜ, ਭਰਾ ਦੇ ਕਤਲ ਤੋਂ ਬਾਅਦ ਜ਼ੁਰਮ ਦੀ ਦੁਨੀਆ ’ਚ ਫਿਰ ਹੋਇਆ ਸਰਗਰਮ
ਕੈਨੇਡਾ 'ਚ ਰਹਿਣ ਵਾਲਾ ਗੈਂਗਸਟਰ ਗੋਲਡੀ ਬਰਾੜ ਉਰਫ਼ ਸਤਿੰਦਰ ਸਿੰਘ ਭਾਰਤੀ ਅਧਿਕਾਰੀਆਂ ਨੂੰ ਕਈ ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਹੈ। ਫਰੀਦਕੋਟ ਦੀ ਇੱਕ ਅਦਾਲਤ ਨੇ ਜ਼ਿਲ੍ਹਾ ਯੁਵਾ ਕਾਂਗਰਸ ਪ੍ਰਧਾਨ ਗੁਰਲਾਲ ਸਿੰਘ ਪਹਿਲਵਾਨ ਦੇ ਕਤਲ ਦੇ ਸਿਲਸਿਲੇ ਵਿਚ ਬਰਾੜ ਖ਼ਿਲਾਫ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਗੋਲਡੀ ਨੇ ਚਚੇਰੇ ਭਰਾ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਅਪਰਾਧ ਦੀ ਦੁਨੀਆ 'ਚ ਵਾਪਸੀ ਕੀਤੀ ਸੀ। ਉਹ ਸਟੱਡੀ ਵੀਜ਼ੇ ’ਤੇ ਕੈਨੇਡਾ ਪੜ੍ਹਾਈ ਕਰਨ ਗਿਆ ਸੀ ਪਰ ਗੁਰਲਾਲ ਦੇ ਕਤਲ ਤੋਂ ਬਾਅਦ ਫਿਰ ਤੋਂ ਜ਼ੁਰਮ ਦੀ ਦੁਨੀਆ 'ਚ ਸਰਗਰਮ ਹੋ ਗਿਆ। ਚੰਡੀਗੜ੍ਹ 'ਚ ਇੰਡਸਟਰੀਅਲ ਏਰੀਆ ਫੇਜ-1 ਸਥਿਤ ਇੱਕ ਕਲੱਬ ਦੇ ਬਾਹਰ 11 ਅਕਤੂਬਰ, 2020 ਦੀ ਰਾਤ ਪੀ. ਯੂ. ਦੇ ਵਿਦਿਆਰਥੀ ਨੇਤਾ ਗੁਰਲਾਲ ਬਰਾੜ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਗੁਰਲਾਲ ਲਾਰੈਂਸ ਬਿਸ਼ਨੋਈ ਦੇ ਸਭ ਤੋਂ ਕਰੀਬੀਆਂ ਵਿਚੋਂ ਇੱਕ ਸੀ। ਉਸ ਤੋਂ ਬਾਅਦ ਗੋਲਡੀ ਨੇ ਕੈਨੇਡਾ ਤੋਂ ਹੀ ਇੱਕ ਤੋਂ ਬਾਅਦ ਇੱਕ ਕਤਲ ਕਰਵਾਉਣੇ ਸ਼ੁਰੂ ਕਰ ਦਿੱਤੇ। ਗੋਲਡੀ ਨੇ 18 ਫਰਵਰੀ, 2021 ਨੂੰ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਪੰਜਾਬ ਦੇ ਫਰੀਦਕੋਟ ਵਿਚ ਜ਼ਿਲ੍ਹਾ ਯੁਵਾ ਕਾਂਗਰਸ ਪ੍ਰਧਾਨ ਗੁਰਲਾਲ ਸਿੰਘ ਦਾ ਗੋਲੀਆਂ ਮਰਵਾ ਕੇ ਕਤਲ ਕਰਵਾ ਦਿੱਤਾ। ਡੋਜ਼ੀਅਰ ਵਿਚ ਗੋਲਡੀ ਬਰਾੜ ਦੇ 12 ਸਾਥੀਆਂ ਦਾ ਪੂਰਾ ਖ਼ੁਲਾਸਾ ਕੀਤਾ ਗਿਆ ਹੈ, ਜੋ ਅਪਰਾਧਿਕ ਗਤੀਵਿਧੀਆਂ 'ਚ ਉਸਦੇ ਨਾਲ ਹੈ। ਗੋਲਡੀ ਦੇ ਸਾਥੀਆਂ ਵਿਚ ਰਾਜਸਥਾਨ ਦੇ ਗੈਂਗਸਟਰ ਸੰਪਤ ਨਹਿਰਾ ਦਾ ਨਾਮ ਵੀ ਹੈ।

PunjabKesari

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਦੋਸਤਾਂ ਦੇ ਸਰੀਰ 'ਤੇ ਕਈ ਫੈਕਚਰ, ਐਮਰਜੈਂਸੀ ਦੇ ਬਾਹਰ ਵਧਾਈ ਗਈ ਸੁਰੱਖਿਆ
ਪੁਲਸ ਦੀ ਸੂਚੀ ’ਚ ਮੋਸਟ ਵਾਂਟੇਡ
ਪੁਲਸ ਸੂਤਰਾਂ ਮੁਤਾਬਕ ਲਾਰੈਂਸ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਗੈਂਗ ਦੀ ਕਮਾਨ ਕੈਨੇਡਾ 'ਚ ਬੈਠ ਕੇ ਸਤਵਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਸੰਭਾਲਦਾ ਹੈ। ਗੋਲਡੀ ਬਰਾੜ ਪੁਲਸ ਸੂਚੀ 'ਚ ਮੋਸਟ ਵਾਂਟੇਡ ਗੈਂਗਸਟਰ ਹੈ। ਉਸ ’ਤੇ 16 ਕੇਸ ਦਰਜ ਹਨ, ਜਿਨ੍ਹਾਂ ਵਿਚੋਂ 4 ਵਿਚ ਉਹ ਬਰੀ ਹੋ ਚੁੱਕਿਆ ਹੈ।
ਲੇਡੀ ਡਾਨ ਨਾਲ ਲਿਵ ਇਨ ’ਚ ਰਹਿੰਦਾ ਸੀ ਜ਼ੁਰਮ ਦੀ ਦੁਨੀਆ ਦਾ ਬਾਦਸ਼ਾਹ ਕਾਲਾ ਜਠੇੜੀ
ਜ਼ੁਰਮ ਦੀ ਦੁਨੀਆ 'ਚ ਸਰਗਰਮ ਕਾਲਾ ਜਠੇੜੀ ਦਾ ਨਾਮ ਦਿੱਲੀ 'ਚ ਹੋਏ ਪਹਿਲਵਾਨ ਸਾਗਰ ਧਨਖੜ ਦੇ ਕਤਲ ਤੋਂ ਬਾਅਦ ਅਚਾਨਕ ਸੁਰਖੀਆਂ 'ਚ ਆਇਆ ਸੀ। ਜੇਲ੍ਹ ਵਿਚ ਬੰਦ ਸੁਸ਼ੀਲ ਕੁਮਾਰ ਨੇ ਵੀ ਜਠੇੜੀ ਤੋਂ ਜਾਨ ਨੂੰ ਖ਼ਤਰਾ ਦੱਸਿਆ ਸੀ। ਦਿੱਲੀ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ 'ਚ ਅਪਰਾਧਿਕ ਗਤੀਵਿਧੀਆਂ ਦੀ ਕਾਰਨ ਸਿਰਦਰਦ ਬਣ ਚੁੱਕੇ ਕਾਲਾ ਜਠੇੜੀ ਦੀ ਭਾਲ ਕਾਫ਼ੀ ਸਮੇਂ ਤੋਂ ਪੁਲਸ ਨੂੰ ਸੀ। ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਉਸ ਨੂੰ ਕਾਬੂ ਕੀਤਾ ਸੀ। ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਜਠੇੜੀ ਪਿੰਡ ਦੇ ਨਿਵਾਸੀ ਕਾਲਾ ਨੇ ਪਿਛਲੇ ਕਰੀਬ 15-16 ਸਾਲ ਦੌਰਾਨ ਅਪਰਾਧਿਕ ਦੁਨੀਆ 'ਚ ਤੇਜ਼ੀ ਨਾਲ ਕਦਮ ਵਧਾਇਆ। ਕਤਲ, ਅਗਵਾ, ਲੁੱਟ, ਫਿਰੌਤੀ, ਜ਼ਮੀਨ ’ਤੇ ਕਬਜ਼ਾ ਵਰਗੇ ਕੰਮਾਂ ਵਿਚ ਸ਼ਾਮਲ ਕਾਲਾ ਜਠੇੜੀ ਦੇ ਗੈਂਗ ਵਿਚ 700 ਤੋਂ ਜ਼ਿਆਦਾ ਸ਼ੂਟਰ ਸ਼ਾਮਲ ਹਨ। ਉਹ ਰਾਜਸਥਾਨ ਦੀ ਲੇਡੀ ਡਾਨ ਅਨੁਰਾਧਾ ਨਾਲ ਲਿਵ ਇਨ 'ਚ ਰਹਿੰਦਾ ਸੀ। 

PunjabKesari
ਖ਼ਰਚੇ ਪੂਰੇ ਕਰਨ ਲਈ ਸ਼ੁਰੂ ਕੀਤੀ ਝਪਟਮਾਰੀ, ਫਿਰ ਜ਼ੁਰਮ ਦੀ ਦੁਨੀਆ 'ਚ ਵੱਧਦੇ ਗਏ ਕਦਮ
ਭਾਰਤ ਤੋਂ ਬਾਹਰ ਦੁਬਈ ਅਤੇ ਮਲੇਸ਼ੀਆ 'ਚ ਬੈਠ ਕੇ ਗੈਂਗ ਆਪਰੇਟ ਕਰਨ ਵਾਲਾ ਕਾਲਾ ਜਠੇੜੀ ਜਦੋਂ ਕੇਬਲ ਆਪਰੇਟਰ ਦਾ ਕੰਮ ਕਰਦਾ ਸੀ, ਉਸ ਸਮੇਂ ਉਸਦੀ ਦੋਸਤੀ ਕੁੱਝ ਬਦਮਾਸ਼ਾਂ ਨਾਲ ਹੋ ਗਈ ਸੀ। ਇਸ ਦੌਰਾਨ ਉਸਦੇ ਖ਼ਰਚੇ ਵੀ ਵੱਧ ਗਏ। ਖ਼ਰਚੇ ਪੂਰੇ ਕਰਨ ਲਈ ਉਸ ਨੇ ਮਾਂ-ਬਾਪ ਤੋਂ ਪੈਸਿਆਂ ਦੀ ਮੰਗ ਕੀਤੀ ਪਰ ਫਿਰ ਵੀ ਜਦੋਂ ਉਸਦੇ ਖ਼ਰਚੇ ਪੂਰੇ ਨਾ ਹੋਏ ਤਾਂ ਉਹ ਝਪਟਮਾਰੀ ਕਰਨ ਲੱਗਾ। ਜਠੇੜੀ ਖ਼ਿਲਾਫ਼ ਦਿੱਲੀ 'ਚ ਪਹਿਲਾ ਮੁਕੱਦਮਾ 29 ਸਤੰਬਰ, 2004 ਨੂੰ ਦਰਜ ਹੋਇਆ। ਫਿਰ ਕੁੱਝ ਸਾਲ ਬਾਅਦ ਹੀ ਹਰਿਆਣਾ ਦੇ ਸਾਂਪਲਾ ਅਤੇ ਫਿਰ ਗੋਹਾਨਾ 'ਚ ਹੋਏ ਕਤਲਾਂ ਵਿਚ ਉਸਦਾ ਨਾਮ ਆ ਗਿਆ ਅਤੇ ਫਿਰ ਉਸ ਨੇ ਮੁੜਕੇ ਨਹੀਂ ਵੇਖਿਆ।
ਜਨਮ 1984
ਜਨਮ ਸਥਾਨ ਜਠੇੜੀ ਪਿੰਡ, ਸੋਨੀਪਤ
ਪੜ੍ਹਾਈ 12ਵੀਂ ਪਾਸ
ਲਾਰੈਂਸ ਦਾ ਸਾਥੀ
ਕਾਲਾ ਜਠੇੜੀ ਲਾਰੈਂਸ ਬਿਸ਼ਨੋਈ ਦਾ ਖ਼ਾਸ ਹੈ। ਦੋਵੇਂ ਮਿਲ ਕੇ ਸੈਕੜਿਆਂ ਬਦਮਾਸ਼ਾਂ ਦਾ ਗੈਂਗ ਚਲਾ ਰਹੇ ਹਨ। ਕਾਲਾ ਜਠੇੜੀ ਅਤੇ ਉਸਦਾ ਗੈਂਗ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ਵਿਚ ਸਰਗਰਮ ਹੈ। ਉਸ ’ਤੇ ਕਤਲ, ਲੁੱਟ ਅਤੇ ਰੰਗਦਾਰੀ ਦੇ ਕਈ ਮਾਮਲੇ ਦਰਜ ਹਨ। ਗੈਂਗਸਟਰ ਨੀਰਜ ਬਬਾਨਾ ਨਾਲ ਦੁਸ਼ਮਣੀ ਹੈ।   
ਦਵਿੰਦਰ ਬੰਬੀਹਾ ਦਾ ਖੇਡ ਦੇ ਮੈਦਾਨ ਤੋਂ ਅਪਰਾਧ ਦੀ ਦੁਨੀਆ ਤੱਕ ਦਾ ਸਫ਼ਰ
2016 'ਚ ਮਾਰਿਆ ਗਿਆ ਸੀ ਗੈਂਗਸਟਰ ਦਵਿੰਦਰ ਬੰਬੀਹਾ, ਗੈਂਗ ਅਜੇ ਐਕਟਿਵ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਬਿਸ਼ਨੋਈ ਗਿਰੋਹ ਦੇ ਕੱਟੜ ਵਿਰੋਧੀ ਬੰਬੀਹਾ ਗੈਂਗ ਨੇ ਫੇਸਬੁੱਕ ਪੋਸਟ ਰਾਹੀਂ ਬਦਲਾ ਲੈਣ ਦੀ ਗੱਲ ਕਹੀ ਹੈ। ਬੰਬੀਹਾ ਗੈਂਗ ਨੂੰ ਚਲਾਉਣ ਵਾਲਾ ਦਵਿੰਦਰ ਸਿੰਘ ਬੰਬੀਹਾ ਸੀ, ਜਿਸ ਦੀ ਸਾਲ 2016 'ਚ ਪੁਲਸ ਮੁਕਾਬਲੇ 'ਚ ਮੌਤ ਹੋ ਚੁੱਕੀ ਹੈ। ਹੁਣ ਇਸ ਗੈਂਗ ਨੂੰ ਆਰਮੇਨੀਆ 'ਚ ਬੈਠਾ ਗੈਂਗਸਟਰ ਲੱਕੀ ਗੌਰਵ ਪਟਿਆਲ ਚਲਾਉਂਦਾ ਹੈ।

PunjabKesari
ਜੇਲ੍ਹ 'ਚ ਗੈਂਗਸਟਰਾਂ ਦੇ ਸੰਪਰਕ 'ਚ ਆਇਆ
ਮੋਗਾ ਜ਼ਿਲ੍ਹੇ ਦੇ ਬੰਬੀਹਾ ਪਿੰਡ 'ਚ ਜੰਮੇ ਦਵਿੰਦਰ ਬੰਬੀਹਾ ਦਾ ਅਸਲੀ ਨਾਮ ਦਵਿੰਦਰ ਸਿੰਘ ਸਿੱਧੂ ਸੀ। ਜ਼ੁਰਮ ਦੀ ਦੁਨੀਆ 'ਚ ਆਉਣ ਤੋਂ ਪਹਿਲਾਂ ਉਹ ਇਕ ਮਸ਼ਹੂਰ ਕਬੱਡੀ ਖਿਡਾਰੀ ਸੀ। ਕਿਸਾਨ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਦਵਿੰਦਰ ਪੜ੍ਹਾਈ 'ਚ ਵੀ ਚੰਗਾ ਸੀ। ਸਾਲ 2010 ਵਿਚ, ਜਦੋਂ ਉਹ ਕਾਲਜ ਵਿਚ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ, ਉਦੋਂ ਉਸ ਦਾ ਨਾਮ ਇਕ ਕਤਲ ਦੇ ਮਾਮਲੇ ਵਿਚ ਸਾਹਮਣੇ ਆਇਆ ਸੀ। ਇਹ ਕਤਲ ਪਿੰਡ ਵਿਚ ਦੋ ਧੜਿਆਂ ਵਿਚ ਹੱਥੋਪਾਈ ਹੋਈ ਸੀ। ਕਤਲ ਦੇ ਮਾਮਲੇ ਵਿਚ ਉਸ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਗਿਆ, ਜਿੱਥੇ ਉਹ ਕਈ ਗੈਂਗਸਟਰਾਂ ਦੇ ਸੰਪਰਕ ਵਿਚ ਆਇਆ ਅਤੇ ਫਿਰ ਸ਼ਾਰਪ ਸ਼ੂਟਰ ਬਣ ਗਿਆ ਸੀ।
ਜੇਲ੍ਹ ਤੋਂ ਭੱਜ ਕੇ ਬਣਾਇਆ ਆਪਣਾ ਗੈਂਗ
ਦਵਿੰਦਰ ਬੰਬੀਹਾ ਨੇ 21 ਸਾਲ ਦੀ ਉਮਰ ਵਿਚ ਜੇਲ੍ਹ ਤੋਂ ਭੱਜ ਕੇ ਆਪਣਾ ਗੈਂਗ ਬਣਾ ਲਿਆ ਸੀ। ਉਹ ਕਰੀਬ ਅੱਧਾ ਦਰਜਨ ਕਤਲ ਦੇ ਮਾਮਲਿਆਂ ਵਿਚ ਨਾਮਜ਼ਦ ਸੀ। ਉਸ ’ਤੇ ਕਤਲ  ਦੀ ਕੋਸ਼ਿਸ਼, ਲੁੱਟ, ਸਨੈਚਿੰਗ ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦਵਿੰਦਰ ਦਾ ਖੌਫ਼ 2012 ਤੋਂ ਲੈ ਕੇ 2016 ਤੱਕ ਬਣਿਆ ਰਿਹਾ ਅਤੇ ਆਪਣੀ ਮੌਤ ਤੱਕ ਸੂਬੇ ਦੇ ਮੋਸਟ ਵਾਂਟੇਡ ਗੈਂਗਸਟਰਾਂ ਵਿਚੋਂ ਇਕ ਸੀ। ਦਵਿੰਦਰ, ਸੋਸ਼ਲ ਮੀਡੀਆ ’ਤੇ ਆਪਣੀ ਅਪਰਾਧਿਕ ਗਤੀਵਿਧੀਆਂ ਨੂੰ ਅਪਡੇਟ ਕਰਦਾ ਸੀ ਅਤੇ ਕਈ ਵਾਰ ਪੰਜਾਬ ਪੁਲਸ ਨੂੰ ਵੀ ਚੁਣੌਤੀ ਦੇ ਚੁੱਕਿਆ ਸੀ।
ਉਮਰ 26, ਕੇਸ 21
ਜਨਮ 1990
ਜਨਮ ਸਥਾਨ-ਬੰਬੀਹਾ, ਮੋਗਾ
ਪੜ੍ਹਾਈ 12ਵੀਂ, ਬੀ. ਏ. ਫਾਈਨਲ ਵਿਚ ਕੇਸ
ਐਨਕਾਊਂਟਰ 9 ਸਤੰਬਰ, 2016
ਪਿਤਾ ਦੀ 2010 ਵਿਚ ਮੌਤ ਹੋ ਚੁੱਕੀ ਹੈ।
ਲੱਕੀ ਚਲਾ ਰਿਹਾ ਗੈਂਗ
ਬੰਬੀਹਾ ਗੈਂਗ ਚਲਾਉਣ ਵਾਲਿਆਂ ਵਿਚ ਲੱਕੀ ਗੌਰਵ ਪਟਿਆਲ ਮੁੱਖ ਹੈ, ਜੋ ਪਹਿਲਾਂ ਜੇਲ੍ਹ ਵਿਚ ਬੰਦ ਸੀ ਅਤੇ ਫਿਰ ਆਰਮੇਨੀਆ ਭੱਜ ਗਿਆ ਸੀ, ਜਦੋਂ ਕਿ ਦੂਜਾ ਮੋਗਾ ਜ਼ਿਲ੍ਹੇ ਦੇ ਕੁਸਾ ਪਿੰਡ ਦਾ ਰਹਿਣ ਵਾਲਾ ਸੁਖਪ੍ਰੀਤ ਸਿੰਘ ਬੁੱਢਾ ਹੈ, ਜੋ ਅਜੇ ਵੀ ਸੰਗਰੂਰ ਜੇਲ੍ਹ ਵਿਚ ਬੰਦ ਹੈ। ਕੁੱਝ ਮਹੀਨੇ ਪਹਿਲਾਂ ਜਲੰਧਰ ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਨੂੰ ਵੀ ਬੰਬੀਹਾ ਗੈਂਗ ਨੇ ਅੰਜਾਮ ਦਿੱਤਾ ਸੀ।
ਬੰਬੀਹਾ ਗੈਂਗ ’ਤੇ ਦਰਜ ਹਨ 40 ਤੋਂ ਜ਼ਿਆਦਾ ਮਾਮਲੇ
ਪੰਜਾਬ 'ਚ ਗੈਂਗਸਟਰਾਂ ’ਤੇ ਸ਼ਿਕੰਜਾ ਕੱਸਣਾ ਆਸਾਨ ਨਹੀਂ ਹੈ। ਸੂਬੇ ਭਰ ਵਿਚ ਇਕ ਦਰਜਨ ਗੈਂਗਜ਼ ਦਾ ਖੌਫ਼ ਹੈ ਅਤੇ ਕਈ ਸੂਬਿਆਂ ਤੱਕ ਇਨ੍ਹਾਂ ਦਾ ਨੈੱਟਵਰਕ ਫੈਲਿਆ ਹੈ। ਬੰਬੀਹਾ ਗੈਂਗ ’ਤੇ ਪੰਜਾਬ, ਹਰਿਆਣਾ ਅਤੇ ਦੂਜੇ ਸੂਬਿਆਂ 'ਚ 40 ਤੋਂ ਜ਼ਿਆਦਾ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ : ਹੁਣ ਨੀਰਜ ਬਵਾਨਾ ਗੈਂਗ ਦਾ ਐਲਾਨ, 2 ਦਿਨਾਂ 'ਚ ਲਵਾਂਗੇ 'ਸਿੱਧੂ ਮੂਸੇਵਾਲਾ' ਦੇ ਕਤਲ ਦਾ ਬਦਲਾ
ਪੰਜਾਬ ਪੁਲਸ ਖ਼ਤਮ ਕਰ ਚੁੱਕੀ ਹੈ ਕਈ ਗੈਂਗਸਟਰ
ਪੰਜਾਬ ਪੁਲਸ ਮੁਕਾਬਲੇ 'ਚ ਕਈ ਖ਼ਤਰਨਾਕ ਗੈਂਗਸਟਰਾਂ ਦਾ ਸਫ਼ਾਇਆ ਕਰ ਚੁੱਕੀ ਹੈ। ਇਨ੍ਹਾਂ ਵਿਚ ਪ੍ਰੇਮਾ ਲਹੌਰੀਆ, ਵਿੱਕੀ ਗੌਂਡਰ, ਰੂਬੀ ਤਲਵਣ, ਦਵਿੰਦਰ ਬੰਬੀਹਾ, ਜੈਪਾਲ ਭੁੱਲਰ ਅਤੇ ਜੱਸੀ ਦਾ ਕੋਲਕਾਤਾ ਵਿਚ ਐਨਕਾਊਂਟਰ ਹੋ ਚੁੱਕਿਆ ਹੈ।
ਗੌਂਡਰ, ਭੁੱਲਰ, ਪ੍ਰੇਮਾ ਲਾਹੌਰੀਆ ਦਾ ਖ਼ਾਤਮਾ ਪਰ ਗਿਰੋਹ ਸਰਗਰਮ
ਪ੍ਰੇਮਾ ਲਾਹੌਰੀਆ, ਸੁੱਖਾ ਕਾਹਲਵਾਂ, ਵਿੱਕੀ ਗੌਂਡਰ, ਜੈਪਾਲ ਭੁੱਲਰ, ਰੌਕੀ ਜਿਹੇ ਗੈਂਗਸਟਰਾਂ ਦੀ ਆਪਸੀ ਰੰਜਿਸ਼ ਅਤੇ ਪੁਲਸ ਮੁਕਾਬਲੇ ਵਿਚ ਹੋਈ ਮੌਤ ਤੋਂ ਬਾਅਦ ਪੰਜਾਬ ਵਿਚ ਗੈਂਗਸਟਰਾਂ ਦੀ ਗਿਣਤੀ ਘੱਟ ਹੋਣ ਦੀ ਬਜਾਏ ਵੱਧ ਗਈ ਹੈ। ਅਜੇ ਇਨ੍ਹਾਂ ਦੇ ਗਿਰੋਹ ਸਰਗਰਮ ਹਨ।
ਨੰਗਲ ਤੋਂ ਮੋਹਾਲੀ ਤੱਕ ਮੱਲ੍ਹੀ ਗੈਂਗ ਦੀ ਦਹਿਸ਼ਤ
ਨੰਗਲ ਤੋਂ ਮੋਹਾਲੀ ਤੱਕ ਕੇਸਰ ਮੱਲ੍ਹੀ ਅਤੇ ਬਚਿੱਤਰ ਦੇ ਗੈਂਗ ਸਰਗਰਮ ਹਨ। ਕੇਸਰ ਮੱਲ੍ਹੀ ਗੈਂਗ ਵਿਚ 25 ਅਤੇ ਬਚਿੱਤਰ ਗੈਂਗ ਵਿਚ 30 ਦੇ ਕਰੀਬ ਨੌਜਵਾਨ ਹਨ। ਇਹ ਦੋਵੇਂ ਗੈਂਗ ਅਕਸਰ ਇਕ ਦੂਜੇ ਦੇ ਮੈਬਰਾਂ ’ਤੇ ਹਮਲੇ ਕਰਦੇ ਹਨ। ਮੱਲ੍ਹੀ ਗੈਂਗ ਵਿੱਕੀ ਗੌਂਡਰ ਨਾਲ ਜੁੜਿਆ ਹੋਇਆ ਸੀ। ਪੁਲਸ ਫਾਈਲ ਮੁਤਾਬਕ ਜੱਸੀ ਕਲਮਾ, ਦਿਲਪ੍ਰੀਤ ਢਾਹਾ, ਮਨੀ ਬੰਸਾਲੀ, ਸੁੱਖਾ ਆਜਮਪੁਰੀਆ ਅਤੇ ਰਾਣਾ ਸਮਾਣਾ ਇਸ ਦੇ ਸ਼ਾਰਪ ਸ਼ੂਟਰ ਹਨ। ਉੱਥੇ ਹੀ ਬੰਬੀਹਾ ਗੈਂਗ ਦੇ ਸਰਗਨਾ ਦਵਿੰਦਰ ਬੰਬੀਹਾ ਨੂੰ ਬਠਿੰਡਾ ਪੁਲਸ ਨੇ 9 ਸਤੰਬਰ 2016 ਨੂੰ ਐਨਕਾਊਂਟਰ ਵਿਚ ਮਾਰ ਦਿੱਤਾ ਸੀ। ਇਸ ਤੋਂ ਬਾਅਦ ਗਿਰੋਹ ਦਾ ਸੰਚਾਲਨ ਸੁਖਪ੍ਰੀਤ ਬੁੱਢਾ ਦੇ ਹੱਥ ਆ ਗਿਆ। ਬੁੱਢਾ ਨੇ 17 ਜੂਨ 2018 ਨੂੰ ਬਠਿੰਡਾ ਦੇ ਇਕ ਪੇਸ਼ੇਵਰ ਨੂੰ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਸੀ, ਕਿਉਂਕਿ ਉਸ ਨੂੰ ਸ਼ੱਕ ਸੀ ਕਿ ਉਸ ਨੇ ਪੁਲਸ ਨੂੰ ਦਵਿੰਦਰ ਬੰਬੀਹਾ ਬਾਰੇ ਜਾਣਕਾਰੀ ਦਿੱਤੀ ਸੀ।
ਇੰਝ ਬਣਦੇ ਗਏ ਗੈਂਗ
ਕੁਲਬੀਰ ਨਰੂਆਣਾ ਕਦੇ ਬੰਬੀਹਾ ਗੈਂਗ ਦਾ ਮੈਂਬਰ ਸੀ। ਬਾਅਦ 'ਚ ਉਸ ਨੇ ਆਪਣੇ ਨਾਮ ਨਾਲ ਗੈਂਗ ਬਣਾ ਲਿਆ। ਬਾਅਦ ਵਿਚ ਉਹ ਰੌਕੀ ਗੈਂਗ ਨਾਲ ਜੁੜ ਗਿਆ। ਨਰੂਆਣਾ ਨੇ ਜੇਲ੍ਹ ਵਿਚ ਹੀ ਬੰਦ ਮੰਡੀਕਲਾਂ ਦੇ ਗੈਂਗਸਟਰ ਗੁਰਦੀਪ ’ਤੇ ਗੋਲੀ ਦਾਗ ਦਿੱਤੀ ਸੀ। ਵੱਖ-ਵੱਖ ਥਾਣਿਆਂ ਵਿਚ ਨਰੂਆਣਾ ’ਤੇ ਕਈ ਮਾਮਲੇ ਦਰਜ ਹਨ। ਉਸ ਦੇ ਗੈਂਗ ਵਿਚ 200 ਤੋਂ ਜ਼ਿਆਦਾ ਨੌਜਵਾਨ ਹਨ। ਰੰਮੀ ਮਛਾਣਾ ਕਦੇ ਸ਼ੇਰਾ ਖੁੱਬਣ ਗੈਂਗ ਦਾ ਮੈਂਬਰ ਸੀ ਪਰ ਬਾਅਦ ਵਿਚ ਉਸ ਨੇ ਵੱਖਰਾ ਗੈਂਗ ਬਣਾ ਲਿਆ। ਰੰਮੀ ਮਛਾਣਾ ’ਤੇ 5 ਤੋਂ ਜ਼ਿਆਦਾ ਹੱਤਿਆ ਦੇ ਮਾਮਲੇ ਅਤੇ ਰਾਜਸਥਾਨ ਦੇ ਕਈ ਵੱਡੇ ਸ਼ਹਿਰਾਂ ਵਿਚ ਡਕੈਤੀ ਦੇ ਕੇਸ ਦਰਜ ਹਨ। ਅੰਮ੍ਰਿਤਪਾਲ ਸਿੰਘ ਭਾਟੀ ਨਾਭਾ ਜੇਲ੍ਹ ਵਿਚ ਬੰਦ ਹੈ। ਉਸ ’ਤੇ ਵੱਖ-ਵੱਖ ਥਾਣਿਆਂ ਵਿਚ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਮਾਮਲੇ ਦਰਜ ਹਨ। ਭਾਟੀ ਨੇ 4 ਸਾਲ ਪਹਿਲਾਂ ਸਾਥੀਆਂ ਨਾਲ ਮੱਛਰ ਗੈਂਗ ਦੇ ਮਾਸਟਰਮਾਇੰਡ ਪ੍ਰਦੀਪ ਕੁਮਾਰ ਉਰਫ਼ ਮੱਛਰ ਦੀ ਭੁੱਚੋ ਮੰਡੀ ਕੋਲ ਕਤਲ ਕਰ ਦਿੱਤਾ ਸੀ।

ਗੰਨ ਕਲਚਰ ਨੂੰ ਸ਼ੂਟਰ ਸੁੱਖਾ ਕਾਹਲਵਾਂ ਨੇ ਕੀਤਾ ਗਲੈਮਰਾਈਜ਼
ਪੰਜਾਬ ਦੇ ਗੈਂਗਸਟਰਾਂ ਵਿਚ ਸਭ ਤੋਂ ਚਰਚਿਤ ਚਿਹਰਾ ਸੁੱਖਾ ਕਾਹਲਵਾਂ ਦਾ ਹੈ। ਕਾਹਲਵਾਂ ਨੇ ਹੀ ਸਭ ਤੋਂ ਪਹਿਲਾਂ ਪੰਜਾਬ ਵਿਚ ਗੰਨ ਕਲਚਰ ਨੂੰ ਗਲੈਮਰਾਈਜ਼ ਕੀਤਾ ਸੀ। ਹਥਿਆਰਾਂ ਨਾਲ ਇੰਟਰਨੈੱਟ ਮੀਡੀਆ ’ਤੇ ਆਪਣੀਆਂ ਤਸਵੀਰਾਂ ਪੋਸਟ ਕਰਨਾ ਉਸਦਾ ਸ਼ੌਕ ਸੀ। ਉਸ ਸਮੇਂ ਲਾਰੈਂਸ ਬਿਸ਼ਨੋਈ ਉਸ ਦੇ ਗੈਂਗ ਦਾ ਹਿੱਸਾ ਹੁੰਦਾ ਸੀ। ਸੁੱਖਾ ਦੇ ਘਰਵਾਲੇ ਯੂ. ਐੱਸ. ਏ. ਵਿਚ ਸੈਟਲ ਹੋ ਗਏ ਸਨ ਪਰ 17 ਸਾਲ ਦੀ ਉਮਰ ਵਿਚ ਪਹਿਲਾ ਕਤਲ ਕਰਨ ਵਾਲਾ ਸੁੱਖਾ ਅਪਰਾਧਿਕ ਕੇਸ ਹੋਣ ਕਾਰਨ ਉਨ੍ਹਾਂ ਕੋਲ ਨਹੀਂ ਜਾ ਸਕਿਆ। ਕਹਿੰਦੇ ਹਨ ਉਸ ਨੇ ਇੱਕ ਵਾਰ ਸਿਰਫ਼ ਆਪਣੇ ਦੰਦਾਂ ਨਾਲ ਕੱਟ ਕੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਉਹ ਸਾਲ 2000 ਲੈ ਕੇ 2015 ਤੱਕ ਪੰਜਾਬ ਦੇ ਨਾਲ-ਨਾਲ ਆਸ-ਪਾਸ ਦੇ ਰਾਜਾਂ ਵਿਚ ਦਹਿਸ਼ਤ ਫੈਲਾਉਣ ਵਾਲਾ ਬਣਿਆ ਰਿਹਾ।

PunjabKesari
ਗੈਂਗਸਟਰ ਤੋਂ ਖ਼ਤਰਨਾਕ ਅੱਤਵਾਦੀ ਬਣ ਗਿਆ ਹਰਿੰਦਰ ਰਿੰਦਾ
ਪੰਜਾਬ 'ਚ ਗੈਂਗਸਟਰ ਰਿਹਾ ਹਰਵਿੰਦਰ ਸਿੰਘ ਰਿੰਦਾ ਪਾਕਿਸਤਾਨ 'ਚ ਬੱਬਰ ਖ਼ਾਲਸਾ ਦੇ ਚੀਫ ਵਧਾਵਾ ਸਿੰਘ ਦਾ ਸੱਜਾ ਹੱਤ ਬਣ ਕੇ ਭਾਰਤ 'ਚ ਅੱਤਵਾਦ ਨੂੰ ਜ਼ਿੰਦਾ ਕਰਨ ਦੇ ਸੁਫ਼ਨੇ ਬੁਣ ਰਿਹਾ ਹੈ। ਰਿੰਦਾ ਡਰੋਨ ਰਾਹੀਂ ਹਥਿਆਰਾਂ ਦੀ ਖੇਪ ਪੰਜਾਬ 'ਚ ਪਹੁੰਚਾਉਣ ਲੱਗਾ ਹੈ। ਹਾਲ ਹੀ 'ਚ ਜਿੰਨੀਆਂ ਅੱਤਵਾਦੀ ਘਟਨਾਵਾਂ ਹੋਈਆਂ ਜਾਂ ਨਾਮੀ ਗੈਂਗਸਟਰਾਂ ਦੇ ਨਾਂ ਸਾਹਮਣੇ ਆਏ ਹਨ, ਉਨ੍ਹਾਂ 'ਚ ਪ੍ਰਤੱਖ ਜਾਂ ਅਪ੍ਰਤੱਖ ਰੂਪ ਨਾਲ ਰਿੰਦਾ ਦਾ ਹੀ ਹੱਥ ਰਿਹਾ ਹੈ।

PunjabKesari
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News