ਪਾਵਰਕਾਮ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੇਗਾ 600 ਯੂਨਿਟ ਮੁਫ਼ਤ ਬਿਜਲੀ ਤੋਂ ਉਪਰ ਦਾ ਲਾਭ, ਜਾਣੋ ਹੋਰ ਸ਼ਰਤਾਂ ਬਾਰੇ
Wednesday, Jul 27, 2022 - 05:10 PM (IST)
 
            
            ਜਲੰਧਰ (ਪੁਨੀਤ)– ਆਮ ਆਦਮੀ ਪਾਰਟੀ ਵੱਲੋਂ ਮੁਫ਼ਤ ਬਿਜਲੀ ਸਹੂਲਤ ਦੇਣ ਦਾ ਜਿਹੜਾ ਵਾਅਦਾ ਕੀਤਾ ਗਿਆ ਸੀ, ਉਸ ਸਬੰਧ ਵਿਚ ਜਾਰੀ ਹੋਏ ਸਰਕੁਲਰ ਅਨੁਸਾਰ ਪਾਵਰਕਾਮ ਦੇ ਕਰਮਚਾਰੀ 600 ਯੂਨਿਟ ਤੋਂ ਉਪਰ ਦੀ ਸਹੂਲਤ ਦਾ ਲਾਭ ਨਹੀਂ ਲੈ ਸਕਣਗੇ। ਉਨ੍ਹਾਂ ਨੂੰ ਵੀ ਜਨਰਲ ਕੈਟਾਗਿਰੀ ਵਾਂਗ 600 ਯੂਨਿਟ ਤੋਂ ਉਪਰ ਖ਼ਪਤ ਹੋਣ ’ਤੇ ਪੂਰੇ ਬਿੱਲ ਦੀ ਅਦਾਇਗੀ ਕਰਨੀ ਪਵੇਗੀ। ਪਾਵਰਕਾਮ ਵੱਲੋਂ ਆਪਣੇ ਕਰਮਚਾਰੀਆਂ ਨੂੰ ਉਪਰਲਾ ਲਾਭ ਨਾ ਦਿੱਤੇ ਜਾਣ ’ਤੇ ਵੱਖ-ਵੱਖ ਯੂਨੀਅਨਾਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਹਿਕਮੇ ਨੂੰ ਅਜਿਹਾ ਬਦਲ ਰੱਖਣਾ ਚਾਹੀਦਾ ਸੀ, ਜਿਸ ਨਾਲ ਉਨ੍ਹਾਂ ਨੂੰ 600 ਯੂਨਿਟ ਤੱਕ ਦੇ ਬਿੱਲ ਦੀ ਅਦਾਇਗੀ ਨਾ ਕਰਨੀ ਪੈਂਦੀ ਅਤੇ ਸਿਰਫ਼ ਇਸ ਤੋਂ ਉਪਰ ਦੀ ਖ਼ਪਤ ਹੋਣ ਵਾਲੇ ਬਿੱਲ ਦਾ ਹੀ ਭੁਗਤਾਨ ਕਰਨਾ ਪੈਂਦਾ।
ਇਹ ਵੀ ਪੜ੍ਹੋ: ਨੰਗਲ ਵਿਖੇ ਭਾਖੜਾ ਨਹਿਰ ’ਚ ਤਰਦੀਆਂ ਮਾਂ-ਧੀ ਦੀਆਂ ਲਾਸ਼ਾਂ ਬਰਾਮਦ, ਫ਼ੈਲੀ ਸਨਸਨੀ
ਸਰਕੁਲਰ ਮੁਤਾਬਕ ਜਨਰਲ ਕੈਟਾਗਿਰੀ ਨੂੰ 600 ਯੂਨਿਟ ਤੱਕ ਬਿਜਲੀ ਮੁਆਫ਼ ਕੀਤੀ ਗਈ, ਜਦਕਿ ਇਸ ਤੋਂ ਉਪਰ ਬਿੱਲ ਆਉਣ ’ਤੇ ਪੂਰਾ ਭੁਗਤਾਨ ਕਰਨ ਦੀ ਸ਼ਰਤ ਰੱਖੀ ਗਈ ਹੈ। ਉਥੇ ਹੀ, 4 ਕੈਟਾਗਿਰੀਆਂ ਐੱਸ. ਸੀ., ਬੀ. ਸੀ., ਫ੍ਰੀਡਮ ਫਾਈਟਰ ਅਤੇ ਬੀ. ਪੀ. ਐੱਲ. ਪਰਿਵਾਰਾਂ ਨੂੰ 600 ਯੂਨਿਟ ਤੋਂ ਉਪਰ ਦੀ ਸਹੂਲਤ ਲੈਣ ਲਈ ਸਵੈ-ਘੋਸ਼ਣਾ ਪੱਤਰ ਦੇਣਾ ਜ਼ਰੂਰੀ ਕੀਤਾ ਗਿਆ ਹੈ।ਇਸ ਦੇ ਮੁਤਾਬਕ 4 ਕੈਟਾਗਿਰੀਆਂ ਵੱਲੋਂ ਦਿੱਤੇ ਜਾਣ ਵਾਲੇ ਘੋਸ਼ਣਾ-ਪੱਤਰ ਦੀਆਂ ਸਾਰੀਆਂ ਸ਼ਰਤਾਂ ਮੰਨਣ ਹੋਣ ’ਤੇ 600 ਯੂਨਿਟ ਤੱਕ ਦਾ ਬਿੱਲ ਪੂਰੀ ਤਰ੍ਹਾਂ ਮੁਆਫ਼ ਰਹੇਗਾ ਅਤੇ ਇਸ ਤੋਂ ਉਪਰ ਜਿੰਨੇ ਯੂਨਿਟਾਂ ਦੀ ਖ਼ਪਤ ਹੋਵੇਗੀ, ਉਸੇ ਦਾ ਬਿੱਲ ਭਰਨਾ ਪਵੇਗਾ। ਉਦਾਹਰਣ ਵਜੋਂ ਜੇਕਰ ਉਕਤ ਕੈਟਾਗਿਰੀਆਂ ਵਿਚੋਂ ਕਿਸੇ ਦਾ ਬਿੱਲ 650 ਯੂਨਿਟ ਦਾ ਬਣਦਾ ਹੈ ਤਾਂ ਉਸ ਨੂੰ ਸਿਰਫ਼ 50 ਯੂਨਿਟ ਦਾ ਹੀ ਭੁਗਤਾਨ ਕਰਨਾ ਪਵੇਗਾ।
ਇਸ ਵਿਚ ਮਹਿਕਮੇ ਵੱਲੋਂ ਕਈ ਤਰ੍ਹਾਂ ਦੀਆਂ ਸ਼ਰਤਾਂ ਰੱਖੀਆਂ ਗਈਆਂ ਹਨ, ਜਿਨ੍ਹਾਂ ਬਾਰੇ ਪਿਛਲੇ ਦਿਨੀਂ ਛਪੀ ਖ਼ਬਰ ਵਿਚ ਵਿਸਥਾਰਪੂਰਵਕ ਦੱਸਿਆ ਜਾ ਚੁੱਕਾ ਹੈ। ਪਿਛਲੇ ਦਿਨੀਂ ਛਪੀ ਖ਼ਬਰ ਦਾ ਲਿੰਕ ਹੇਠਾਂ ਦਿੱਤਾ ਗਿਆ ਹੈ, ਜਿਸ ਵਿਚ ਤੁਸੀਂ ਵਿਸਥਾਰ ਨਾਲ ਜਾਣਕਾਰੀ ਲੈ ਸਕਦੇ ਹੋ। 
ਇਹ ਵੀ ਪੜ੍ਹੋ:ਅਹਿਮ ਖ਼ਬਰ: ਐੱਸ. ਸੀ/ਬੀ. ਸੀ. ਸਣੇ ਇਨ੍ਹਾਂ ਖ਼ਪਤਕਾਰਾਂ ਨੂੰ ਨਹੀਂ ਮਿਲੇਗਾ 600 ਯੂਨਿਟ ਮੁਫ਼ਤ ਬਿਜਲੀ ਤੋਂ ਉਪਰ ਦਾ ਲਾਭ
ਹੁਣ ਜਿਹੜੀ ਗੱਲ ਸਾਹਮਣੇ ਆਈ ਹੈ, ਉਸ ਦੇ ਮੁਤਾਬਕ ਉਕਤ 4 ਕੈਟਾਗਿਰੀਆਂ ਨਾਲ ਸਬੰਧਤ ਪਰਿਵਾਰਾਂ ਦਾ ਕੋਈ ਵੀ ਵਿਅਕਤੀ ਪੇਸ਼ੇਵਰ ਸੰਸਥਾ ਵਿਚ ਡਾਕਟਰ, ਇੰਜੀਨੀਅਰ, ਵਕੀਲ, ਚਾਰਟਰਡ ਅਕਾਊਂਟੈਂਟ ਅਤੇ ਆਰਕੀਟੈਕਟ ਨਹੀਂ ਹੋਣਾ ਚਾਹੀਦਾ। ਇਸ ਵਿਚ ਇਹ ਬਦਲ ਦਿੱਤਾ ਗਿਆ ਹੈ ਕਿ ਜੇਕਰ ਉਕਤ ਵਿਅਕਤੀ ਵੱਲੋਂ ਇਨ੍ਹਾਂ ਕੰਮਾਂ ਨਾਲ ਸਬੰਧਤ ਡਿਗਰੀ ਆਦਿ ਹਾਸਲ ਕੀਤੀ ਹੋਈ ਹੈ ਪਰ ਉਹ ਪੇਸ਼ੇ ਵਜੋਂ ਇਸਤੇਮਾਲ ਨਹੀਂ ਕਰਦਾ ਤਾਂ ਉਹ ਲਾਭ ਲੈਣ ਦਾ ਹੱਕਦਾਰ ਹੋਵੇਗਾ। ਸਵੈ ਘੋਸ਼ਣਾ-ਪੱਤਰ ਦੇਣ ਵਾਲੇ ਨੂੰ ਇਹ ਗੱਲ ਯਕੀਨੀ ਬਣਾਉਣੀ ਹੋਵੇਗੀ ਕਿ ਜੇਕਰ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਇਨਕਮ ਟੈਕਸ ਅਦਾ ਕਰਨ ਦੇ ਘੇਰੇ ਵਿਚ ਆਉਂਦਾ ਹੈ ਜਾਂ ਘੋਸ਼ਣਾ-ਪੱਤਰ ਦੀ ਕਿਸੇ ਵੀ ਸ਼ਰਤ ਨੂੰ ਪੂਰਾ ਨਹੀਂ ਕਰਦਾ ਤਾਂ ਸਬੰਧਤ ਖ਼ਪਤਕਾਰ ਇਸ ਬਾਰੇ ਪਾਵਰਕਾਮ ਨੂੰ ਸੂਚਿਤ ਕਰੇਗਾ।
ਜਲੰਧਰ ਦੇ ਹਜ਼ਾਰਾਂ ਪਰਿਵਾਰ ਨਹੀਂ ਲੈ ਸਕਣਗੇ ਲਾਭ
600 ਯੂਨਿਟ ਤੋਂ ਉਪਰ ਦਾ ਲਾਭ ਲੈਣ ਲਈ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਹਨ, ਉਹ ਪੂਰੀਆਂ ਕਰਨਾ ਬਹੁਤ ਮੁਸ਼ਕਲ ਦੱਸਿਆ ਜਾ ਰਿਹਾ ਹੈ ਕਿਉਂਕਿ ਮੌਜੂਦਾ ਅਤੇ ਰਿਟਾਇਰਡ ਕਰਮਚਾਰੀ (ਦਰਜਾ-4 ਨੂੰ ਛੱਡ ਕੇ) ਦੇ ਪਰਿਵਾਰਾਂ ਦੀ ਗਿਣਤੀ ਹਜ਼ਾਰਾਂ ਵਿਚ ਬਣਦੀ ਹੈ, ਉਥੇ ਹੀ ਸਾਬਕਾ ਅਤੇ ਮੌਜੂਦਾ ਕੌਂਸਲਰ, ਪੰਚਾਇਤਾਂ ਦੇ ਚੇਅਰਮੈਨ ਅਤੇ ਹਜ਼ਾਰਾਂ ਅਜਿਹੇ ਪਰਿਵਾਰ ਹਨ, ਜਿਹੜੇ ਕਿ 10 ਹਜ਼ਾਰ ਤੋਂ ਉਪਰ ਪੈਨਸ਼ਨ ਲੈਂਦੇ ਹਨ। ਅਜਿਹੇ ਵਿਚ ਉਕਤ ਪਰਿਵਾਰ 600 ਯੂਨਿਟ ਤੋਂ ਉਪਰ ਦਾ ਲਾਭ ਲੈਣ ਵਾਲੇ ਘੇਰੇ ਵਿਚੋਂ ਬਾਹਰ ਹੋ ਜਾਣਗੇ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਏਸ਼ੀਆ ਦੇ 11 ਤੇ ਅਫ਼ਰੀਕਾ ਦੇ 21 ਦੇਸ਼ਾਂ ’ਚ ਵੀਜ਼ਾ ਦੇ ਬਿਨਾਂ ਦਾਖ਼ਲ ਹੋ ਸਕਣਗੇ ਭਾਰਤੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            