ਅਹਿਮ ਖ਼ਬਰ: ਐੱਸ. ਸੀ/ਬੀ. ਸੀ. ਸਣੇ ਇਨ੍ਹਾਂ ਖ਼ਪਤਕਾਰਾਂ ਨੂੰ ਨਹੀਂ ਮਿਲੇਗਾ 600 ਯੂਨਿਟ ਮੁਫ਼ਤ ਬਿਜਲੀ ਤੋਂ ਉਪਰ ਦਾ ਲਾਭ
Sunday, Jul 24, 2022 - 11:30 AM (IST)

ਜਲੰਧਰ (ਪੁਨੀਤ)– 2 ਮਹੀਨੇ ਦੇ ਆਉਣ ਵਾਲੇ ਬਿਜਲੀ ਦੇ ਬਿੱਲ ਮੁਤਾਬਕ 600 ਯੂਨਿਟ ਤੱਕ ਹਰ ਕੈਟਾਗਿਰੀ ਲਈ ਮੁਆਫ਼ ਕੀਤਾ ਗਿਆ ਹੈ, ਭਾਵੇਂ ਉਹ ਕਿਸੇ ਉੱਚ ਅਹੁਦੇ ’ਤੇ ਬੈਠਾ ਹੋਵੇ ਜਾਂ ਇਨਕਮ ਟੈਕਸ ਅਦਾ ਕਰ ਰਿਹਾ ਹੋਵੇ। ਉਕਤ ਖ਼ਪਤਕਾਰਾਂ ਨੂੰ ਇਸ ਤੋਂ ਉੱਪਰ ਬਿੱਲ ਆਉਣ ’ਤੇ ਪੂਰੇ ਬਿੱਲ ਦੀ ਅਦਾਇਗੀ ਕਰਨੀ ਹੋਵੇਗੀ। ਉਥੇ ਹੀ, ਐੱਸ. ਸੀ./ਬੀ. ਸੀ., ਬੀ. ਪੀ. ਐੱਲ. ਅਤੇ ਫਰੀਡਮ ਫਾਈਟਰਾਂ ਦੀਆਂ 3 ਕੈਟਾਗਿਰੀਆਂ ਵਾਲੇ ਪਰਿਵਾਰਾਂ ਨੂੰ ਇਸ ਵਿਚ ਰਾਹਤ ਦਿੱਤੀ ਗਈ ਹੈ। ਉਕਤ ਕੈਟਾਗਿਰੀ ਦੇ ਲੋਕਾਂ ਨੂੰ 600 ਯੂਨਿਟ ਤੱਕ ਬਿਜਲੀ ਪੂਰੀ ਤਰ੍ਹਾਂ ਮੁਆਫ਼ ਰਹੇਗੀ ਅਤੇ ਸਿਰਫ਼ ਇਸ ਤੋਂ ਉਪਰ ਦੇ ਬਿੱਲ ਦਾ ਭੁਗਤਾਨ ਕਰਨਾ ਹੋਵੇਗਾ ਪਰ ਇਸ ਦੇ ਲਈ ਉਕਤ ਕੈਟਾਗਿਰੀ ਦੇ ਲੋਕਾਂ ਨੂੰ ਸਵੈ-ਘੋਸ਼ਣਾ ਪੱਤਰ ਦੇਣਾ ਹੋਵੇਗਾ, ਜਿਸ ਵਿਚ ਕਈ ਨਿਯਮ ਅਤੇ ਸ਼ਰਤਾਂ ਲਾਈਆਂ ਗਈਆਂ ਹਨ।
ਇਨਕਮ ਟੈਕਸ ਅਦਾ ਕਰਨ ਵਾਲੇ ਐੱਸ. ਸੀ., ਬੀ. ਸੀ. ਅਤੇ ਫਰੀਡਮ ਫਾਈਟਰਾਂ ਦੇ ਪਰਿਵਾਰ 600 ਯੂਨਿਟ ਤੋਂ ਉਪਰ ਦਾ ਲਾਭ ਨਹੀਂ ਲੈ ਸਕਣਗੇ। ਇਸ ਤੋਂ ਇਲਾਵਾ ਵੀ ਕਈ ਕੈਟਾਗਿਰੀਆਂ ਦੇ ਖ਼ਪਤਕਾਰਾਂ ਨੂੰ 600 ਯੂਨਿਟ ਤੋਂ ਉਪਰ ਲਾਭ ਤੋਂ ਬਾਹਰ ਰੱਖਿਆ ਗਿਆ ਹੈ, ਜਿਸ ਵਿਚ ਵਿਧਾਇਕ, ਸਾਬਕਾ ਵਿਧਾਇਕ ਅਤੇ ਕੌਂਸਲਰ ਸਮੇਤ ਕਈ ਕੈਟਾਗਿਰੀਆਂ ਸ਼ਾਮਲ ਹਨ। ਉਥੇ ਹੀ, ਮੌਜੂਦਾ ਅਤੇ ਸਾਬਕਾ ਸਰਕਾਰੀ ਕਰਮਚਾਰੀਆਂ ’ਤੇ ਵੀ ਸ਼ਰਤਾਂ ਲਾਗੂ ਕੀਤੀਆਂ ਗਈਆਂ ਹਨ, ਜਦਕਿ ਦਰਜਾ ਚਾਰ ਕਰਮਚਾਰੀਆਂ ’ਤੇ ਸ਼ਰਤਾਂ ਵਿਚ ਰਾਹਤ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਏਸ਼ੀਆ ਦੇ 11 ਤੇ ਅਫ਼ਰੀਕਾ ਦੇ 21 ਦੇਸ਼ਾਂ ’ਚ ਵੀਜ਼ਾ ਦੇ ਬਿਨਾਂ ਦਾਖ਼ਲ ਹੋ ਸਕਣਗੇ ਭਾਰਤੀ
ਮੁਫ਼ਤ ਬਿਜਲੀ ਦੀ ਸਹੂਲਤ ਸਬੰਧੀ ਜਾਰੀ ਹੋਏ ਸਰਕੁਲਰ ਵਿਚ ਜਨਰਲ ਕੈਟਾਗਿਰੀ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਪਹਿਲਾਂ ਕਿਆਫੇ ਲਾਏ ਜਾ ਰਹੇ ਸਨ ਕਿ 2 ਕਿਲੋਵਾਟ ਤੋਂ ਉਪਰ ਵਾਲੇ ਜਨਰਲ ਕੈਟਾਗਿਰੀ ਦੇ ਖ਼ਪਤਕਾਰਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਵਾਲੀ ਕੈਟਾਗਿਰੀ ਵਿਚੋਂ ਬਾਹਰ ਰੱਖਿਆ ਜਾਵੇਗਾ ਪਰ ਸਰਕੁਲਰ ਵਿਚ ਅਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ। ਮਹਿਕਮੇ ਵੱਲੋਂ ਜਾਰੀ ਕੀਤੇ ਮੀਮੋ ਨੰਬਰ 233/238/ਐੱਸ. ਵੀ. 190 ਮੁਤਾਬਕ ਜਨਰਲ ਕੈਟਾਗਿਰੀ ਨੂੰ ਬਿਨਾਂ ਕਿਸੇ ਸ਼ਰਤ ਦੇ 600 ਯੂਨਿਟ (2 ਮਹੀਨੇ) ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾਵੇਗੀ।
ਸਰਕੁਲਰ ਦੀ ਡਿਟੇਲ ਮੁਤਾਬਕ 600 ਯੂਨਿਟ ਤੋਂ ਉਪਰ ਦਾ ਲਾਭ ਲੈਣ ਵਾਲੇ 3 ਕੈਟਾਗਿਰੀਆਂ ਦੇ ਖ਼ਪਤਕਾਰਾਂ ਨੂੰ ਸਵੈ-ਘੋਸ਼ਣਾ ਪੱਤਰ ਮੁਤਾਬਕ ਦੱਸਣਾ ਹੋਵੇਗਾ ਕਿ ਉਸ ਦੇ ਪਰਿਵਾਰ ਨਾਲ ਸਬੰਧਤ ਕਿਸੇ ਵੀ ਵਿਅਕਤੀ ਵੱਲੋਂ ਵਿੱਤੀ ਸਾਲ ਵਿਚ ਇਨਕਮ ਟੈਕਸ ਅਦਾ ਨਹੀਂ ਕੀਤਾ ਗਿਆ। ਇਸ ਵਿਚ ਅਹਿਮ ਗੱਲ ਇਹ ਹੈ ਕਿ ਮੀਟਰ ਕਿਸੇ ਦੇ ਨਾਂ ’ਤੇ ਵੀ ਹੋਵੇ ਪਰ ਜੇਕਰ ਪਰਿਵਾਰ ਵਿਚ ਕੋਈ ਵੀ ਵਿਅਕਤੀ ਇਨਕਮ ਟੈਕਸ ਅਦਾ ਕਰਦਾ ਹੈ ਤਾਂ ਉਸ ਨੂੰ ਦੱਸਣਾ ਪਵੇਗਾ। ਇਸ ਕਾਰਨ ਜੇਕਰ ਕੋਈ ਵੀ ਵਿਅਕਤੀ ਇਨਕਮ ਟੈਕਸ ਅਦਾ ਕਰਦਾ ਹੈ ਤਾਂ ਉਹ ਪਰਿਵਾਰ 600 ਯੂਨਿਟ ਤੋਂ ਉਪਰ ਲਾਭ ਨਹੀਂ ਲੈ ਸਕੇਗਾ।
ਇਹ ਲਾਭ ਲੈਣ ਲਈ ਭਰੇ ਜਾਣ ਵਾਲੇ ਸਵੈ-ਘੋਸ਼ਣ ਪੱਤਰ ਦੇ ਇਕ ਕਾਲਮ ਵਿਚ ਭਰਨਾ ਹੋਵੇਗਾ ਕਿ ਜੇਕਰ ਸਬੰਧਤ ਮੀਟਰ ਦੇ ਪਰਿਵਾਰ ਦਾ ਕੋਈ ਵੀ ਵਿਅਕਤੀ ਇਨਕਮ ਟੈਕਸ ਦੇ ਘੇਰੇ ਵਿਚ ਆਵੇਗਾ, ਉਸਨੂੰ ਬਿਜਲੀ ਦਫ਼ਤਰ ਵਿਚ ਇਸ ਦੀ ਸੂਚਨਾ ਦੇਣਾ ਯਕੀਨੀ ਬਣਾਉਣਾ ਹੋਵੇਗਾ। ਇਸ ਵਿਚ ਇਹ ਵੀ ਸ਼ਰਤ ਰੱਖੀ ਗਈ ਹੈ ਕਿ ਕਿਸੇ ਵੀ ਸੰਵਿਧਾਨਿਕ ਅਹੁਦੇ ’ਤੇ ਬੈਠੇ ਵਿਅਕਤੀ ਦੇ ਪਰਿਵਾਰ ਨੂੰ 600 ਯੂਨਿਟ ਤੋਂ ਉਪਰ ਲਾਭ ਨਹੀਂ ਮਿਲ ਸਕਣਗੇ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਪੰਜਾਬ ਪੁਲਸ ਹੈੱਡ ਕਾਂਸਟੇਬਲ ’ਚ ਭਰਤੀ ਲਈ ਲਿਖ਼ਤੀ ਪ੍ਰੀਖਿਆ ਦੇਣ ਵਾਲੇ ਬਿਨੈਕਾਰਾਂ ਨੂੰ ਵੱਡਾ ਝਟਕਾ
ਉਥੇ ਹੀ, ਮੌਜੂਦਾ ਜਾਂ ਸਾਬਕਾ ਮੰਤਰੀ, ਵਿਧਾਇਕ, ਕੌਂਸਲਰ, ਮੇਅਰ, ਜ਼ਿਲਾ ਪੰਚਾਇਤਾਂ ਦਾ ਮੌਜੂਦਾ ਜਾਂ ਸਾਬਕਾ ਚੇਅਰਮੈਨ ਵੀ 600 ਤੋਂ ਉਪਰ ਵਾਲੀ ਕੈਟਾਗਰੀ ਵਿਚੋਂ ਬਾਹਰ ਰਹਿਣਗੇ। ਇਸ ਵਿਚ ਦੱਸਿਆ ਗਿਆ ਹੈ ਕਿ ਕੇਂਦਰ ਜਾਂ ਸੂਬਾ ਸਰਕਾਰ ਦੇ ਦਫਤਰਾਂ, ਵਿਭਾਗ ਜਾਂ ਫੀਲਡ ਇਕਾਈਆਂ ਦਾ ਮੌਜੂਦਾ ਜਾਂ ਸਾਬਕਾ ਕਰਮਚਾਰੀ ਇਸ ਕੈਟਾਗਰੀ ਵਿਚੋਂ ਬਾਹਰ ਰਹਿਣਗੇ। ਮਲਟੀ-ਟਾਸਕਿੰਗ ਸਟਾਫ, ਦਰਜਾ 4 ਕਰਮਚਾਰੀਆਂ ਦੇ ਪਰਿਵਾਰਾਂ ਨੂੰ 600 ਯੂਨਿਟ ਦੀ ਉਪਰ ਦੀ ਸਹੂਲਤ ਮਿਲ ਸਕੇਗੀ। ਉਥੇ ਹੀ, ਜਨਰਲ ਕੈਟਾਗਰੀ ਅਤੇ 600 ਯੂਨਿਟ ਤੱਕ ਦਾ ਲਾਭ ਲੈਣ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਘੋਸ਼ਣਾ ਪੱਤਰ ਦੇਣ ਦੀ ਲੋੜ ਨਹੀਂ ਹੈ।
10 ਹਜ਼ਾਰ ਤੋਂ ਉਪਰ ਪੈਨਸ਼ਨ ਵਾਲੇ ਪਰਿਵਾਰ ਵੀ ਕੈਟਾਗਿਰੀ ’ਚੋਂ ਬਾਹਰ
ਸਰਕੁਲਰ ਮੁਤਾਬਕ 10 ਹਜ਼ਾਰ ਤੋਂ ਵੱਧ ਪੈਨਸ਼ਨ ਵਾਲੇ ਪਰਿਵਾਰਾਂ ਨੂੰ ਵੀ 600 ਯੂਨਿਟ ਤੋਂ ਉਪਰ ਦੇ ਲਾਭ ਵਾਲੀ ਕੈਟਾਗਿਰੀ ਵਿਚੋਂ ਬਾਹਰ ਰੱਖਿਆ ਗਿਆ ਹੈ। ਇਸ ਦੇ ਮੁਤਾਬਕ ਸਵੈ-ਘੋਸ਼ਣਾ ਪੱਤਰ ਵਿਚ ਇਹ ਵੀ ਦੱਸਣਾ ਹੋਵੇਗਾ ਕਿ ਉਕਤ ਪਰਿਵਾਰ ਦੀ ਮਹੀਨੇ ਦੀ ਪੈਨਸ਼ਨ 10 ਹਜ਼ਾਰ ਤੋਂ ਉਪਰ ਨਹੀਂ ਹੈ। ਦਰਜਾ ਚਾਰ ਕਰਮਚਾਰੀਆਂ ’ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ ਪਰ ਹੋਰ ਸਾਰੇ ਤਰ੍ਹਾਂ ਦੇ ਲੋਕ ਇਸ ਘੇਰੇ ਵਿਚ ਆਉਣਗੇ। ਇਸ ਕਾਰਨ ਸਰਕਾਰੀ ਨੌਕਰੀ ਤੋਂ ਰਿਟਾਇਰਡ ਲਗਭਗ ਸਾਰੇ ਲੋਕ ਇਸ ਕੈਟਾਗਰੀ ਦਾ ਲਾਭ ਨਹੀਂ ਲੈ ਸਕਣਗੇ। ਇਹ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸੇ ਪਰਿਵਾਰ ਵਿਚ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਜ਼ਰੀਏ ਆਉਣ ਵਾਲੀ ਪੈਨਸ਼ਨ ਦੀ ਰਾਸ਼ੀ 10 ਹਜ਼ਾਰ ਤੋਂ ਉਪਰ ਬਣਦੀ ਹੈ ਤਾਂ ਉਹ ਵੀ ਇਸ ਕੈਟਾਗਿਰੀ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਣਗੇ।
ਇਹ ਵੀ ਪੜ੍ਹੋ: ਫਿਲੌਰ 'ਚ ਸ਼ਰਮਨਾਕ ਘਟਨਾ, 14 ਸਾਲਾ ਕੁੜੀ ਨੂੰ ਘਰ 'ਚ ਬੰਦੀ ਬਣਾ ਕੇ ਕੀਤਾ ਜਬਰ-ਜ਼ਿਨਾਹ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ