ਮੋਗਾ: ਹੜ੍ਹ ਨੂੰ ਲੈ ਕੇ ਸਰਕਾਰ 'ਤੇ ਭੜਕੇ ਭਗਵੰਤ ਮਾਨ (ਵੀਡੀਓ)
Sunday, Aug 25, 2019 - 10:25 AM (IST)
ਧਰਮਕੋਟ (ਦਵਿੰਦਰ ਅਕਾਲੀਆਂ ਵਾਲਾ)—ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਅੱਜ ਸਤਲੁਜ ਦਰਿਆ ਦੇ ਹੜ੍ਹ ਪੀੜਤ ਇਲਾਕਿਆਂ ਦਾ ਦੌਰਾ ਕਰਨ ਲਈ ਪੁੱਜੇ। ਉਨ੍ਹਾਂ ਨੇ ਮੇਲਕ ਕੰਗਾਂ, ਮੰਦਰ, ਕੌਡੀਵਾਲਾ, ਕੰਬੋ ਕਲਾਂ, ਕੰਬੋ, ਭੈਣੀ, ਸ਼ੇਰੇਵਾਲਾ, ਬੱਗੇ ਆਦਿ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਫ਼ਰੀਦਕੋਟ ਅਧੀਨ ਆਉਂਦੇ ਇਸ ਇਲਾਕੇ ਦੇ ਐੱਮ. ਪੀ. ਮੁਹੰਮਦ ਸਦੀਕ ਨੇ ਅਜੇ ਤੱਕ ਹੜ੍ਹ ਪੀੜਤਾਂ ਦਾ ਕੋਈ ਦੁੱਖੜਾ ਸੁਣਨ ਲਈ ਇੱਥੇ ਪਹੁੰਚ ਨਹੀਂ ਕੀਤੀ, ਜਿਸ ਕਾਰਣ ਇਲਾਕੇ ਦੇ ਲੋਕਾਂ 'ਚ ਰੋਸ ਦੇਖਣ ਨੂੰ ਮਿਲਿਆ। ਭਗਵੰਤ ਮਾਨ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ 73 ਵਰ੍ਹੇ ਆਜ਼ਾਦੀ ਮਿਲੀ ਨੂੰ ਹੋ ਗਏ ਹਨ ਪਰ ਅਜੇ ਤੱਕ ਲੋਕਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਦੇਸ਼ ਦੀ ਹਕੂਮਤ ਕਾਂਗਰਸ ਅਤੇ ਭਾਜਪਾ ਹੱਥ ਰਹੀ ਹੈ, ਜਦਕਿ ਸੂਬੇ 'ਤੇ ਅਕਾਲੀ ਦਲ ਅਤੇ ਕਾਂਗਰਸ ਨੇ ਲੰਬਾ ਸਮਾਂ ਰਾਜ ਕੀਤਾ ਪਰ ਅਜੇ ਤੱਕ ਬੰਨ੍ਹ ਪੱਕੇ ਨਹੀਂ ਬਣ ਸਕੇ। ਉਨ੍ਹਾਂ ਆਖਿਆ ਕਿ ਦਿੱਲੀ ਸਰਕਾਰ ਨੇ ਕੁਦਰਤੀ ਆਫ਼ਤਾਂ ਨਾਲ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 20 ਹਜ਼ਾਰ ਰੁਪਏ ਮੁਆਵਜ਼ਾ ਤੈਅ ਕੀਤਾ ਹੈ, ਜਦਕਿ ਪੰਜਾਬ ਇਕ ਖੇਤੀ ਪ੍ਰਧਾਨ ਸੂਬਾ ਹੈ, ਪੰਜਾਬ ਸਰਕਾਰ ਦਿੱਲੀ ਸਰਕਾਰ ਤੋਂ ਦੁੱਗਣਾ ਮੁਆਵਜ਼ਾ ਕਿਸਾਨਾਂ ਨੂੰ ਦਵੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਸੰਸਦ ਮੈਂਬਰ ਸਾਧੂ ਸਿੰਘ, ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂੰਕੇ, ਨਵਦੀਪ ਸਿੰਘ ਸੰਘਾ ਸੀਨੀਅਰ ਆਗੂ, ਸੰਜੀਵ ਕੋਛੜ ਹਲਕਾ ਇੰਚਾਰਜ ਧਰਮਕੋਟ, ਨਸੀਬ ਸਿੰਘ ਬਾਵਾ ਤੋਂ ਇਲਾਵਾ ਹਲਕੇ ਧਰਮਕੋਟ ਦੀ ਸਮੁੱਚੀ ਆਮ ਆਦਮੀ ਦੀ ਟੀਮ ਹਾਜ਼ਰ ਸੀ।
ਰੇਤ ਮਾਫੀਆ ਅਕਾਲੀ -ਭਾਜਪਾ ਸਰਕਾਰ ਦੀ ਦੇਣ
ਮਾਨ ਨੇ ਆਖਿਆ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਹ ਰਾਗ ਅਲਾਪ ਰਹੇ ਹਨ ਕਿ ਰੇਤ ਮਾਫੀਆ ਕਾਰਣ ਹੜ੍ਹਾਂ ਵਰਗੇ ਹਾਲਾਤ ਪੈਦਾ ਹੋਏ ਹਨ, ਜਦਕਿ ਇਹ ਰੇਤ ਮਾਫੀਆ ਉਨ੍ਹਾਂ ਦੀ ਸਰਕਾਰ ਦੇ ਸਮੇਂ ਦੀ ਦੇਣ ਹੈ, ਜੋ ਅੱਜ ਵੀ ਬੇਖੌਫ ਹੋ ਕੇ ਕੈਪਟਨ ਸਰਕਾਰ ਦੇ ਰਾਜ 'ਚ ਇਸ ਧੰਦੇ ਨੂੰ ਚਲਾ ਰਿਹਾ ਹੈ। ਉਨ੍ਹਾਂ ਆਖਿਆ ਕਿ ਉਹ ਇਸ ਮੁੱਦੇ ਨੂੰ ਲੈ ਕੇ ਸੰਸਦ 'ਚ ਆਵਾਜ਼ ਉਠਾਉਣਗੇ। ਕੇਂਦਰ 'ਚ ਅਕਾਲੀ ਦਲ ਦੀ ਭਾਈਵਾਲੀ ਸਰਕਾਰ ਹੈ ਅਤੇ ਅਕਾਲੀ ਦਲ ਬਾਦਲ ਨੂੰ ਪੰਜਾਬ ਲਈ ਰਾਹਤ ਪੈਕੇਜ ਦਿਵਾਉਣ ਲਈ ਕੇਂਦਰ 'ਤੇ ਦਬਾਅ ਪਾਉਣਾ ਚਾਹੀਦਾ ਹੈ। ਹੁਣ ਉਹ ਦਿਨ ਦੂਰ ਨਹੀਂ, ਜਦ ਲੋਕਾਂ ਦੇ ਸਬਰ ਦਾ ਵੀ ਬੰਨ੍ਹ ਵੀ ਟੁੱਟਣ ਵਾਲਾ ਹੈ ਅਤੇ ਰਵਾਇਤੀ ਪਾਰਟੀਆਂ ਤੋਂ ਲੋਕ ਕਿਨਾਰਾ ਕਰ ਜਾਣਗੇ।