ਪੰਜਾਬ ਸਰਕਾਰ ਦੀ ਇਕ ਹੋਰ ਵੱਡੀ ਪ੍ਰਾਪਤੀ, ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ ਸੂਬੇ ਦੀਆਂ ਯੂਨੀਵਰਸਿਟੀਆਂ ਦੀ ਝੰਡੀ

Sunday, Jun 04, 2023 - 05:33 PM (IST)

ਚੰਡੀਗੜ੍ਹ : ਉੱਤਰ ਪ੍ਰਦੇਸ਼ ਵਿੱਚ ਸ਼ੁਰੂ ਹੋਈਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਝੰਡੀ ਰਹੀ। ਅੰਤਿਮ ਤਮਗਾ ਸੂਚੀ ਵਿੱਚ ਪਹਿਲੇ ਪੰਜ ਸਥਾਨਾਂ ਵਿੱਚ ਪੰਜਾਬ ਦੀਆਂ ਚਾਰ ਯੂਨੀਵਰਸਿਟੀਆਂ ਨੇ ਸਥਾਨ ਮੱਲਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਓਵਰ ਆਲ ਚੈਂਪੀਅਨ ਬਣੀ ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਉਪ ਜੇਤੂ ਰਹੀ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਚੌਥਾ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ ਨੇ ਪੰਜਵਾਂ ਸਥਾਨ ਹਾਸਲ ਕੀਤਾ।

ਇਹ ਵੀ ਪੜ੍ਹੋ- ਸਿੱਧੂ ਤੇ ਮਜੀਠੀਆ ਦੀ ਜੱਫੀ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਿੱਖਾ ਤੰਜ, ਆਖੀ ਵੱਡੀ ਗੱਲ

ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਸਾਰੇ ਜੇਤੂ ਖਿਡਾਰੀਆਂ ਤੇ ਯੂਨੀਵਰਸਿਟੀਆਂ ਨੂੰ ਮੁਬਾਰਕਬਾਦ ਦਿੰਦਿਆਂ ਇਸ ਦਾ ਸਿਹਰਾ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਕੋਚਾਂ ਅਤੇ ਯੂਨੀਵਰਸਿਟੀਆਂ ਦੇ ਉੱਚ ਅਧਿਕਾਰੀਆਂ ਤੇ ਖੇਡ ਵਿਭਾਗਾਂ ਸਿਰ ਬੰਨ੍ਹਿਆ। ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਮੁੜ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਦੀਆਂ ਕੋਸ਼ਿਸਾਂ ਦੌਰਾਨ ਇਹ ਇਕ ਵੱਡੀ ਪੁਲਾਂਘ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਿਡਾਰੀਆਂ ਵਿੱਚ ਅਥਾਹ ਸਮਰੱਥਾ ਹੈ, ਬਸ ਸਿਰਫ਼ ਲੋੜ ਹੈ ਉਨ੍ਹਾਂ ਦੇ ਹੁਨਰ ਨੂੰ ਪਛਾਣ ਕੇ ਤਰਾਸ਼ਣ ਦੀ। ਮੁੱਖ ਮੰਤਰੀ ਦੇ ਨਿਰਦੇਸ਼ਾਂ ਤਹਿਤ ਸੂਬੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਰਾਹੀਂ ਖਿਡਾਰੀਆਂ ਨੂੰ ਅੱਗੇ ਵਧਣ ਦਾ ਮੰਚ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ- ਫਿਰੋਜ਼ਪੁਰ 'ਚ ਵਾਪਰਿਆ ਦਰਦਨਾਕ ਹਾਦਸਾ, ਡਿਊਟੀ ਤੋਂ ਪਰਤ ਰਹੀ ਮਹਿਲਾ ਪ੍ਰੋਫੈਸਰ ਨੂੰ ਟਰੈਕਟਰ-ਟਰਾਲੀ ਨੇ ਦਰੜਿਆ

ਉੱਤਰ ਪ੍ਰਦੇਸ਼ ਵਿਖੇ ਬੀਤੀ ਸ਼ਾਮ ਸਮਾਪਤ ਹੋਈਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਦੀ ਤਮਗਾ ਸੂਚੀ ਵਿੱਚ ਪਹਿਲੇ ਸਥਾਨ 'ਤੇ ਆਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ 26 ਸੋਨੇ, 17 ਚਾਂਦੀ ਤੇ 26 ਕਾਂਸੀ ਦੇ ਤਮਗਿਆਂ ਨਾਲ ਕੁੱਲ 69 ਤਮਗੇ ਜਿੱਤੇ। ਇਸੇ ਤਰ੍ਹਾਂ ਦੂਜੇ ਸਥਾਨ 'ਤੇ ਆਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ 24 ਸੋਨੇ, 27 ਚਾਂਦੀ ਤੇ 17 ਕਾਂਸੀ ਦੇ ਤਮਗਿਆਂ ਨਾਲ ਕੁੱਲ 68 ਤਮਗੇ, ਚੌਥੇ ਸਥਾਨ 'ਤੇ ਆਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 12 ਸੋਨੇ, 14 ਚਾਂਦੀ ਤੇ 8 ਕਾਂਸੀ ਦੇ ਤਮਗਿਆਂ ਨਾਲ ਕੁੱਲ 34 ਤਮਗੇ ਅਤੇ ਪੰਜਵੇਂ ਸਥਾਨ 'ਤੇ ਆਈ ਗੁਰੂ ਕਾਸ਼ੀ ਯੂਨੀਵਰਸਿਟੀ ਦਮਦਮਾ ਸਾਹਿਬ ਨੇ 9 ਸੋਨੇ, 10 ਚਾਂਦੀ ਤੇ 9 ਕਾਂਸੀ ਦੇ ਤਮਗਿਆਂ ਨਾਲ ਕੁੱਲ 28 ਤਮਗੇ ਜਿੱਤੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News