ਇੱਕ ਪਾਸੇ ਕੋਰੋਨਾ ਦਾ ਕਹਿਰ ਤੇ ਦੂਜਾ ਕਿਸਾਨਾਂ ਨੂੰ ਖਰਾਬ ਮੌਸਮ ਦੀ ਪੈ ਰਹੀ ਮਾਰ

04/20/2020 5:07:17 PM

ਸੁਲਤਾਨਪੁਰ ਲੋਧੀ (ਸੋਢੀ) : ਇੱਕ ਪਾਸੇ ਪੂਰੀ ਦੁਨੀਆਂ 'ਚ ਫੈਲ ਰਹੀ ਕੋਰੋਨਾ ਮਹਾਂਮਾਰੀ ਦਾ ਕਹਿਰ ਹੈ ਤੇ ਦੂਜੇ ਪਾਸੇ ਕਣਕ ਦੀ ਫਸਲ ਸੰਭਾਲ ਰਹੇ ਕਿਸਾਨਾਂ ਨੂੰ ਖੁਰਾਬ ਹੋਏ ਮੌਸਮ ਦੀ ਭਾਰੀ ਮਾਰ ਸਹਿਣੀ ਪੈ ਰਹੀ ਹੈ। ਦੋ ਦਿਨ ਪਹਿਲਾਂ ਹੋਈ ਬਾਰਸ਼ ਤੋਂ ਬਾਅਦ ਧੁੱਪਾਂ ਲੱਗਣ ਤੋਂ ਬਾਅਦ ਕਿਸਾਨਾਂ ਵਲੋ ਕੰਬਾਈਨਾਂ ਨਾਲ ਕਣਕ ਦੀ ਫਸਲ ਸੰਭਾਲਣ ਲਈ ਅੱਜ ਜੋਰ ਫੜ੍ਹਿਆ ਸੀ ਕਿ ਮੁੜ ਮੌਸਮ ਖਰਾਬ ਹੋ ਗਿਆ ਤੇ ਅਸਮਾਨ 'ਤੇ ਛਾਏ ਸੰਘਣੇ ਨੀਲੇ ਬੱਦਲ ਦੇਖ ਕੇ ਵਾਢੀ ਕਰ ਰਹੇ ਕਿਸਾਨਾਂ ਦੇ ਸਾਹ ਸੂਤੇ ਗਏ। ਅੱਜ ਦੁਪਹਿਰ ਸਮੇ ਸੁਲਤਾਨਪੁਰ ਲੋਧੀ, ਲੋਹੀਆਂ ਤੇ ਹੋਰਨਾਂ ਇਲਾਕਿਆਂ 'ਚ ਬਾਰਸ਼ ਨਾਲ ਤੇਜ਼ ਹਨ੍ਹੇਰੀ ਆਉਣ ਕਾਰਨ ਇੱਕ ਵਾਰ ਫਿਰ ਕਣਕ ਦੀ ਵਾਢੀ ਦਾ ਕੰਮ ਜਿੱਥੇ ਰੁਕ ਗਿਆ, ਉੱਥੇ ਆੜ੍ਹਤੀਆਂ ਤੋਂ ਮਿਲੇ ਪਾਸ ਅਨੁਸਾਰ ਅਨਾਜ ਮੰਡੀਆਂ 'ਚ ਕਣਕ ਦੀਆਂ ਢੇਰੀਆਂ ਲਗਵਾ ਕੇ ਬੈਠੇ ਕਿਸਾਨਾਂ ਨੂੰ ਵੀ ਦੋਹਰੀ ਮਾਰ ਪੈ ਰਹੀ ਹੈ ।

ਇੱਕ ਪਾਸੇ ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਪ੍ਰਕੋਪ ਕਾਰਨ ਕਿਸਾਨ ਦਹਿਸ਼ਤ ਭਰੇ ਸਮੇਂ 'ਚੋਂ ਲੰਘ ਰਹੇ ਹਨ ਤੇ ਦੂਜੇ ਪਾਸੇ ਬੇਮੌਸਮੀ ਬਾਰਸ਼ ਕਾਰਨ ਕਣਕ ਦੀਆਂ ਢੇਰੀਆਂ 'ਚ ਨਮੀ ਹੋਰ ਵੱਧ ਰਹੀ ਹੈ, ਜਿਸ ਕਾਰਨ ਮੰਡੀਆਂ 'ਚ ਕਿਸਾਨਾਂ ਨੂੰ ਹੁਣ ਕੁਝ ਹੋਰ ਦਿਨ ਫਸਲ ਸੁਕਾਉਣ ਲਈ ਲੱਗ ਸਕਦੇ ਹਨ। ਦਾਣਾ ਮੰਡੀ ਸੁਲਤਾਨਪੁਰ ਲੋਧੀ ਦੇ ਕੁਝ ਆੜ੍ਹਤੀਆਂ ਵਲੋ ਦੱਬੀ ਜ਼ੁਬਾਨ 'ਚ ਬਾਰਦਾਨਾ ਨਾ ਮਿਲਣ ਦੇ ਦੋਸ਼ ਵੀ ਲਗਾਏ ਹਨ ਤੇ ਬਾਰਦਾਨਾ ਦੇਣ ਸਮੇ ਪੱਖਪਾਤ ਹੋਣ ਦੇ ਦੋਸ਼ ਲੱਗ ਰਹੇ ਹਨ ।


Babita

Content Editor

Related News