ਡਿਫਾਲਟਰ ਕਿਸਾਨਾਂ ਤੋਂ ਹਰ ਹਾਲਤ ''ਚ ਕਰਜ਼ਾ ਵਸੂਲੋ
Sunday, Mar 04, 2018 - 08:06 AM (IST)

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦਾ ਐਲਾਨ ਕਰਨ ਦੇ ਨਾਲ ਕਿਸਾਨਾਂ ਵਲੋਂ ਬੈਂਕਾਂ ਵਿਚ ਆਪਣੇ ਕਰਜ਼ੇ ਦੀ ਕਿਸ਼ਤ ਜਾਂ ਲਿਮਟ ਦੀ ਰਾਸ਼ੀ ਭਰਵਾਉਣੀ ਬੰਦ ਕਰ ਦਿੱਤੀ ਗਈ, ਜਿਸ ਕਾਰਨ ਕਈ ਕਿਸਾਨ ਡਿਫਾਲਟਰ ਹੋ ਗਏ ਪਰ ਹੁਣ ਸਹਿਕਾਰਤਾ ਵਿਭਾਗ ਨੇ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਉਹ ਡਿਫਾਲਟਰ ਕਿਸਾਨਾਂ ਤੋਂ ਹਰ ਹਾਲਤ ਵਿਚ ਕਰਜ਼ਾ ਵਸੂਲਣ।
ਜਾਣਕਾਰੀ ਅਨੁਸਾਰ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਜ਼ਿਲਾ ਲੁਧਿਆਣਾ ਵਿਖੇ ਹੋਈ, ਜਿਸ ਵਿਚ ਇਲਾਕੇ ਦੀਆਂ ਸਾਰੀਆਂ ਸਭਾਵਾਂ ਦੇ ਸਕੱਤਰਾਂ ਨੂੰ ਮੀਟਿੰਗ ਵਿਚ ਬੁਲਾਇਆ ਗਿਆ। ਮੀਟਿੰਗ 'ਚ ਮੌਜੂਦ ਅਧਿਕਾਰੀਆਂ ਨੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਕਿ ਜਿਹੜੇ ਕਿਸਾਨਾਂ ਨੇ ਸਰਕਾਰ ਦੇ ਕਰਜ਼ਾ ਮੁਆਫੀ ਦੇ ਐਲਾਨ ਕਾਰਨ ਸਭਾਵਾਂ ਦੀ ਕਿਸ਼ਤ ਅਦਾ ਨਹੀਂ ਕੀਤੀ, ਉਨ੍ਹਾਂ ਤਕ ਪਹੁੰਚ ਕਰਕੇ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਸਰਕਾਰ ਨੇ ਕੇਵਲ ਢਾਈ ਏਕੜ ਤਕ ਦੇ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜ਼ਾ ਮੁਆਫ ਕੀਤਾ ਹੈ ਤੇ ਜਿਹੜੇ ਕਿਸਾਨ ਇਸ ਯੋਜਨਾ ਅਧੀਨ ਨਹੀਂ ਆਉਂਦੇ ਉਹ ਆਪਣੀ ਕਰਜ਼ੇ ਦੀ ਰਾਸ਼ੀ ਸਹਿਕਾਰੀ ਸਭਾਵਾਂ ਵਿਚ ਜਮ੍ਹਾ ਕਰਵਾਉਣ।
ਕਰਜ਼ਾ ਮੁਆਫੀ ਦੇ ਐਲਾਨ ਕਾਰਨ ਖੇਤੀਬਾੜੀ ਸਹਿਕਾਰੀ ਸਭਾਵਾਂ ਦੀ ਕਰਜ਼ਾ ਰਿਕਵਰੀ ਦੇ ਹਾਲਾਤ ਇਹ ਹਨ ਕਿ ਕਈ ਸਭਾਵਾਂ ਵਿਚ ਤਾਂ 50 ਫੀਸਦੀ ਤੋਂ ਲੈ ਕੇ 30 ਫੀਸਦੀ ਕਿਸਾਨ ਡਿਫਾਲਟਰ ਹੋ ਚੁੱਕੇ ਹਨ ਤੇ ਇਹ ਡਿਫਾਲਟਰਾਂ ਤੋਂ ਕਰਜ਼ਾ ਵਸੂਲੀ ਕਰਨਾ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੇ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਕਿ ਬੇਸ਼ੱਕ ਡਿਫਾਲਟਰ ਕਿਸਾਨਾਂ ਨਾਲ ਕੁਝ ਸਖ਼ਤੀ ਨਾਲ ਪੇਸ਼ ਆਇਆ ਜਾਵੇ, ਹਰ ਹਾਲਤ ਵਿਚ ਉਨ੍ਹਾਂ ਤੋਂ ਕਰਜ਼ੇ ਦੀ ਵਸੂਲੀ ਕੀਤੀ ਜਾਵੇ।
ਕਿਸਾਨਾਂ ਦਾ ਕਹਿਣਾ, 'ਕੈਪਟਨ ਨੇ ਕਰ ਦਿੱਤਾ ਹੈ ਕਰਜ਼ਾ ਮੁਆਫ'
ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਨੇ ਆਪਣਾ ਨਾਂ ਨਾ ਛਾਪਣ ਦੀ ਸੂਰਤ ਵਿਚ ਦੱਸਿਆ ਕਿ ਬੇਸ਼ੱਕ ਉਹ ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਕਰਜ਼ਾ ਵਸੂਲੀ ਲਈ ਕਿਸਾਨਾਂ 'ਤੇ ਦਬਾਅ ਵੀ ਬਣਾ ਰਹੇ ਹਨ ਪਰ ਜਦੋਂ ਵੀ ਉਹ ਵਸੂਲੀ ਲਈ ਜਾਂਦੇ ਹਨ ਤਾਂ ਕਿਸਾਨਾਂ ਦਾ ਕਹਿਣਾ ਹੁੰਦਾ ਹੈ ਕਿ ਕੈਪਟਨ ਨੇ ਉਨ੍ਹਾਂ ਦਾ ਕਰਜ਼ਾ ਮੁਆਫ ਕਰ ਦਿੱਤਾ ਹੈ ਤੇ ਪਹਿਲੇ ਪੜਾਅ ਤਹਿਤ ਢਾਈ ਏਕੜ ਵਾਲੇ ਕਿਸਾਨਾਂ ਦਾ 2 ਲੱਖ ਰੁਪਏ ਦਾ ਕਰਜ਼ਾ ਮੁਆਫ ਹੋਇਆ ਹੈ ਤੇ ਅਗਲੇ ਪੜਾਅ ਵਿਚ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨਾਲ ਵਾਅਦੇ ਤਾਂ ਸਰਕਾਰ ਕਰ ਰਹੀ ਹੈ ਤੇ ਹੁਣ ਕਰਜ਼ਾ ਵਸੂਲੀ ਲਈ ਕਿਸਾਨਾਂ ਨਾਲ ਝਗੜਾ ਕਰਨ ਤੇ ਗਾਲ੍ਹਾਂ ਖਾਣ ਲਈ ਸਕੱਤਰਾਂ ਨੂੰ ਅੱਗੇ ਕਰ ਦਿੱਤਾ ਗਿਆ ਹੈ। ਇਸ ਲਈ ਜੇਕਰ ਕਾਂਗਰਸ ਸਰਕਾਰ ਦੇ ਲੀਡਰ ਹੀ ਕਿਸਾਨਾਂ ਨੂੰ ਕਹਿਣ ਕਿ ਉਨ੍ਹਾਂ ਦਾ ਕਰਜ਼ਾ ਮੁਆਫ ਨਹੀਂ ਹੋਵੇਗਾ, ਤਾਂ ਹੀ ਕੁਝ ਵਸੂਲੀ ਹੋ ਸਕੇਗੀ।