ਆਸਮਾਨ ’ਚ ਛਾਈ ਧੂਡ਼ ਦੀ ਚਾਦਰ ਕਾਰਨ ਜਨਜੀਵਨ ਪ੍ਰਭਾਵਿਤ

Saturday, Jun 16, 2018 - 08:04 AM (IST)

ਆਸਮਾਨ ’ਚ ਛਾਈ ਧੂਡ਼ ਦੀ ਚਾਦਰ ਕਾਰਨ ਜਨਜੀਵਨ ਪ੍ਰਭਾਵਿਤ

 ਰੂਪਨਗਰ (ਕੈਲਾਸ਼) - ਰਾਜਸਥਾਨ ਅਤੇ ਇਥੇ ਦੇ ਖੇਤਰਾਂ ਤੋਂ ਚੱਲੀ ਧੂਡ਼ ਭਰੀ ਹਨੇਰੀ ਕਾਰਨ ਅੱਜ ਰੂਪਨਗਰ ’ਚ ਆਸਮਾਨ ’ਤੇ ਛਾਈ ਧੂਡ਼ ਦੀ ਚਾਦਰ ਨੇ ਜਨਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ। ਜਿਸ ਦੇ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ  ਗਿਆ। ਨੈਸ਼ਨਲ ਹਾਈਵੇ ’ਤੇ ਵੀ ਮਿੱਟੀ ਦੇ ਕਾਰਨ ਵਾਹਨ ਚਾਲਕਾਂ ਨੂੰ ਸਪੱਸ਼ਟ ਦਿਖਾਈ ਨਹੀਂ ਦੇ ਰਿਹਾ ਸੀ। ਇਸ ਦੇ ਇਲਾਵਾ ਇਹ ਧੂਡ਼ ਭਰਿਆ ਵਾਤਾਵਰਣ ਸਾਹ ਅਤੇ ਫੇਫਡ਼ਿਆਂ ਦੀਆਂ ਬੀਮਾਰੀਆਂ ਤੋਂ ਪੀਡ਼ਤ ਲੋਕਾਂ ਲਈ ਖਤਰਨਾਕ  ਹੈ। ਡਾਕਟਰਾਂ ਮੁਤਾਬਕ ਧੂਡ਼ ਭਰਿਆ ਵਾਤਵਰਣ ਸਿਹਤ ਲਈ ਜੋਖਮ ਭਰਿਆ ਹੈ ਅਤੇ ਇਹ ਸਿੱਧਾ ਵਿਅਕਤੀ ਦੀ ਸਾਹ ਪ੍ਰਣਾਲੀ ’ਤੇ ਪ੍ਰਭਾਵ ਪਾਉਂਦਾ ਹੈ।  ਜ਼ਿਕਰਯੋਗ ਹੈ ਕਿ ਧੂਡ਼ ਭਰੇ ਵਾਤਾਵਰਣ ਦੇ ਕਾਰਨ ਹਵਾਈ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਜ਼ਿਲੇ ਦੇ ਕਈ ਯਾਤਰੀਆਂ ਨੂੰ ਏਅਰਪੋਰਟ ਤੋਂ ਘਰਾਂ ਨੂੰ ਵਾਪਿਸ ਮੁਡ਼ਨਾ ਪਿਆ।  ਇਸ ਦੇ ਕਾਰਨ ਉਡਾਨਾਂ ਰੱਦ ਕਰਨੀਆਂ ਪਈਆਂ। ਪਿਛਲੇ ਦੋ ਦਿਨਾਂ ਤੋਂ  ਆਸਮਾਨ ਧੂਡ਼ ਦੀ ਚਾਦਰ ਨਾਲ ਢਕਿਆ ਹੋਇਆ ਹੈ। ਜਿਸ ਦਾ ਸਿੱਧਾ ਪ੍ਰਭਾਵ ਵਪਾਰੀਆਂ ’ਤੇ ਵੀ ਦੇਖਣ ਨੂੰ ਮਿਲਿਆ।  ਇਸ ਸਬੰਧ ’ਚ ਸਿਹਤ ਮਾਹਿਰ ਡਾ. ਅਮਰਿੰਦਰ ਗਿੱਲ ਨੇ ਦੱਸਿਆ ਕਿ ਧੂਡ਼ ਭਰੇ ਵਾਤਾਵਰਣ ਕਾਰਨ  ਸਾਹ ਅਤੇ ਐਲਰਜੀ ਅਤੇ ਫੇਫਡ਼ਿਆਂ ਦੀ ਸਮੱਸਿਆ ਵਾਲੇ ਮਰੀਜ਼ ਵਧ ਰਹੇ ਹਨ। ਜਿਨ੍ਹਾਂ ਨੂੰ ਘਰਾਂ ਤੋਂ ਨਿਕਲਦੇ ਸਮੇਂ ਮੂੰਹ ’ਤੇ ਮਾਸਕ ਲਾ ਕੇ ਰੱਖਣਾ ਚਾਹੀਦਾ।
 ਇਸ ਸਬੰਧ ’ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਆਈ.ਏ.ਐੱਸ. ਨੇ ਵੀ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ ਹਨ ਜੋ ਇਸ ਤਰ੍ਹਾਂ ਹਨ।
 1. ਸਾਰੇ ਪ੍ਰਕਾਰ ਦੇ ਨਿਰਮਾਣ ਕਾਰਜ ’ਤੇ ਰੋਕ ਤੁਰੰਤ ਲਾ ਦੇਣੀ ਚਾਹੀਦੀ ਹੈ।
 2. ਟਰੱਕਾਂ ਦੁਆਰਾ ਕੀਤੀ ਜਾ ਰਹੀ ਰੇਤ-ਮਿੱਟੀ ਦੀ ਢੁਆਈ ’ਤੇ ਤੁਰੰਤ ਪਾਬੰਦੀ।
 3. ਖਿਡਾਰੀ, ਐਥਲੀਟ, ਸੈਰ ਕਰਨ ਵਾਲੇ ਲੋਕਾਂ ਅਤੇ ਸੀਨੀਅਰ ਸਿਟੀਜ਼ਨਜ਼ ਨੂੰ ਕਸਰਤ ਅਤੇ ਸੈਰ ਨੂੰ ਧੂਡ਼ ਕਾਰਨ ਰੋਕ ਦੇਣਾ ਚਾਹੀਦਾ ਹੈ।
 4. ਰੋਗੀਆਂ ਜਿਨ੍ਹਾਂ ’ਚ ਖਾਸਕਰ ਦਮਾ, ਨੇਤਰ ਰੋਗੀਆਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
 5. ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਾਹਰ ਖੇਡਣ ਦੀ ਬਜਾਏ ਘਰ ਦੇ ਅੰਦਰ ਹੀ ਖੇਡਣ ਲਈ ਸਮੱਗਰੀ ਉਪਲੱਬਧ ਕਰਵਾਉਣੀ ਚਾਹੀਦੀ ਹੈ।
 6. ਲੋਕਾਂ ਨੂੰ ਲੰਬੇ ਸਫਰ ਦੀ ਯਾਤਰਾ ਖੁੱਲ੍ਹੇ ਵਾਹਨਾਂ ’ਚ ਨਹੀਂ ਕਰਨੀ ਚਾਹੀਦੀ।


Related News