7-8 ਘੰਟੇ ਦੇ ਐਲਾਨੇ ਬਿਜਲੀ ਕੱਟਾਂ ਕਾਰਨ ਲੋਕ ਬੇਹਾਲ, 1912 ਨੰਬਰ ਦੀਆਂ ਲਾਈਨਾਂ ਬਿਜ਼ੀ

10/13/2021 11:41:24 AM

ਜਲੰਧਰ (ਪੁਨੀਤ)– ਸਮਾਂ ਰਹਿੰਦੇ ਕੋਲੇ ਦਾ ਪ੍ਰਬੰਧ ਨਾ ਕਰਨ ਕਾਰਨ ਜਨਤਾ ’ਤੇ ਬਿਜਲੀ ਦੇ ਐਲਾਨੇ ਕੱਟਾਂ ਦੀ ਮਾਰ ਪੈ ਰਹੀ ਹੈ ਅਤੇ ਜਨਤਾ ਪਿਸ ਰਹੀ ਹੈ। ਕਾਂਗਰਸ ਵੱਲੋਂ ਸਾਬਕਾ ਅਕਾਲੀ ਸਰਕਾਰ ’ਤੇ ਸਰਕਾਰੀ ਪਲਾਂਟ ਬੰਦ ਕਰਕੇ ਨਿੱਜੀ ਪਲਾਂਟ ਲਾਉਣ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਲੱਗਦੇ ਆਏ ਹਨ ਪਰ ਅਕਾਲੀਆਂ ਦੇ ਸਮੇਂ ਵਿਚ ਲੋਕ ਬਿਜਲੀ ਕੱਟਾਂ ਨੂੰ ਭੁੱਲ ਚੁੱਕੇ ਸਨ ਪਰ ਹੁਣ ਕਾਂਗਰਸ ਸਰਕਾਰ ਦੇ ਸਮੇਂ ਬਿਜਲੀ ਕੱਟਾਂ ਵਾਲੇ ਦਿਨ ਫਿਰ ਪਰਤ ਆਏ ਹਨ। ਜੂਨ ਮਹੀਨੇ ਵਿਚ ਬਿਜਲੀ ਦੀ ਕਿੱਲਤ ਹੋਣ ’ਤੇ ਸਰਕਾਰ ਨੂੰ ਚਿਤਾਵਨੀ ਮਿਲ ਚੁੱਕੀ ਸੀ ਪਰ ਇਸ ਦੇ ਬਾਵਜੂਦ ਉਸ ਵੱਲੋਂ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ, ਜਿਸ ਕਾਰਨ ਅੱਜ ਜਨਤਾ ਹਾਲੋ-ਬੇਹਾਲ ਹੈ। ਦੂਜੇ ਪਾਸੇ ਇਸ ਦੌਰਾਨ ਬਿਜਲੀ ਦੀ ਖ਼ਰਾਬੀ ਕਾਰਨ ਲੱਗਣ ਵਾਲੇ ਅਣਐਲਾਨੇ ਕੱਟਾਂ ਨੇ ਅੱਗ ਵਿਚ ਘਿਓ ਪਾਉਣ ਦਾ ਕੰਮ ਕੀਤਾ ਹੈ ਕਿਉਂਕਿ ਐਲਾਨੇ ਅਤੇ ਅਣਐਲਾਨੇ ਕੱਟਾਂ ਨੂੰ ਮਿਲਾ ਕੇ ਮੰਗਲਵਾਰ ਕਈ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਵਿਚ 7-8 ਘੰਟੇ ਬਿਜਲੀ ਬੰਦ ਰਹੀ।

ਇਹ ਵੀ ਪੜ੍ਹੋ: ਪੁੰਛ 'ਚ ਸ਼ਹੀਦ ਹੋਏ ਜਸਵਿੰਦਰ ਸਿੰਘ ਦਾ ਅੱਜ ਹੋਵੇਗਾ ਅੰਤਿਮ ਸੰਸਕਾਰ, ਪੁੱਤ ਦੀ ਸ਼ਹਾਦਤ ਤੋਂ ਮਾਂ ਅਣਜਾਣ

ਆਲਮ ਇਹ ਹੈ ਕਿ ਬਿਜਲੀ ਕੱਟਾਂ ਕਾਰਨ ਲੋਕਾਂ ਦਾ ਕੰਮਕਾਜ ਪ੍ਰਭਾਵਿਤ ਹੋ ਚੁੱਕਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਕੱਟ ਲਾਉਣ ਦਾ ਕੋਈ ਸਮਾਂ ਨਹੀਂ ਹੈ। ਕਦੀ ਸਵੇਰੇ ਕੱਟ ਲੱਗ ਰਿਹਾ ਹੈ ਅਤੇ ਕਦੀ ਸ਼ਾਮ ਨੂੰ ਕੱਟ ਲੱਗਣ ਨਾਲ ਬਲੈਕਆਊਟ ਹੋ ਜਾਂਦਾ ਹੈ। ਜਨਤਾ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੀ ਰੁਟੀਨ ਨੂੰ ਕਿਸ ਹਿਸਾਬ ਨਾਲ ਸੈੱਟ ਕਰੇ। ਪਹਿਲੇ ਪਾਵਰਕੱਟ ਦੀ ਮਾਰ ਸਵੇਰੇ 8.30 ਵਜੇ ਪਈ। ਇਸ ਦੌਰਾਨ ਲੋਕ ਸਫ਼ਾਈਆਂ ਕਰਨ, ਪਾਣੀ ਭਰਨ ਅਤੇ ਰਸੋਈ ਘਰ ਦੇ ਕੰਮਕਾਜ ਕਰਨ ਦੇ ਨਾਲ-ਨਾਲ ਨਹਾ-ਧੋ ਕੇ ਤਿਆਰ ਹੁੰਦੇ ਹਨ ਪਰ ਬਿਜਲੀ ਕੱਟ ਲੱਗਣ ਕਾਰਨ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਪ੍ਰੇਸ਼ਾਨੀ ਉਠਾਉਣੀ ਪਈ। ਦੂਜੇ ਪਾਸੇ ਨਾਈਟ ਡਿਊਟੀ ਕਰਕੇ ਦਿਨੇ ਸੌਣ ਵਾਲੇ ਲੋਕਾਂ ਨੂੰ ਸਵੇਰੇ ਵੀ ਨੀਂਦ ਨਸੀਬ ਨਹੀਂ ਹੋ ਸਕੀ ਕਿਉਂਕਿ ਬਿਜਲੀ ਕੱਟਾਂ ਨੇ ਉਨ੍ਹਾਂ ਦੀ ਨੀਂਦ ਨੂੰ ਖ਼ਰਾਬ ਕਰ ਦਿੱਤਾ। ਸਵੇਰੇ 10 ਵਜੇ ਤੱਕ ਚੱਲੇ ਪਹਿਲੇ ਕੱਟ ਦੌਰਾਨ ਲੋਕਾਂ ਦੇ ਸਾਰੇ ਕੰਮ ਅਧੂਰੇ ਰਹਿ ਗਏ ਅਤੇ ਲੋਕ ਪਾਣੀ ਆਦਿ ਵੀ ਨਹੀਂ ਭਰ ਸਕੇ। ਦਫ਼ਤਰਾਂ ਅਤੇ ਦੁਕਾਨਾਂ ’ਤੇ ਜਾਣ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤ ਉਠਾਉਣੀ ਪਈ। ਕਈ ਇਲਾਕਿਆਂ ਵਿਚ ਬਿਜਲੀ ਕੱਟ ਕਾਰਨ ਲੋਕ ਗੁਆਂਢੀਆਂ ਦੇ ਘਰੋਂ ਪਾਣੀ ਆਦਿ ਲਿਆਉਂਦੇ ਵੇਖੇ ਗਏ।

PunjabKesari

ਦੁਪਹਿਰ ਨੂੰ 1 ਵਜੇ ਦੇ ਲਗਭਗ ਪਾਣੀ ਦੀ ਸਪਲਾਈ ਹੁੰਦੀ ਹੈ ਪਰ ਪਾਵਰ ਨਿਗਮ ਨੇ ਠੀਕ ਉਸੇ ਸਮੇਂ ਦੁਬਾਰਾ ਕੱਟ ਲਾ ਦਿੱਤਾ। ਲੋਕਾਂ ਵੱਲੋਂ ਅਜੇ ਕੰਮ ਵੀ ਨਹੀਂ ਨਿਬੇੜੇ ਗਏ ਸਨ ਅਤੇ ਟੈਂਕੀਆਂ ਵੀ ਨਹੀਂ ਭਰ ਸਕੀਆਂ ਸਨ ਕਿ 1.30 ਵਜੇ ਕੱਟ ਸ਼ੁਰੂ ਹੋਣ ਕਾਰਨ ਲੋਕ ਇਕ ਵਾਰ ਫਿਰ ਪੂਰਾ ਪਾਣੀ ਭਰਨ ਤੋਂ ਵਾਂਝੇ ਰਹਿ ਗਏ। ਦੁਪਹਿਰ ਨੂੰ ਵੀ ਰਸੋਈ ਦਾ ਸਿਸਟਮ ਗੜਬੜਾਇਆ ਰਿਹਾ ਅਤੇ ਲੋਕ ਪ੍ਰੇਸ਼ਾਨੀ ਝੱਲਦੇ ਰਹੇ। ਇਸ ਦੌਰਾਨ 3 ਵਜੇ ਦੇ ਲਗਭਗ ਬਿਜਲੀ ਚਾਲੂ ਹੋ ਸਕੀ। ਐਲਾਨੇ ਕੱਟਾਂ ਨੂੰ ਛੱਡ ਕੇ ਜੇਕਰ ਅਣਐਲਾਨੇ ਕੱਟਾਂ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਨੂੰ ਹਰ ਪਾਸੇ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਅਣਐਲਾਨੇ ਕੱਟਾਂ ਕਾਰਨ ਵੈਸਟ ਡਵੀਜ਼ਨ ਅਤੇ ਮਾਡਲ ਟਾਊਨ ਡਵੀਜ਼ਨ ਦੇ ਕਈ ਇਲਾਕਿਆਂ ਵਿਚ ਦੁਪਹਿਰ 12 ਵਜੇ ਦੇ ਲਗਭਗ ਬਿਜਲੀ ਦੀ ਖਰਾਬੀ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਉਠਾਉਣੀ ਪਈ।

ਉਕਤ ਦੋਵਾਂ ਡਿਵੀਜ਼ਨਾਂ ਵਿਚ ਘਰੇਲੂ ਖਪਤਕਾਰ ਵੱਧ ਹਨ ਅਤੇ ਮੰਗਲਵਾਰ ਨੂੰ ਇਥੇ 100 ਤੋਂ ਵੱਧ ਸ਼ਿਕਾਇਤਾਂ ਆਉਣ ਦਾ ਸਮਾਚਾਰ ਮਿਲਿਆ ਹੈ। ਦੂਜੇ ਪਾਸੇ ਕੈਂਟ ਅਤੇ ਵੈਸਟ ਡਿਵੀਜ਼ਨ ਵਿਚ ਵੀ ਦਰਜਨਾਂ ਸ਼ਿਕਾਇਤਾਂ ਪ੍ਰਾਪਤ ਹੋਈਆਂ। ਲੋਕਾਂ ਦਾ ਕਹਿਣਾ ਸੀ ਕਿ ਪਾਵਰ ਨਿਗਮ ਦੇ 1912 ਨੰਬਰ ’ਤੇ ਲਗਾਤਾਰ ਫੋਨ ਕਰਨ ਦੇ ਬਾਵਜੂਦ ਨੰਬਰ ਨਹੀਂ ਮਿਲਦਾ, ਜਿਸ ਕਾਰਨ ਉਹ ਸਮਾਂ ਰਹਿੰਦੇ ਆਪਣੀ ਸ਼ਿਕਾਇਤ ਦਰਜ ਨਹੀਂ ਕਰਵਾ ਪਾ ਰਹੇ। ਉਨ੍ਹਾਂ ਦਾ ਕਹਿਣਾ ਹੈ ਕਿ ਸਿਸਟਮ ਵਿਚ ਸੁਧਾਰ ਕੀਤਾ ਜਾਣਾ ਚਾਹੀਦਾ ਹੈ। ਦੂਜੇ ਪਾਸੇ ਵੇਖਣ ਵਿਚ ਆ ਰਿਹਾ ਹੈ ਕਿ ਕਈ ਇਲਾਕਿਆਂ ਵਿਚ ਬਿਜਲੀ ਦੀ ਖਰਾਬੀ ਕਾਰਨ ਸਟਰੀਟ ਲਾਈਟਾਂ ਦੇ ਪੁਆਇੰਟ ਵੀ ਖਰਾਬ ਹੋ ਜਾਂਦੇ ਹਨ, ਜਿਸ ਕਾਰਨ ਸੜਕਾਂ ’ਤੇ ਹਨੇਰਾ ਛਾ ਜਾਂਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸੜਕਾਂ ’ਤੇ ਰੋਜ਼ਾਨਾ ਵਾਰਦਾਤਾਂ ਹੋ ਰਹੀਆਂ ਹਨ। ਇਸ ਲਈ ਸਟਰੀਟ ਲਾਈਟਾਂ ਬੰਦ ਹੋਣ ’ਤੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਚਾਲੂ ਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ: ਜਲੰਧਰ ਵਿਖੇ ਕਬਾੜ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਕਈ ਝੁੱਗੀਆਂ ਵੀ ਸੜੀਆਂ

PunjabKesari

ਸੋਸ਼ਲ ਮੀਡੀਆ ’ਤੇ ਸਰਕਾਰ ਨੂੰ ਭੰਡਣ ਨਾਲ ਹੁੰਦੀ ਹੈ ਦਿਨ ਦੀ ਸ਼ੁਰੂਆਤ
ਸਵੇਰੇ ਉਠਦੇ ਹੀ ਬਿਜਲੀ ਕੱਟਾਂ ਦਾ ਸਾਹਮਣਾ ਕਰਨ ਵਾਲੇ ਲੋਕ ਸਭ ਤੋਂ ਪਹਿਲਾਂ ਆਪਣਾ ਮੋਬਾਇਲ ਉਠਾ ਕੇ ਸਰਕਾਰ ਨੂੰ ਭੰਡ ਕੇ ਉਸ ਖ਼ਿਲਾਫ਼ ਆਪਣੀ ਭੜਾਸ ਕੱਢਦੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਦੀਆਂ ਨੀਤੀਆਂ ’ਤੇ ਵਿਅੰਗ ਕੀਤੇ ਜਾਂਦੇ ਹਨ। ਜਿਹਡ਼ੇ ਮੈਸੇਜ ਹਨ, ਉਨ੍ਹਾਂ ਨੂੰ ਵ੍ਹਟਸਐਪ ਜ਼ਰੀਏ ਵੀ ਖੂਬ ਫੈਲਾਇਆ ਜਾ ਰਿਹਾ ਹੈ। ਸਵੇਰ ਤੋਂ ਇਕ ਮੈਸੇਜ ਖੂਬ ਫੈਲ ਰਿਹਾ ਹੈ, ਜਿਸ ਵਿਚ ਲਿਖਿਆ ਹੈ ਕਿ ‘ਹੌਂਸਲਾ ਰੱਖੋ, ਬਿਜਲੀ ਆਵੇ, ਭਾਵੇਂ ਨਾ ਆਵੇ ਪਰ ਬਿਜਲੀ ਦਾ ਬਿੱਲ ਜ਼ਰੂਰ ਆਵੇਗਾ। ਪੰਜਾਬ ਵਿਚ ਕੋਲਾ ਖ਼ਤਮ ਹੋਇਆ ਹੈ, ਕਾਗਜ਼ ਨਹੀਂ’। ਇਸ ਤਰ੍ਹਾਂ ਦੇ ਕਈ ਮੈਸੇਜ ਅੱਜਕਲ ਰੁਝਾਨ ਵਿਚ ਹਨ।

ਇਹ ਵੀ ਪੜ੍ਹੋ:ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਫ਼ੈਸਲਿਆਂ ’ਤੇ ਲੱਗ ਰਹੀ ਹੈ ਹਾਈਕਮਾਨ ਦੀ ਮੋਹਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News