ਗੈਂਗਸਟਰਸ ਵੱਲੋਂ ਅੱਤਵਾਦੀਆਂ ਨਾਲ ਸੰਬੰਧ ਬਣਾਉਣਾ ਖਤਰਨਾਕ: ਸੁਰੇਸ਼ ਅਰੋੜਾ

02/05/2018 10:53:53 AM

ਜਲੰਧਰ— ਪੰਜਾਬ ਪੁਲਸ ਦੇ ਮਹਾਨਿਰਦੇਸ਼ਕ ਸੁਰੇਸ਼ ਅਰੋੜਾ ਨੇ ਕਿਹਾ ਕਿ ਚਾਹੇ ਪੰਜਾਬ 'ਚ ਅਮਨ ਤੇ ਸ਼ਾਂਤੀ ਸਥਾਪਤ ਹੋ ਚੁੱਕੀ ਹੈ ਪਰ ਇਹ ਗੱਲ ਸਾਨੂੰ ਯਾਦ ਰੱਖਣੀ ਪਵੇਗੀ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ। ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਹੈ ਅਤੇ ਉਥੇ ਬੈਠੇ ਪੁਰਾਣੇ ਅੱਤਵਾਦੀਆਂ ਨੇ ਅਜੇ ਵੀ ਪਨਾਹ ਲਈ ਹੋਈ ਹੈ। ਇਨ੍ਹਾਂ ਅੱਤਵਾਦੀਆਂ ਦੀ ਮਦਦ ਆਈ. ਐੱਸ. ਆਈ. ਵੱਲੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਯੂਰਪੀਅਨ ਦੇਸ਼ਾਂ 'ਚ ਬੈਠੇ ਵੱਖਵਾਦੀ ਲੋਕਾਂ ਨੂੰ ਵੀ ਪਾਕਿ 'ਚ ਬੈਠੇ ਅੱਤਵਾਦੀਆਂ ਤੇ ਆਈ. ਐੱਸ. ਆਈ. ਤੋਂ ਸਮਰਥਨ ਮਿਲ ਰਿਹਾ ਹੈ। ਸੁਰੇਸ਼ ਅਰੋੜਾ ਜਲੰਧਰ 'ਚ ਐਤਵਾਰ 'ਪੰਜਾਬ ਕੇਸਰੀ' ਗਰੁੱਪ ਵੱਲੋਂ ਕਰਵਾਏ ਗਏ 114ਵੇਂ ਸ਼ਹੀਦ ਪਰਿਵਾਰ ਫੰਡ ਸਮਾਰੋਹ 'ਚ ਪਹੁੰਚੇ ਸਨ। 
ਸੁਰੇਸ਼ ਅਰੋੜਾ ਨੇ ਕਿਹਾ ਕਿ ਪੰਜਾਬ 'ਤੇ ਸਰਹੱਦ ਪਾਰਲੇ ਖਤਰੇ ਨੂੰ ਦੇਖਦਿਆਂ ਪੰਜਾਬ ਪੁਲਸ ਨੂੰ ਆਤਮ-ਨਿਰਭਰ ਅਤੇ ਮਜ਼ਬੂਤ ਬਣਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਸੂਬਾ ਪੁਲਸ ਨੂੰ ਹੁਣ ਫਿਦਾਈਨ ਹਮਲੇ ਵਰਗੀਆਂ ਚੁਣੌਤੀਆਂ ਦਾ ਮੁਕਾਬਲਾ ਕਰਨਾ ਪੈਣਾ ਹੈ। ਅੱਤਵਾਦੀਆਂ ਨੇ ਹੁਣ ਆਪਣੀ ਰਣਨੀਤੀ ਬਦਲੀ ਹੈ ਅਤੇ ਉਹ ਫਿਦਾਈਨ ਹਮਲੇ ਕਰਨ ਦੀ ਤਾਕ 'ਚ ਰਹਿੰਦੇ ਹਨ। ਇਸ ਦੇ ਲਈ ਸੂਬਾ ਪੁਲਸ ਨੂੰ 100 ਕਰੋੜ ਦੀ ਵਿਸ਼ੇਸ਼ ਗ੍ਰਾਂਟ ਮਿਲੀ ਹੈ। ਸਰਹੱਦੀ ਸੂਬਾ ਹੋਣ ਕਾਰਨ ਐੱਨ. ਐੱਸ. ਜੀ. ਦੀ ਤਰਜ਼ 'ਤੇ ਪੰਜਾਬ 'ਚ ਐੱਸ. ਓ. ਜੀ. ਫੋਰਸ ਬਣਾਈ ਜਾ ਰਹੀ ਹੈ, ਜਿਸ ਨੂੰ ਟ੍ਰੇਨਿੰਗ ਦੇਣ ਦਾ ਕੰਮ ਚੱਲ ਰਿਹਾ ਹੈ।
ਡੀ. ਜੀ. ਪੀ. ਨੇ ਕਿਹਾ ਕਿ ਨਸ਼ਾ ਸਮੱਗਲਿੰਗ ਅਤੇ ਸਮੱਗਲਰਾਂ 'ਤੇ ਰੋਕ ਲਾਉਣ ਲਈ ਵੀ ਸਰਕਾਰ ਅਤੇ ਪੁਲਸ ਨੇ ਸਖਤ ਕਦਮ ਚੁੱਕੇ ਹਨ। ਹੁਣ ਸਭ ਤੋਂ ਵੱਡੀ ਚੁਣੌਤੀ ਗੈਂਗਸਟਰਸ ਵੱਲੋਂ ਅੱਤਵਾਦੀਆਂ ਨਾਲ ਸੰਬੰਧ ਸਥਾਪਤ ਕਰਨ ਤੋਂ ਮਿਲ ਰਹੀ ਹੈ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਪਰ ਪੰਜਾਬ ਪੁਲਸ ਚੌਕਸ ਹੈ ਅਤੇ ਉਹ ਗੈਂਗਸਟਰਸ ਅਤੇ ਅੱਤਵਾਦੀਆਂ ਵਿਰੁੱਧ ਹੋਰ ਸਖਤੀ ਕਰੇਗੀ। ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਜਨਤਾ ਦਾ ਸਾਥ ਪੰਜਾਬ ਪੁਲਸ ਨੂੰ ਮਿਲਦਾ ਰਹੇਗਾ, ਉਦੋਂ ਤਕ ਕਿਸੇ ਵੀ ਵਿਦੇਸ਼ੀ ਤਾਕਤ ਜਾਂ ਅੱਤਵਾਦੀਆਂ ਦੇ ਮਨਸੂਬੇ ਸਫਲ ਨਹੀਂ ਹੋਣਗੇ।


Related News