ਨਸ਼ਾ ਵਿਕਰੀ ਨੂੰ ਲੈ ਕੇ ਪੰਜਾਬ ਪੁਲਸ ਸਖ਼ਤ, DGP ਗੌਰਵ ਯਾਦਵ ਨੇ ਅਧਿਕਾਰੀਆਂ ਨੂੰ ਦਿੱਤੇ ਇਹ ਹੁਕਮ
Wednesday, Oct 02, 2024 - 11:30 AM (IST)
ਚੰਡੀਗੜ੍ਹ (ਅੰਕੁਰ)- ਪੰਜਾਬ ਪੁਲਸ ਵੱਲੋਂ ਸੂਬੇ ਭਰ ’ਚ ਝਪਟਮਾਰੀ ਅਤੇ ਨਸ਼ਾ ਵਿਕਰੀ ਵਾਲੀਆਂ ਥਾਵਾਂ (ਹੌਟਸਪਾਟਸ) ’ਤੇ ਸੀ. ਸੀ. ਟੀ. ਵੀ.) ਕੈਮਰਿਆਂ ਦੀ ਵਰਤੋਂ ਕਰਕੇ ਪੂਰੀ ਨਿਗਰਾਨੀ ਰੱਖੀ ਜਾਵਗੀ। ਇਹ ਐਲਾਨ ਡੀ. ਜੀ. ਪੀ. ਗੌਰਵ ਯਾਦਵ ਨੇ ਸਾਰੇ ਪੁਲਸ ਜ਼ਿਲ੍ਹਿਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਅਤੇ ਸੰਗਠਿਤ ਅਪਰਾਧ, ਨਸ਼ਾ ਤਸਕਰੀ ਅਤੇ ਅੱਤਵਾਦ ਵਿਰੁੱਧ ਚੱਲ ਰਹੀ ਲੜਾਈ ਦਾ ਜਾਇਜ਼ਾ ਲੈਣ ਲਈ ਸਾਰੇ ਸੀਨੀਅਰ ਫੀਲਡ ਅਧਿਕਾਰੀਆਂ ਅਤੇ ਆਪ੍ਰੇਸ਼ਨਲ ਵਿੰਗਾਂ ਦੇ ਮੁਖੀਆਂ ਨਾਲ ਪੀ. ਏ. ਪੀ. ਕੰਪਲੈਕਸ ਜਲੰਧਰ ਵਿਖੇ ਰਾਜ ਪੱਧਰੀ ਕਾਨੂੰਨ ਅਤੇ ਵਿਵਸਥਾ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਮੌਕੇ ਕੀਤਾ।
ਉਨ੍ਹਾਂ ਕਿਹਾ ਕਿ ਸੁਚੱਜੇ ਢੰਗ ਨਾਲ ਹਰ ਮੌਕੇ ਦੀ ਨਿਗਰਾਨੀ ਕਰਨ ਲਈ ਜ਼ਿਲ੍ਹਾ ਤੇ ਸਬ-ਡਵੀਜ਼ਨ ਪੱਧਰ ’ਤੇ ਸੀ. ਸੀ. ਟੀ. ਵੀ. ਕੰਟਰੋਲ ਰੂਮ ਸਥਾਪਤ ਕੀਤੇ ਜਾ ਰਹੇ ਹਨ। ਇਹ ਕਦਮ ਪਿਛਲੇ ਤਿੰਨ ਸਾਲਾਂ ਦੌਰਾਨ ਅਜਿਹੇ ਅਪਰਾਧਿਕ ਹੌਟਸਪਾਟਸ ਅਤੇ ਨਸ਼ਾ ਵਿਕਰੀ ਹੌਟਸਪਾਟਸ ਦੀ ਕ੍ਰਾਈਮ ਹੌਟਸਪਾਟ ਮੈਪਿੰਗ ਤੋਂ ਬਾਅਦ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ-'ਲਵ ਮੈਰਿਜ' ਦਾ ਦਰਦਨਾਕ ਅੰਤ: ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਉਨ੍ਹਾਂ ਕਿਹਾ ਕਿ ਛੋਟੇ ਅਪਰਾਧ ਰੋਕਣਾ ਪੰਜਾਬ ਪੁਲਸ ਦੀ ਪ੍ਰਮੁੱਖ ਤਰਜੀਹ ਹੈ। ਇਸ ਲਈ ਫੀਲਡ ਅਫ਼ਸਰਾਂ ਨੂੰ ਇਸ ਕਾਰਵਾਈ ਨੂੰ ਹੋਰ ਪ੍ਰਭਾਵੀ ਬਣਾਉਣ ਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਪ੍ਰਭਾਵਿਤ ਕਰਨ ਵਾਲੇ ਅਪਰਾਧਾਂ ਖ਼ਾਸ ਤੌਰ ’ਤੇ ਫਿਰੌਤੀ ਦੀਆਂ ਕਾਲਾਂ, ਝਪਟਮਾਰੀ, ਚੋਰੀਆਂ, ਠੱਗੀਆਂ ਅਤੇ ਨਸ਼ਾ ਵਿਕਰੀ ਵਾਲੀਆਂ ਥਾਵਾਂ ਨਾਲ ਨਜਿੱਠਣ ਲਈ ਸਾਰੀਆਂ ਵਿਧੀਆਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਸ ਕਮਿਸ਼ਨਰਾਂ/ਜ਼ਿਲ੍ਹਾ ਪੁਲਸ ਮੁਖੀਆਂ ਨੂੰ ਅਜਿਹੇ ਅਪਰਾਧੀਆਂ ਨਾਲ ਸਖ਼ਤੀ ਨਾਲ ਨਜਿੱਠਣ ਤੇ ਡਰੱਗ ਸਪਲਾਇਰਾਂ ਵੱਲੋਂ ਗ਼ੈਰ-ਕਾਨੂੰਨੀ ਢੰਗ ਨਾਲ ਜੁਟਾਈ ਸੰਪਤੀ ਨੂੰ ਫਰੀਜ਼ ਕਰਨ ਲਈ ਐੱਨ. ਡੀ. ਪੀ. ਐੱਸ. ਦੀ ਧਾਰਾ 68ਐੱਫ਼ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਵੀ ਹੁਕਮ ਦਿੱਤੇ । ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਉਨ੍ਹਾਂ ਨੇ ਆਮ ਲੋਕਾਂ ਲਈ ਘੱਟ ਤੋਂ ਘੱਟ ਅਸੁਵਿਧਾ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਭਾਰੀ ਭੀੜ ਵਾਲੇ ਖੇਤਰਾਂ ’ਚ ਚੌਕਸੀ ਵਧਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਨੇ ਅਪਰਾਧੀਆਂ ਦਾ ਕੱਚਾ ਚਿੱਠਾ (ਹਿਸਟਰੀ ਸ਼ੀਟ) ਤਿਆਰ ਕਰਨ, ਹਿੰਸਕ ਅਪਰਾਧਾਂ ਵਿਰੁੱਧ ਮਿਸਾਲੀ ਕਾਰਵਾਈ ਕਰਨ, ਨਿਗਰਾਨੀ ਵਧਾਉਣ, ਅਪਰਾਧਾਂ ਦੀ ਪਛਾਣ ਲਈ ਤਕਨਾਲੋਜੀ ਦੀ ਵਰਤੋਂ ਕਰਨ ਤੇ ਨਸ਼ਾ ਤਸਕਰਾਂ ਦੀਆਂ ਸੰਪਤੀਆਂ ਨੂੰ ਜ਼ਬਤ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ । ਉਨ੍ਹਾਂ ਨੇ ਜ਼ਮੀਨੀ ਪੱਧਰ ’ਤੇ ਪੇਸ਼ ਆ ਰਹੀਆਂ ਵਿਹਾਰਕ ਸਮੱਸਿਆਵਾਂ/ਮੁੱਦਿਆਂ ਨੂੰ ਨੇੜਿਓਂ ਸਮਝਣ ਲਈ ਸਾਰੇ ਸੀ. ਪੀਜ਼/ਐੱਸ. ਐੱਸ. ਪੀਜ਼ ਤੋਂ ਫੀਡਬੈਕ ਵੀ ਲਿਆ। ਉਨ੍ਹਾਂ ਨੇ ਸਾਰੇ ਡੀ. ਐੱਸ. ਪੀਜ਼ ਅਤੇ ਸਟੇਸ਼ਨ ਹਾਊਸ ਅਫ਼ਸਰਾਂ (ਐੱਸ. ਐੱਚ. ਓਜ਼) ਨਾਲ ਹਫ਼ਤਾਵਾਰੀ ਅਪਰਾਧ ਸਮੀਖਿਆ ਮੀਟਿੰਗਾਂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਰਸਮੀ ਜਾਂ ਗ਼ੈਰ-ਰਸਮੀ ਤੌਰ ’ਤੇ ਪੁਲਸ ਥਾਣਿਆਂ ਦੇ ਅਚਨਚੇਤੀ ਨਿਰੀਖਣ ਕਰਨ ਨੂੰ ਯਕੀਨੀ ਬਣਾਉਣ।
ਇਹ ਵੀ ਪੜ੍ਹੋ- ਪਹਿਲਾਂ ਮੋਟਰਸਾਈਕਲ ਕੀਤਾ ਚੋਰੀ, ਫਿਰ ਵੇਚਣ ਲਈ ਸੜਕ 'ਤੇ ਮਾਰੀਆਂ ਆਵਾਜ਼ਾਂ, ਹੈਰਾਨ ਕਰੇਗਾ ਚੋਰ ਦਾ ਕਾਰਨਾਮਾ
ਇਸ ਮੌਕੇ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ. ਐੱਨ. ਟੀ. ਐੱਫ਼.), ਰੇਲਵੇ, ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ਼.), ਕਾਊਂਟਰ ਇੰਟੈਲੀਜੈਂਸ, ਅੰਦਰੂਨੀ ਸੁਰੱਖਿਆ, ਕਾਨੂੰਨ ਤੇ ਵਿਵਸਥਾ, ਇੰਟੈਲੀਜੈਂਸ, ਪ੍ਰਸ਼ਾਸਨ, ਬਿਊਰੋ ਆਫ ਇਨਵੈਸਟੀਗੇਸ਼ਨ, ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਪ੍ਰੋਵਿਜ਼ਨਿੰਗਸ ਆਦਿ ਪੰਜਾਬ ਦੀਆਂ ਵੱਖ-ਵੱਖ ਵਿਸ਼ੇਸ਼ ਯੂਨਿਟਾਂ ਦੇ ਮੁਖੀ, ਸਾਰੇ ਐੱਸ.ਐੱਸ.ਪੀ., ਪੁਲਸ ਕਮਿਸ਼ਨਰ, ਆਈ. ਜੀ. ਅਤੇ ਡੀ. ਆਈ. ਜੀ. ਵੀ ਹਾਜ਼ਰ ਸਨ।
ਪੰਚਾਇਤੀ ਚੋਣਾਂ ਮੌਕੇ ਸ਼ਰਾਰਤੀ ਅਨਸਰਾਂ ’ਤੇ ਰੱਖੀ ਜਾਵੇ ਬਾਜ਼ ਅੱਖ
ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਡੀ. ਜੀ. ਪੀ. ਨੇ ਸੂਬੇ ਭਰ ’ਚ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਅਤੇ ਸਮੂਹ ਅਧਿਕਾਰੀਆਂ ਨੂੰ ਆਜ਼ਾਦ, ਪਾਰਦਰਸ਼ੀ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਸਮਾਜ ਵਿਰੋਧੀ ਅਨਸਰਾਂ, ਨਸ਼ਾ ਤਸਕਰਾਂ ਅਤੇ ਸ਼ਰਾਬ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਦੀਆਂ ਹਰਕਤਾਂ ’ਤੇ ਬਾਜ਼ ਅੱਖ ਰੱਖਣ ਲਈ ਪ੍ਰਭਾਵਸ਼ਾਲੀ ਨਾਕੇ ਲਗਾਉਣ ਲਈ ਵੀ ਕਿਹਾ।
ਇਹ ਵੀ ਪੜ੍ਹੋ- ਜਲੰਧਰ 'ਚ ਟ੍ਰੈਫਿਕ ਪੁਲਸ ਮੁਲਾਜ਼ਮ ਨੇ 4 ਸਾਲ ਦੇ ਬੱਚੇ ਨੂੰ ਕਾਰ 'ਚ ਕਰ 'ਤਾ ਬੰਦ, ਹੈਰਾਨੀਜਨਕ ਹੈ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ