ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲਿਆਂ 'ਤੇ DGP ਦੇ ਵੱਡੇ ਖ਼ੁਲਾਸੇ, ਦੱਸਿਆ ਕਿਵੇਂ ਬਣਾਈ ਸੀ ਯੋਜਨਾ

05/11/2023 12:15:49 PM

ਅੰਮ੍ਰਿਤਸਰ (ਬਿਊਰੋ)- ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਹੋਏ 3 ਧਮਾਕਿਆਂ ਦੇ ਮਾਮਲੇ 'ਚ ਪੰਜਾਬ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕੇ ਧਮਾਕੇ ਕਰਨ ਵਾਲੇ ਮੁਲਜ਼ਮਾਂ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਤੇ ਇਸ ਮਾਮਲੇ 'ਚ ਹੋਰ ਖ਼ੁਲਾਸੇ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ- ਹਾਈ ਕੋਰਟ ਦਾ ਅਹਿਮ ਫ਼ੈਸਲਾ, ਹਮਦਰਦੀ ਦੇ ਆਧਾਰ 'ਤੇ ਨੌਕਰੀ ਹਾਸਲ ਕਰਨ ਦਾ ਹੱਕ ਮ੍ਰਿਤਕ ਦੀ ਪਤਨੀ ਦਾ

ਬੀਤੀ ਦਰਮਿਆਨੀ ਰਾਤ ਨੂੰ ਹੋਏ ਧਮਾਕੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੇ ਕੈਮਰਿਆਂ ਦੀ ਮਦਦ ਨਾਲ ਇਕ ਮੁਲਜ਼ਮ ਨੂੰ ਫੜ ਕੇ ਪੁਲਸ ਹਵਾਲੇ ਕੀਤਾ ਜਿਸ ਕੋਲੋਂ ਪੁੱਛ ਪੜਤਾਲ ਉਪਰੰਤ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਪੁਲਸ ਕਾਮਯਾਬ ਹੋ ਸਕੀ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਆਜ਼ਾਦਵੀਰ ਸਿੰਘ ਵਾਸੀ ਪਿੰਡ ਵਡਾਲਾ ਕਲਾਂ ਬਾਬਾ ਬਕਾਲਾ ਸਾਹਿਬ ਅੰਮ੍ਰਿਤਸਰ, ਅਮਰੀਕ ਸਿੰਘ ਵਾਸੀ ਗੁਰਦਾਸਪੁਰ, ਸਾਹਿਬ ਸਿੰਘ ਵਾਸੀ ਗੇਟ ਹਕੀਮਾਂ ਅੰਮ੍ਰਿਤਸਰ, ਧਰਮਿੰਦਰ ਸਿੰਘ ਅਤੇ ਹਰਜੀਤ ਸਿੰਘ ਵਾਸੀ ਅੰਮ੍ਰਿਤਸਰ ਦੇ ਤੌਰ 'ਤੇ ਹੋਈ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਆਜ਼ਾਦ ਵੀਰ ਸਿੰਘ ਨੇ ਬੁੱਧਵਾਰ ਰਾਤ 12 ਵਜੇ ਦੇ ਕਰੀਬ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਜਾ ਕੇ ਧਮਾਕਾ ਕਰ ਦਿੱਤਾ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਸੇਵਾਦਾਰਾਂ ਨੇ ਕੈਮਰਿਆਂ ਦੀ ਮਦਦ ਨਾਲ ਉਕਤ ਮੁਲਜ਼ਮ ਨੂੰ ਫੜ ਕੇ ਪੁਲਸ ਹਵਾਲੇ ਕੀਤਾ। ਇਸ ਉਪਰੰਤ ਪੁਲਸ ਨੂੰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਹੋਈ। ਸਾਰੇ ਮੁਲਜ਼ਮਾਂ ਨੇ ਪੁਲਸ ਵੱਲੋਂ ਕੀਤੀ ਮੁੱਢਲੀ ਜਾਂਚ 'ਚ ਆਪਣਾ ਜ਼ੁਰਮ ਕਬੂਲ ਕਰ ਲਿਆ ਹੈ।

ਇਹ ਵੀ ਪੜ੍ਹੋ-  ਪੰਜਾਬ ਦੇ ਇੱਕ ਹੋਰ ਗੱਭਰੂ ਦੀ ਅਮਰੀਕਾ 'ਚ ਮੌਤ, ਮਾਪਿਆਂ ਦਾ ਇਕਲੌਤਾ ਪੁੱਤ ਸੀ ਰਸਾਲ ਸਿੰਘ

ਡੀ.ਜੀ.ਪੀ. ਨੇ ਕਿਹਾ ਕਿ ਪਹਿਲੇ ਦੋ ਧਮਾਕੇ ਵੀ ਇਨ੍ਹਾਂ ਮੁਲਜ਼ਮਾਂ ਵੱਲੋਂ ਹੀ ਕੀਤੇ ਗਏ ਹਨ। ਮੁਲਜ਼ਮਾਂ ਨੇ ਦੱਸਿਆ ਕਿ ਪਹਿਲੇ ਧਮਾਕੇ 'ਚ 6 ਮਈ ਨੂੰ ਪਾਰਕਿੰਗ 'ਚ ਇਕ ਕੰਟੇਨਰ 'ਚ ਪਾਲੀਥੀਨ ਦੇ ਲਿਫ਼ਾਫ਼ੇ 'ਚ ਬੰਬ ਦੀ ਸਮੱਗਰੀ ਰੱਖੀ ਹੋਈ ਸੀ, ਜਿਸ ਨਾਲ ਮੋਟਾ ਧਾਗਾ ਲਟਕਿਆ ਹੋਇਆ ਸੀ। ਇਸ ਤੋਂ ਬਾਅਦ 8 ਮਈ ਨੂੰ ਸਵੇਰੇ 4 ਵਜੇ ਦੇ ਕਰੀਬ ਇਕ ਹੋਰ ਧਮਾਕਾ ਸਮੱਗਰੀ ਉਸੇ ਪਾਰਕਿੰਗ ਵਿਚ ਰੱਖੇ ਕੇ ਮੁਲਜ਼ਮ ਆਪ ਪਾਸੇ ਚਲਾ ਗਿਆ। ਬਾਅਦ 'ਚ ਜਦੋਂ ਲੰਘ ਰਹੇ ਵਿਅਕਤੀ ਨੇ ਉਸ ਧਾਗੇ ਨੂੰ ਖਿੱਚਿਆ ਤਾਂ ਉੱਥੇ  ਧਮਾਕਾ ਹੋ ਗਿਆ। ਇਹ ਘਟਨਾ ਸਵੇਰੇ 06:30 ਵਜੇ ਦੇ ਕਰੀਬ ਵਾਪਰੀ ਸੀ।

ਇਹ ਵੀ ਪੜ੍ਹੋ- ਹੈਰੀਟੇਜ ਸਟਰੀਟ ’ਚ ਹੋਏ ਧਮਾਕਿਆਂ ’ਚ ਅੱਤਵਾਦੀ ਹਮਲੇ ਦਾ ਖ਼ਦਸ਼ਾ, ਗ੍ਰਹਿ ਮੰਤਰਾਲਾ ਨੇ ਮੰਗੀ ਰਿਪੋਰਟ

ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਿਲ ਕੇ ਪਟਾਕੇ ਬਣਾਉਣ ਦੀ ਪੰਜ ਹਜ਼ਾਰ ਰੁਪਏ 'ਚ ਸਮੱਗਰੀ ਖ਼ਰੀਦੀ ਅਤੇ ਉਸ 'ਚ ਪੱਥਰ ਪਾ ਕੇ ਟਰਾਇਲ ਲਿਆ, ਜਿਸ 'ਚ ਉਹ ਸਫ਼ਲ ਰਹੇ ਤੇ ਧਮਾਕਾ ਕਰ ਲਈ ਸਮੱਗਰੀ ਇਕੱਠੀ ਕਰਨ ਲੱਗੇ। ਪੁਲਸ ਨੇ ਗਿਰੋਹ ਦੇ ਮੈਂਬਰਾਂ ਦੇ ਕਬਜ਼ੇ ਵਿਚੋਂ 1100 ਗ੍ਰਾਮ ਵਿਸਫ਼ੋਟਕ ਸਮੱਗਰੀ/ਰਸਾਇਣ ਬਰਾਮਦ ਕੀਤਾ ਹਨ। ਹੁਣ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਡੀਜੀਪੀ ਗੌਰਵ ਯਾਦਵ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਉਨ੍ਹਾਂ ਦੇ ਸਹਿਯੋਗ ਨਾਲ ਹੀ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News