ਅਹਿਮ ਖ਼ਬਰ : ਪੰਜਾਬ 'ਚ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ DGP ਨੇ ਜਾਰੀ ਕੀਤੇ ਖ਼ਾਸ ਨਿਰਦੇਸ਼

Thursday, Dec 29, 2022 - 10:50 AM (IST)

ਅਹਿਮ ਖ਼ਬਰ : ਪੰਜਾਬ 'ਚ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ DGP ਨੇ ਜਾਰੀ ਕੀਤੇ ਖ਼ਾਸ ਨਿਰਦੇਸ਼

ਜਲੰਧਰ (ਧਵਨ) : ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਨਵੇਂ ਸਾਲ ਨੂੰ ਵੇਖਦਿਆਂ ਸੂਬੇ ਭਰ ’ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਲਈ ਉੱਚ ਪੁਲਸ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਹਨ। ਡੀ. ਜੀ. ਪੀ. ਨੇ ਵੱਡੇ ਮਹਾਨਗਰਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ’ਚ ਪੁਲਸ ਕਮਿਸ਼ਨਰਾਂ ਨੂੰ ਨਵੇਂ ਸਾਲ ਦੀ ਪੂਰਬਲੀ ਸ਼ਾਮ ਨੂੰ ਹੋਣ ਵਾਲੇ ਸਮਾਗਮਾਂ ਦੌਰਾਨ ਅਮਨ-ਕਾਨੂੰਨ ਬਣਾਈ ਰੱਖਣ ਲਈ ਕਿਹਾ ਹੈ ਅਤੇ ਨਾਲ ਹੀ ਸਰਹੱਦੀ ਜ਼ਿਲ੍ਹਿਆਂ 'ਚ ਵਿਸ਼ੇਸ਼ ਸਾਵਧਾਨੀ ਰੱਖਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਪੁਲਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਡੀ. ਜੀ. ਪੀ. ਨੇ ਸਮੂਹ ਪੁਲਸ ਅਧਿਕਾਰੀਆਂ ਤੇ ਜ਼ਿਲ੍ਹਾ ਮੁਖੀਆਂ ਨੂੰ ਵਿਸ਼ੇਸ਼ ਤੌਰ ’ਤੇ ਕਿਹਾ ਹੈ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰ 'ਚ ਅਮਨ-ਸ਼ਾਂਤੀ ਨੂੰ ਭੰਗ ਨਾ ਹੋਣ ਦੇਣ ਅਤੇ ਸ਼ਰਾਰਤੀ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇ। ਠੰਡ ਕਾਰਨ ਸਰਹੱਦੀ ਇਲਾਕਿਆਂ 'ਚ ਧੁੰਦ ਦਾ ਕਹਿਰ ਵੱਧਣ ਕਾਰਨ ਇੱਥੇ ਡੀ. ਜੀ. ਪੀ. ਨੇ ਸੈਕਿੰਡ ਲਾਈਨ ਆਫ ਡਿਫੈਂਸ ਨੂੰ ਹੋਰ ਮਜ਼ਬੂਤ ਕੀਤਾ ਹੈ।

ਇਹ ਵੀ ਪੜ੍ਹੋ : Year Ender 2022 : ਪੰਜਾਬ ਦੇ ਵੱਡੇ ਕਤਲਕਾਂਡਾਂ ਨੇ ਕੰਬਾ ਛੱਡੀ ਲੋਕਾਂ ਦੀ ਰੂਹ, ਧੁਰ ਅੰਦਰ ਤੱਕ ਟੁੱਟੇ ਪਰਿਵਾਰ (ਤਸਵੀਰਾਂ)

ਇਨ੍ਹਾਂ ਥਾਵਾਂ ’ਤੇ ਲਾਏ ਗਏ ਨਾਕਿਆਂ ’ਤੇ ਪੁਲਸ ਮੁਲਾਜ਼ਮਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ। ਪੁਲਸ ਨੂੰ ਬੀ. ਐੱਸ. ਐੱਫ. ਦੇ ਨਾਲ ਤਾਲਮੇਲ ਬਣਾ ਕੇ ਚੱਲਣ ਲਈ ਕਿਹਾ ਗਿਆ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਧੁੰਦ ਕਾਰਨ ਸਰਹੱਦ ਪਾਰੋਂ ਨਸ਼ੇ ਵਾਲੇ ਪਦਾਰਥ ਤੇ ਹਥਿਆਰ ਭੇਜਣ ਦੀਆਂ ਘਟਨਾਵਾਂ 'ਚ ਵਾਧਾ ਹੋਣ ਦੇ ਖ਼ਦਸ਼ੇ ਨੂੰ ਵੇਖਦਿਆਂ ਡੀ. ਜੀ. ਪੀ. ਨੇ ਸਰਹੱਦੀ ਇਲਾਕਿਆਂ 'ਚ ਤਾਇਨਾਤ ਅਧਿਕਾਰੀਆਂ ਨੂੰ ਅਗਲੇ ਇਕ ਮਹੀਨੇ ਤੱਕ ਪੂਰੀ ਤਰ੍ਹਾਂ ਚੌਕਸ ਰਹਿਣ ਲਈ ਕਿਹਾ ਹੈ। ਪਿਛਲੇ ਕੁੱਝ ਸਮੇਂ ਤੋਂ ਸਰਹੱਦੀ ਇਲਾਕਿਆਂ 'ਚ ਡਰੋਨ ਆਉਣ ਦੀਆਂ ਘਟਨਾਵਾਂ 'ਚ ਵਾਧਾ ਹੋਇਆ ਹੈ। ਇਸ ਨੂੰ ਵੇਖਦਿਆਂ ਡਰੋਨਾਂ ਰਾਹੀਂ ਨਸ਼ੇ ਵਾਲੇ ਪਦਾਰਥ ਤੇ ਹਥਿਆਰ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਕਿਹਾ ਗਿਆ ਹੈ। ਪੰਜਾਬ ਪੁਲਸ ਨੇ ਕੇਂਦਰੀ ਏਜੰਸੀਆਂ ਨਾਲ ਵੀ ਤਾਲਮੇਲ ਬਣਾਇਆ ਹੋਇਆ ਹੈ। ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਸਰਹੱਦੀ ਇਲਾਕਿਆਂ 'ਚ ਸ਼ੱਕੀ ਵਿਅਕਤੀਆਂ ਦੀਆਂ ਸਰਗਰਮੀਆਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾਵੇ।

ਇਹ ਵੀ ਪੜ੍ਹੋ : ਅਲਵਿਦਾ 2022 : ਪੰਜਾਬ ਦੇ ਦਿੱਗਜ ਸਿਆਸਤਦਾਨਾਂ ਲਈ ਕੰਡਿਆਲੀ ਸੇਜ ਰਿਹਾ ਪੂਰਾ ਸਾਲ, ਕਦੇ ਨਹੀਂ ਭੁੱਲੇਗਾ
ਸ਼ੱਕੀ ਨਾਬਾਲਗਾਂ ’ਤੇ ਰੱਖੀ ਜਾ ਰਹੀ ਹੈ ਵਿਸ਼ੇਸ਼ ਨਜ਼ਰ
ਪੰਜਾਬ ਪੁਲਸ ਵੱਲੋਂ ਸੂਬੇ 'ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਚੁੱਕੇ ਗਏ ਕਦਮਾਂ ਤਹਿਤ ਸ਼ੱਕੀ ਨਾਬਾਲਗਾਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਇਨ੍ਹਾਂ ਨਾਬਾਲਗਾਂ ਨੂੰ ਪਿਛਲੇ ਕੁੱਝ ਸਮੇਂ ਤੋਂ ਦੇਸ਼ ਵਿਰੋਧੀ ਅਨਸਰਾਂ ਤੇ ਗੈਂਗਸਟਰਾਂ ਵਲੋਂ ਆਪਣੇ ਮਿਸ਼ਨ ਨੂੰ ਕਾਮਯਾਬ ਕਰਨ ਲਈ ਵਰਤਿਆ ਜਾ ਰਿਹਾ ਹੈ। ਪਿਛਲੇ ਕੁੱਝ ਸਾਲਾਂ ਦੌਰਾਨ ਇਨ੍ਹਾਂ ਨਾਬਾਲਗ ਬੱਚਿਆਂ ਨੂੰ ਲਾਲਚ ਦੇ ਕੇ ਉਨ੍ਹਾਂ ਕੋਲੋਂ ਹਿੰਸਕ ਵਾਰਦਾਤਾਂ ਕਰਵਾਈਆਂ ਗਈਆਂ ਹਨ, ਇਸ ਲਈ ਕੇਂਦਰੀ ਇੰਟੈਲੀਜੈਂਸ ਵਿੰਗ ਤੇ ਪੰਜਾਬ ਪੁਲਸ ਦੋਹਾਂ ਦੀਆਂ ਨਜ਼ਰਾਂ ਇਨ੍ਹਾਂ ਨਾਬਾਲਗ ਬੱਚਿਆਂ ’ਤੇ ਟਿਕੀਆਂ ਹੋਈਆਂ ਹਨ। ਸਰਹੱਦੀ ਇਲਾਕਿਆਂ ’ਚ ਵੀ ਨਾਬਾਲਗਾਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News