ਵੱਡੀ ਖ਼ਬਰ : 2 ਮਹੀਨੇ ਦੀ ਛੁੱਟੀ 'ਤੇ ਗਏ ਪੰਜਾਬ ਦੇ DGP, ਕਾਰਜਕਾਰੀ DGP ਲਾਉਣ ਦੀ ਤਿਆਰੀ 'ਚ ਸਰਕਾਰ
Saturday, Jul 02, 2022 - 01:19 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਡੀ. ਜੀ. ਪੀ. ਵੀਰੇਸ਼ ਕੁਮਾਰ ਭਾਵਰਾ ਵੱਲੋਂ ਦਿੱਤੀ ਗਈ 2 ਮਹੀਨੇ ਦੀ ਛੁੱਟੀ ਦੀ ਅਰਜ਼ੀ ਮਨਜ਼ੂਰ ਹੋ ਗਈ ਹੈ। ਡੀ. ਜੀ. ਪੀ. ਦੇ ਛੁੱਟੀ 'ਤੇ ਜਾਣ ਦੀ ਇਹ ਅਰਜ਼ੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨਜ਼ੂਰ ਕੀਤੀ ਗਈ ਹੈ। ਦੱਸ ਦੇਈਏ ਕਿ ਡੀ. ਜੀ. ਪੀ. ਵੀਰੇਸ਼ ਕੁਮਾਰ ਭਾਵਰਾ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਦਫ਼ਤਰ ਨੂੰ ਇਕ ਚਿੱਠੀ ਭੇਜ ਕੇ 2 ਮਹੀਨਿਆਂ ਲਈ ਛੁੱਟੀ 'ਤੇ ਜਾਣ ਦੀ ਇਜਾਜ਼ਤ ਮੰਗੀ ਸੀ ਪਰ ਮੁੱਖ ਮੰਤਰੀ ਦੇ ਦਿੱਲੀ 'ਚ ਹੋਣ ਕਾਰਨ ਬੀਤੇ ਦਿਨ ਇਸ ਬਾਰੇ ਫ਼ੈਸਲਾ ਨਹੀਂ ਲਿਆ ਜਾ ਸਕਿਆ ਸੀ।
ਇਹ ਵੀ ਪੜ੍ਹੋ : 'ਪੰਜਾਬ ਕੈਬਨਿਟ' 'ਚ ਹੋਣ ਜਾ ਰਿਹੈ ਵੱਡਾ ਫੇਰਬਦਲ, ਇਸ ਦਿਨ ਸਹੁੰ ਚੁੱਕਣਗੇ ਨਵੇਂ ਮੰਤਰੀ
ਡੀ. ਜੀ. ਪੀ. ਦੇ ਛੁੱਟੀ 'ਤੇ ਜਾਣ ਤੋਂ ਬਾਅਦ ਸੂਬਾ ਸਰਕਾਰ ਉਨ੍ਹਾਂ ਦੀ ਥਾਂ 'ਤੇ ਜਲਦ ਹੀ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕਰ ਸਕਦੀ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦਫ਼ਤਰ ਨਾਲ ਜੁੜੇ ਆਈ. ਪੀ. ਐੱਸ. ਅਧਿਕਾਰੀ ਗੌਰਵ ਯਾਦਵ ਅਤੇ ਹਰਪ੍ਰੀਤ ਸਿੰਘ ਸਿੱਧੂ ਨੂੰ ਕਾਰਜਕਾਰੀ ਡੀ. ਜੀ. ਪੀ. ਦਾ ਚਾਰਜ ਦਿੱਤਾ ਜਾ ਸਕਦਾ ਹੈ। ਇਹ ਦੋਵੇਂ ਅਧਿਕਾਰੀ ਇਸ ਸਮੇਂ ਜੇਲ੍ਹ ਪ੍ਰਸ਼ਾਸਨ ਅਤੇ ਨਸ਼ਿਆਂ ਖ਼ਿਲਾਫ਼ ਐੱਸ. ਟੀ. ਐੱਫ. ਦਾ ਕੰਮ ਦੇਖ ਰਹੇ ਹਨ।
ਇਹ ਵੀ ਪੜ੍ਹੋ : ਸੰਗਰੂਰ 'ਚ ਰੂਹ ਕੰਬਾਊ ਘਟਨਾ : 5 ਸਾਲਾ ਧੀ ਦਾ ਕਤਲ ਕਰ ਔਰਤ ਨੇ ਕੀਤੀ ਖ਼ੁਦਕੁਸ਼ੀ, ਪਤੀ ਨੇ ਖੋਹਿਆ ਆਪਾ
ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਪੰਜਾਬ ਸਰਕਾਰ ਅਤੇ ਕੇਂਦਰ ਨੂੰ ਪੱਤਰ ਭੇਜ ਕੇ ਡੀ. ਜੀ. ਪੀ. ਵੀਰੇਸ਼ ਕੁਮਾਰ ਭਾਵਰਾ ਵੱਲੋਂ ਕੇਂਦਰੀ ਡੈਪੁਟੇਸ਼ਨ 'ਤੇ ਜਾਣ ਦੀ ਇੱਛਾ ਜ਼ਾਹਰ ਕੀਤੀ ਗਈ ਸੀ। ਭਾਵੇਂ ਹੀ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਵੀ. ਕੇ. ਭਾਵਰਾ ਨੂੰ 2 ਸਾਲਾਂ ਲਈ ਡੀ. ਜੀ. ਪੀ. ਦੀ ਕੁਰਸੀ ਤੋਂ ਹਟਾਇਆ ਨਹੀਂ ਜਾ ਸਕਦਾ ਪਰ ਸਰਕਾਰ ਨਾਲ ਤਾਲਮੇਲ ਦੀ ਘਾਟ ਕਾਰਨ ਉਹ ਕੇਂਦਰੀ ਡੈਪੂਟੇਸ਼ਨ ਦਾ ਰਾਹ ਅਪਣਾ ਕੇ ਛੁੱਟੀ 'ਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਪਣੇ ਅਨੁਸਾਰ ਪੁਲਸ ਮੁਖੀ ਦੀ ਤਾਇਨਾਤੀ ਕਰ ਸਕੇ।
ਇਹ ਵੀ ਦੱਸ ਦੇਈਏ ਕਿ ਹਾਲ ਹੀ 'ਚ ਹੋਈ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੌਰਾਨ ਅਮਨ-ਕਾਨੂੰਨ ਇਕ ਵੱਡਾ ਮੁੱਦਾ ਬਣ ਕੇ ਉੱਭਰਿਆ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਸਮੇਂ ਤੋਂ ਹੀ ਵਧੀਆਂ ਦੂਰੀਆਂ ਸਰਕਾਰ ਅਤੇ ਡੀ. ਜੀ. ਪੀ. ਵਿਚਾਲੇ ਹੋਰ ਡੂੰਘੀਆਂ ਹੋ ਗਈਆਂ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ